ਬੱਚਿਆਂ ਨੂੰ ਫੇਸਬੁੱਕ-ਇੰਸਟਾ ‘ਤੇ ਲਾਈਕਸ ਦਾ ਆਦੀ ਬਣਾ ਰਿਹਾ ਹੈ ਮੇਟਾ, ਅਮਰੀਕਾ ਦੇ ਸੂਬਿਆਂ ਨੇ ਮੁਕੱਦਮਾ ਕੀਤਾ ਦਾਇਰ

ਨਿਊਯਾਰਕ ਅਤੇ ਕੈਲੀਫੋਰਨੀਆ ਸਮੇਤ ਕਈ ਅਮਰੀਕੀ ਸੂਬਿਆਂ ਨੇ ਮੈਟਾ ਪਲੇਟਫਾਰਮ ਇੰਕ. ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ। ਇਸ ਵਿੱਚ ਇਹ ਦੋਸ਼ ਲਗਾਇਆ ਗਿਆ ਹੈ ਕਿ ਮੈਟਾ ਜਾਣਬੁੱਝ ਕੇ ਇੰਸਟਾਗ੍ਰਾਮ ਅਤੇ ਫੇਸਬੁੱਕ ਲਈ ਅਜਿਹੇ ਫੀਚਰ ਤਿਆਰ ਕਰ ਰਿਹਾ ਹੈ, ਜੋ ਬੱਚਿਆਂ ਨੂੰ ਕੰਪਨੀ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਆਦੀ ਬਣਾਉਂਦੇ ਹਨ ਅਤੇ ਨੌਜਵਾਨਾਂ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਉਨ੍ਹਾਂ ਵਿੱਚ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਵੀ ਵਧਾਵਾ ਦਿੰਦੇ ਹਨ।

33 ਸੂਬਿਆਂ ਦੀ ਤਰਫੋਂ ਕੈਲੀਫੋਰਨੀਆ ਦੀ ਸੰਘੀ ਅਦਾਲਤ ਵਿੱਚ ਦਾਇਰ ਕੀਤੇ ਗਏ ਮੁਕੱਦਮੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੈਟਾ ਨਿਯਮ ਦੀ ਉਲੰਘਣਾ ਕਰਦੇ ਹੋਏ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਡਾਟਾ ਉਹਨਾਂ ਦੇ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਇਕੱਠਾ ਕਰਦੀ ਹੈ। ਇਸ ਤੋਂ ਇਲਾਵਾ ਨੌਂ ਅਟਾਰਨੀ ਜਨਰਲ ਵੀ ਆਪੋ-ਆਪਣੇ ਸੂਬਿਆਂ ਵਿੱਚ ਮੈਟਾ ਵਿਰੁੱਧ ਮੁਕੱਦਮੇ ਦਾਇਰ ਕਰ ਰਹੇ ਹਨ, ਜਿਸ ਨਾਲ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਵਾਲੇ ਸੂਬਿਆਂ ਦੀ ਗਿਣਤੀ 41 ਹੋ ਗਈ ਹੈ। ਮੁਕੱਦਮੇ ਵਿੱਚ ਕਿਹਾ ਗਿਆ ਹੈ, “ਮੈਟਾ ਨੇ ਨੌਜਵਾਨਾਂ ਅਤੇ ਅਲ੍ਹੜ ਉਮਰ ਦੇ ਨਾਬਾਲਗਾਂ ਨੂੰ ਆਕਰਸ਼ਿਤ ਕਰਨ, ਰੁਝਾਉਣ ਅਤੇ ਅੰਤ ਵਿੱਚ ਭਰਮਾਉਣ ਲਈ ਸ਼ਕਤੀਸ਼ਾਲੀ ਅਤੇ ਬੇਮਿਸਾਲ ਤਕਨੀਕਾਂ ਦੀ ਵਰਤੋਂ ਕੀਤੀ।” ਇਸਦਾ ਉਦੇਸ਼ ਲਾਭ ਕਮਾਉਣਾ ਅਤੇ ਵੱਧ ਤੋਂ ਵੱਧ ਵਿੱਤੀ ਲਾਭ ਪ੍ਰਾਪਤ ਕਰਨਾ ਹੈ।”