ਅੰਤਿਮ ਅਰਦਾਸ ਮੌਕੇ ਪੁੱਜੀਆਂ ਅਹਿਮ ਸ਼ਖਸ਼ੀਅਤਾਂ

ਬੀਬੀ ਗੁਰਮੀਤ ਕੌਰ ਬੈਂਸ ਨੇ ਆਪਣਾ ਸਵਾਰਥ ਤੇ ਪਰਮਾਰਥ ਸੰਵਾਰਿਆ – ਪ੍ਰੋ.ਅਪਿੰਦਰ ਸਿੰਘ

ਮਾਹਿਲਪੁਰ (ਹਰਵੀਰ ਮਾਨ)

ਨਗਰ ਕੌਂਸਲ ਮਾਹਿਲਪੁਰ ਦੀ ਸਾਬਕਾ ਪ੍ਰਧਾਨ ਅਤੇ ਐਮਸੀ ਬੀਬੀ ਗੁਰਮੀਤ ਕੌਰ ਬੈਂਸ ਨੇ ਆਪਣੀ ਧਾਰਮਿਕ ਬਿਰਤੀ ਨਾਲ ਆਪਣਾ ਪਰਮਾਰਥ ਅਤੇ ਸਵਾਰਥ ਦੋਨਾਂ ਨੂੰ ਸੰਵਾਰਿਆ l ਇਹ ਵਿਚਾਰ ਸਿੱਖ ਵਿਦਿਅਕ ਕੌਂਸਲ ਦੇ ਜਨਰਲ ਸਕੱਤਰ ਪ੍ਰੋ.ਅਪਿੰਦਰ ਸਿੰਘ ਨੇ ਬੀਬੀ ਗੁਰਮੀਤ ਕੌਰ ਬੈਂਸ ਨੂੰ ਉਨਾਂ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਂਟ ਕਰਦਿਆਂ ਆਖੇ l ਉਹਨਾਂ ਅੱਗੇ ਕਿਹਾ ਕਿ ਉਹ ਹਮੇਸ਼ਾ ਸ਼ਬਦ ਸਾਧਨਾ ਨਾਲ ਜੁੜੇ ਰਹੇ ਜਿਸ ਬਦੌਲਤ ਪਰਿਵਾਰ, ਵਿਦਿਆਰਥੀ ਅਤੇ ਸਮਾਜ ਉਹਨਾਂ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਦੇ ਰਹੇ l ਮੰਚ ਸੰਚਾਲਨ ਕਰਦਿਆਂ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਕਿਹਾ ਕਿ ਉਹ ਇੱਕ ਸਫਲ ਪ੍ਰਬੰਧਕ ਅਤੇ ਸਮਰਪਿਤ ਅਧਿਆਪਕਾ ਸਨ। ਸੀਐਚਟੀ ਦੇ ਅਹੁਦੇ ਤੇ ਰਹਿੰਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਮਾਹਿਲਪੁਰ ਨੂੰ ਜ਼ਿਲੇ ਦਾ ਅਵਲ ਦਰਜਾ ਸਕੂਲ ਬਣਾਉਣ ਦਾ ਮਾਣ ਹਾਸਿਲ ਕੀਤਾ। ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਐਮਐਲਏ ਨੇ ਸ਼ਰਧਾ ਸੁਮਨ ਭੇਟ ਕਰਦਿਆਂ ਕਿਹਾ ਕਿ ਉਹ ਆਪਣੇ ਕਿੱਤੇ ਪ੍ਰਤੀ ਇੰਨੇ ਸਮਰਪਿਤ ਸਨ ਕਿ ਆਪਣੇ ਫਰਜ਼ਾਂ ਦੀ ਅਦਾਇਗੀ ਵਿੱਚ ਕਦੀ ਢਿੱਲ ਮੱਠ ਨਾ ਕਰਦੇ l ਲੋੜਵੰਦ ਬੱਚਿਆਂ ਦੀ ਸਹਾਇਤਾ ਅਤੇ ਉਨਾਂ ਨੂੰ ਸਹੀ ਦਿਸ਼ਾ ਦੇਣੀ ਉਹਨਾਂ ਦਾ ਮੁੱਖ ਟੀਚਾ ਰਿਹਾ। ਨਿਮਸ਼ਾ ਮਹਿਤਾ ਨੇ ਬੈਂਸ ਪਰਿਵਾਰ ਨਾਲ ਆਪਣੀ ਡੂੰਘੀ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੀਬੀ ਜੀ ਦਾ ਪਿਆਰ,ਸਤਿਕਾਰ, ਮੁਹੱਬਤ, ਦ੍ਰਿੜਤਾ,ਹੌਸਲਾ, ਇਮਾਨਦਾਰੀ,ਅਤੇ ਨਿਸ਼ਚੇ ਨਾਲ ਕਾਰਜ ਕਰਨ ਦਾ ਸੁਭਾਅ ਸੀ l ਉਹ ਨਗਰ ਕੌਂਸਲ ਮਾਹਿਲਪੁਰ ਦੇ ਤਾਉਮਰ ਕੌਂਸਲਰ ਬਣੇ ਰਹੇ l ਬਾਦਲ ਸਰਕਾਰ ਦੇ ਮੀਡੀਆ ਐਡਵਾਈਜ਼ਰ ਹਰਚਰਨ ਬੈਂਸ ਨੇ ਗਿਆਨੀ ਹਰਕੇਵਲ ਸਿੰਘ ਸੈਲਾਨੀ ਅਤੇ ਬੀਬੀ ਬੈਂਸ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਬੀਬੀ ਜੀ ਨਗਰ ਕੌਂਸਲ ਮਾਹਿਲਪੁਰ ਦੇ ਪ੍ਰਧਾਨ ਬਣੇ ਤਾਂ ਉਹਨਾਂ ਮਾਹਿਲਪੁਰ ਨੂੰ ਨਵੀਆਂ ਦਿਸ਼ਾਵਾਂ ਵੱਲ ਤੋਰਨ ਦੇ ਯਤਨ ਆਰੰਭੇ l

ਅਮਰਜੀਤ ਸਿੰਘ ਸਮਰਾ ਸਾਬਕਾ ਕੈਬਨਟ ਮੰਤਰੀ ਨੇ ਬੈਂਸ ਪਰਿਵਾਰ ਦੀਆਂ ਖੇਡ ਖੇਤਰ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੀਬੀ ਗੁਰਮੀਤ ਕੌਰ ਬੈਂਸ ਨੇ ਆਪਣੇ ਪਰਿਵਾਰ ਵਿੱਚ ਰਿਕਾਰਡਰ ਪੈਦਾ ਕੀਤੇ l ਉਹਨਾਂ ਦੇ ਜੀਵਨ ਸਾਥੀ ਗਿਆਨੀ ਹਰਕੇਵਲ ਸਿੰਘ ਸੈਲਾਨੀ ਕੌਮੀ ਪੁਰਸਕਾਰ ਜੇਤੂ ਪੰਜਾਬੀ ਦੇ ਅਧਿਆਪਕ ਅਤੇ ਉੱਘੇ ਲੇਖਕ ਸਨ। ਜਿਨਾਂ ਨੇ ਆਪਣੇ ਜੀਵਨ ਵਿੱਚ 24 ਖੋਜ ਭਰਪੂਰ ਕੀਮਤੀ ਕਿਤਾਬਾਂ ਲਿਖੀਆਂ ਤੇ ਪਾਠਕਾਂ ਨੂੰ ਮੁਫਤ ਵੰਡੀਆਂ l ਉਹਨਾਂ ਦਾ ਵੱਡਾ ਬੇਟਾ ਜਗਦੀਪ ਸਿੰਘ ਰੂਬੀ ਅਮਰੀਕਾ ਵਿੱਚ ਚੀਫ ਇੰਜਨੀਅਰ ਸੀ l ਬਹੂ ਮਾਧਰੀ ਏ ਸਿੰਘ ਅਥਲੈਟਿਕਸ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪ੍ਰਾਪਤੀਆਂ ਨਾਲ ਅਰਜਨਾ ਅਵਾਰਡ ਜੇਤੂ ਬਣੀ l ਛੋਟਾ ਬੇਟਾ ਅਮਨਦੀਪ ਸਿੰਘ ਬੈਂਸ ਸੈਫ ਖੇਡਾਂ ਦਾ 1500 ਮੀਟਰ ਦਾ ਰਿਕਾਰਡਰ ਹੈ l ਪੋਤਰੀ ਹਰਮਿਲਨ ਬੈਂਸ ਨੇ 2023 ਦੀਆਂ ਏਸ਼ੀਅਨ ਖੇਡਾਂ ਵਿੱਚ ਦੋ ਮੈਡਲ ਜਿੱਤ ਕੇ ਪਰਿਵਾਰ ਦੇ ਨਾਂ ਨੂੰ ਹੋਰ ਉੱਚਾ ਕਰ ਦਿੱਤਾ। ਇਸੇ ਤਰ੍ਹਾਂ ਪੋਤਰਾ ਸ਼ਾਨਦੀਪ 10 ਮੀਟਰ ਪਿਸਟਲ ਸ਼ੂਟਿੰਗ ਵਿੱਚ ਪੰਜਾਬ ਚੈਂਪੀਅਨ ਬਣਿਆ ਹੋਇਆ ਹੈ। ਇਹਨਾਂ ਸਭ ਪ੍ਰਾਪਤੀਆਂ ਪਿੱਛੇ ਬੀਬੀ ਗੁਰਮੀਤ ਕੌਰ ਦਾ ਵਿਸ਼ੇਸ਼ ਯੋਗਦਾਨ ਹੈ। ਪਰਿਵਾਰਕ ਸਾਥੀਆਂ ਦੀ ਨੁਮਾਇੰਦਗੀ ਕਰਦਿਆਂ ਹਰਵਿੰਦਰ ਸਿੰਘ ਬਾਠ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਗਿਆਨੀ ਜੀ ਦੁਆਰਾ ਪਾਈਆਂ ਪਿਰਤਾਂ ਨੂੰ ਵੀ ਕਾਇਮ ਰੱਖਦੇ ਰਹੇ l ਸਾਹਿਤਕ, ਖੇਡਾਂ, ਸਮਾਜਿਕ ਅਤੇ ਸੱਭਿਆਚਾਰਕ ਸਮਾਰੋਹਾਂ ਦੀ ਸਰਪ੍ਰਸਤੀ ਕਰਨਾ ਅਤੇ ਰਚਨਾਤਮਕ ਸੋਚ ਵਾਲਿਆਂ ਨੂੰ ਸ਼ਾਬਾਸ਼ ਦੇਣਾ ਉਹਨਾਂ ਦੇ ਸੁਭਾਅ ਵਿੱਚ ਸ਼ਾਮਿਲ ਸੀ। ਪ੍ਰੋ.ਅਜੀਤ ਲੰਗੇਰੀ ਦਾ ਕਹਿਣਾ ਸੀ ਕਿ ਸਰਬੱਤ ਦਾ ਭਲਾ ਕਰਨ ਵਿੱਚ ਵਿਸ਼ਵਾਸ ਰੱਖਣਾ ਅਤੇ ਹਰ ਲੋੜਵੰਦ ਦੀ ਸਹਾਇਤਾ ਕਰਦੇ ਰਹਿਣਾ ਉਹਨਾਂ ਦਾ ਸਾਰਾ ਜੀਵਨ ਕਰਮ ਰਿਹਾ l ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਬੀਬੀ ਜੀ ਦੁਆਰਾ ਪਾਈਆਂ ਪੈੜਾਂ ਸਾਨੂੰ ਸਦਾ ਪ੍ਰੇਰਨਾ ਦਿੰਦੀਆਂ ਰਹਿਣਗੀਆਂ l

ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸਹਿਜ ਪਾਠ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਜਗਜੀਤ ਸਿੰਘ ਨੂਰ ਦੇ ਜੱਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ l ਸ਼ਰਧਾਂਜਲੀ ਸਮਾਗਮ ਵਿਚ ਕੁਲਵਿੰਦਰ ਸਿੰਘ, ਬੱਗਾ ਸਿੰਘਾ ਆਰਟਿਸਟ, ਕ੍ਰਿਸ਼ਨਜੀਤ ਰਾਓ ਕੈਂਡੋਵਾਲ,ਅਵਤਾਰ ਲੰਗੇਰੀ ਸਟੇਟ ਅਵਾਰਡੀ ਟੀਚਰ, ਗੁਰਦੇਵ ਸਿੰਘ ਗਿੱਲ ਅਰਜਨ ਅਵਾਰਡੀ, ਸ਼ਵਿੰਦਰਜੀਤ ਸਿੰਘ ਬੈਂਸ ਰਿਟਾਇਰਡ ਐਸਪੀ, ਰੋਸ਼ਨਜੀਤ ਸਿੰਘ ਪਨਾਮ,ਬਲਰਾਜ ਸਿੰਘ ਚੌਹਾਨ ਸਾਈਕਲਿਸਟ, ਤਲਵਿੰਦਰ ਹੀਰ, ਜਸਵੰਤ ਸਿੰਘ ਸੀਹਰਾ,ਦਲਜੀਤ ਸਿੰਘ ਬੈਂਸ, ਰਘੁਵੀਰ ਸਿੰਘ ਕਲੋਆ, ਗੁਰਮਿੰਦਰ ਕੈਂਡੋਵਾਲ, ਪ੍ਰਿੰ. ਪਰਵਿੰਦਰ ਸਿੰਘ, ਪ੍ਰਿੰ. ਹਰਜਿੰਦਰ ਸਿੰਘ ਗਿੱਲ ਐਮਡੀ, ਪ੍ਰਿੰ. ਅਵਤਾਰ ਸਿੰਘ,ਪ੍ਰਿੰ. ਹਰਭਜਨ ਸਿੰਘ, ਪ੍ਰਿ. ਇੰਦਰਜੀਤ ਸਿੰਘ, ਪ੍ਰਿੰ.ਮਹਿੰਦਰ ਸਿੰਘ, ਜੈਲਦਾਰ ਗੁਰਿੰਦਰ ਸਿੰਘ ਬੈਂਸ, ਹਰਦੇਵ ਸਿੰਘ ਢਿੱਲੋਂ, ਸੰਤੋਖ ਸਿੰਘ, ਮੱਖਣ ਸਿੰਘ, ਗੁਰਦੀਪ ਸਿੰਘ,ਗੁਰਪ੍ਰੀਤ ਸਿੰਘ,ਡਾ.ਅਵਤਾਰ ਸਿੰਘ, ਸਤਨਾਮ ਸਿੰਘ, ਸਰਬਜੀਤ ਸਿੰਘ, ਸੰਦੀਪ ਸੈਣੀ, ਠੇਕੇਦਾਰ ਜਗਜੀਤ ਸਿੰਘ,ਦਵਿੰਦਰ ਸਿੰਘ ਬੈਂਸ, ਨਰਿੰਦਰ ਅਬਰੋਲ, ਸੁਖਮਿੰਦਰ ਸਿੰਘ ਬੈਂਸ, ਸੁਰਿੰਦਰ ਸਿੰਘ ਸਮੇਤ ਵਿਦਿਅਕ, ਰਾਜਸੀ, ਮੀਡਿਆ,ਧਾਰਮਿਕ,ਸਾਹਿਤਕ, ਸੱਭਿਆਚਾਰਕ,ਖੇਡ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਬਹੁ -ਗਿਣਤੀ ਵਿੱਚ ਸ਼ਾਮਿਲ ਹੋਏ l