‘ਇੰਡੀਆ’ ਦੀਆਂ ਪਾਰਟੀਆਂ ਨਿੱਜਤਾ ਤੋਂ ਉੱਪਰ ਉੱਠ ਕੇ ਚੋਣਾਂ ਲੜਣ

ਮਮਤਾ ਦੇ ਰਾਜਨੀਤੀ ਚਾਲਬਾਜੀ ਵਾਲੇ ਬਿਆਨ ‘ਇੰਡੀਆ’ ਲਈ ਖਤਰਨਾਕ

ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ, ਇਸ ਵਿੱਚ ਸਾਰੇ ਧਰਮਾਂ ਨੂੰ ਪੂਰਨ ਆਜ਼ਾਦੀ ਹੈ, ਪਰ ਦੇਸ਼ ਤੇ ਰਾਜ ਕਰ ਰਹੀ ਭਾਰਤੀ ਜਨਤਾ ਪਾਰਟੀ ਫਿਰਕੂ ਪਾਰਟੀ ਹੈ ਇਸ ਕਰਕੇ ਹੀ ਦੇਸ਼ ਵਿੱਚ ਘੱਟ ਗਿਣਤੀਆਂ ਤੇ ਲਗਾਤਾਰ ਹਮਲੇ ਹੋ ਰਹੇ ਹਨ। ਆਮ ਲੋਕ ਸਰਕਾਰ ਦੀਆਂ ਇਹਨਾਂ ਨੀਤੀਆਂ ਤੋਂ ਸੰਤੁਸ਼ਟ ਨਾ ਹੋਣ ਸਦਕਾ ਚਿੰਤਤ ਹਨ। ਹੁਣ ਲੋਕਾਂ ਦੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੇ ਉਮੀਦਾਂ ਹਨ ਕਿ ਰਾਜਨੀਤੀ ਕੋਈ ਸੁਖ਼ਦ ਰਾਹ ਵਿਖਾਵੇਗੀ। ਇਹ ਸੱਚਾਈ ਹੈ ਕਿ ਰਾਜਨੀਤੀ ਹੈ ਤਾਂ ਸਿਆਣਪ ਨਾਲ ਵੱਡੇ ਫੈਸਲੇ ਲੈਣ ਵਾਲਾ ਇੱਕ ਖੇਤਰ, ਪਰ ਸੱਤ੍ਹਾ ਹਾਸਲ ਕਰਨ ਲਈ ਕੀਤੀਆਂ ਜਾਣ ਵਾਲੀ ਚਲਾਕੀਆਂ ਤੇ ਬੇਈਮਾਨੀਆਂ ਨੇ ਇਸਨੂੰ ਬਦਨਾਮ ਕਰ ਦਿੱਤਾ ਹੈ।

ਭਾਜਪਾ ਹਿੰਦੂ ਵੋਟਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਰਾਮ ਮੰਦਰ ਉਸਾਰਨ ਜਾਂ ਪਾਕਿਸਤਾਨ ਵਿਰੁੱਧ ਪ੍ਰਚਾਰ ਕਰਕੇ ਲਾਹਾ ਲੈਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ। ਉਸਨੇ ਆਪਣੇ ਪੈਰ ਮਜਬੂਤੀ ਨਾਲ ਜਮਾਏ ਹੋਏ ਹਨ। ਦੂਜੇ ਪਾਸੇ ਕਾਂਗਰਸ ਪਾਰਟੀ ਜਿਸਦਾ ਆਧਾਰ ਧਰਮ ਨਿਰਪੱਖ ਹੈ, ਲੰਬਾ ਸਮਾਂ ਰਾਜ ਕਰਦਿਆਂ ਉਸਨੇ ਹਮੇਸ਼ਾਂ ਘੱਟ ਗਿਣਤੀਆ ਦੀ ਰਾਖੀ ਵੀ ਕੀਤੀ, ਉਹ ਪਿਛਲੇ ਦੋ ਕੁ ਦਹਾਕਿਆਂ ਤੋਂ ਕਮਜੋਰ ਸਥਿਤੀ ਵਿੱਚ ਦਿਖਾਈ ਦੇ ਰਹੀ ਹੈ। ਦੇਸ਼ ਵਿੱਚ ਦਰਜ਼ਨਾਂ ਹੋਰ ਖੇਤਰੀ ਪਾਰਟੀਆਂ ਹਨ, ਜੋ ਭਾਜਪਾ ਦੀਆਂ ਨੀਤੀਆਂ ਦੀ ਵਿਰੋਧੀ ਹਨ, ਅਜਿਹੇ ਮੌਕੇ ਜਿਹਨਾਂ ਭਾਜਪਾ ਦੇ ਮੁਕਾਬਲੇ ਵਿੱਚ ਕਾਂਗਰਸ ਅਤੇ ਹੋਰ ਖੇਤਰੀ ਪਾਰਟੀਆਂ ਨੇ ਇੱਕਠੇ ਹੋ ਕੇ ਭਾਜਪਾ ਨੂੰ ਸੱਤ੍ਹਾ ਤੋਂ ਲਾਂਭੇ ਕਰਨ ਦਾ ਮਨ ਬਣਾਇਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਕੱਲੀ ਕਾਂਗਰਸ ਪਾਰਟੀ ਭਾਵੇਂ ਦੂਜੀਆਂ ਪਾਰਟੀਆਂ ਨਾਲੋਂ ਵੱਡੇ ਆਧਾਰ ਵਾਲੀ ਹੈ ਅਤੇ ਲੰਬਾ ਸਮਾਂ ਦੇਸ਼ ਤੇ ਰਾਜ ਕਰਦੀ ਰਹੀ ਹੈ, ਪਰ ਹੁਣ ਭਾਜਪਾ ਦਾ ਇਕੱਲਿਆਂ ਮੁਕਾਬਲਾ ਕਰਕੇ ਉਸਤੋਂ ਸੱਤ੍ਹਾ ਖੋਹਣ ਦੇ ਸਮਰੱਥ ਨਹੀਂ ਹੈ। ਇਸ ਲਈ ਕਾਂਗਰਸ ਸਮੇਤ ਕਈ ਹੋਰ ਖੇਤਰੀ ਪਾਰਟੀਆਂ ਨੇ ਰਲ ਕੇ ਨਵਾਂ ਗੱਠਜੋੜ ‘‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇੰਨਕਲੂਸਿਵ ਅਲਾਇੰਸ’’ ਬਣਾਇਆ ਹੈ, ਜਿਸਨੂੰ ਛੋਟੇ ਨਾਂ ‘ਇੰਡੀਆ’ ਨਾਲ ਪ੍ਰਚਾਰਿਆ ਜਾ ਰਿਹਾ ਹੈ।

ਜਦੋਂ ਕੋਈ ਗੱਠਜੋੜ ਹੁੰਦਾ ਹੈ ਤਾਂ ਹਮੇਸ਼ਾਂ ਪ੍ਰਧਾਨ ਮੰਤਰੀ ਦੇ ਅਹੁਦੇ ਬਾਰੇ ਰੌਲਾ ਉੱਠ ਖੜ੍ਹਦਾ ਹੈ। ਇਸ ਵਾਰ ਇਸ ਗੱਠਜੋੜ ਨੇ ਫੈਸਲਾ ਕੀਤਾ ਕਿ ਪਹਿਲਾਂ ਚੋਣਾਂ ਲੜੀਆਂ ਜਾਣ ਅਤੇ ਉਸਤੋਂ ਬਾਅਦ ਹੀ ਪ੍ਰਧਾਨ ਮੰਤਰੀ ਬਾਰੇ ਫੈਸਲਾ ਕੀਤਾ ਜਾਵੇ, ਤਾਂ ਜੋ ਚੋਣਾਂ ਤੋਂ ਪਹਿਲਾਂ ਹੀ ਰੌਲ ਘਚੋਲਾ ਨਾ ਪਵੇ, ਜਿਸ ਨਾਲ ਗੱਠਜੋੜ ਦਾ ਨੁਕਸਾਨ ਹੋ ਜਾਵੇ। ਬੀਤੇ ਦਿਨੀਂ ਇਸ ਗੱਠਜੋੜ ਦੀ ਮੀਟਿੰਗ ਹੋਈ ਜਿਸ ਵਿੱਚ 28 ਪਾਰਟੀਆਂ ਨੇ ਭਾਗ ਲਿਆ। ਇਸ ਵਿੱਚ ਉੱਚਕੋਟੀ ਦੇ ਆਗੂ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਸ਼ਰਦ ਪਵਾਰ, ਸੀਤਾ ਰਾਮ ਯੇਚੁਰੀ, ਟੀ ਆਰ ਬਾਲੂ, ਡੀ ਰਾਜਾ, ਮਮਤਾ ਬੈਨਰਜੀ ਆਦਿ ਸ਼ਾਮਲ ਸਨ। ਗੱਠਜੋੜ ਰਲ ਕੇ ਲੋਕ ਸਭਾ ਚੋਣਾਂ ਲਈ ਸਹਿਮਤ ਹੈ ਅਤੇ ਇਹ ਯਕੀਨ ਦਿਵਾਇਆ ਹੈ ਕਿ ਆਉਣ ਵਾਲੇ ਕੁੱਝ ਦਿਨਾਂ ਵਿੱਚ ਸੀਟਾਂ ਦੀ ਵੰਡ ਦਾ ਫੈਸਲਾ ਕਰ ਲਿਆ ਜਾਵੇਗਾ, ਜਿਸਦਾ ਆਧਾਰ ਸੂਬਾ ਮੰਨਿਆਂ ਜਾਵੇਗਾ।

ਗੱਠਜੋੜ ਦੀ ਅਗਵਾਈ ਵਿੱਚ ਚੋਣਾਂ ਲੜਣ ਲਈ ਕਾਂਗਰਸ ਸਮੇਤ ਇਸ ਵਿੱਚ ਸ਼ਾਮਲ ਸਾਰੀਆਂ ਰਾਜਨੀਤਕ ਪਾਰਟੀਆਂ ਸਹਿਮਤ ਹਨ, ਪਰ ਜਦ ਸੀਟਾਂ ਦੀ ਵੰਡ ਦੀ ਗੱਲ ਉੱਠਦੀ ਹੈ ਤਾਂ ਖੇਤਰੀ ਪਾਰਟੀਆਂ ਆਪਣਾ ਰਾਗ ਅਲਾਪਣ ਲੱਗ ਜਾਂਦੀਆਂ ਹਨ। ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਜੋ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਹੈ ਉਸਨੇ ਪਾਰਟੀ ਵਿੱਚ ਆਪਣੀ ਹੋਂਦ ਵਿਖਾਉਣ ਲਈ ਨਵਾਂ ਸ਼ੋਸਾ ਛੱਡ ਹੀ ਦਿੱਤਾ। ਇਹ ਸੱਚਾਈ ਹੈ ਕਿ ਰਾਜਨੀਤੀ ਵਿੱਚ ਹਿਤਾਂ ਦੇ ਟਕਰਾਓ ਨੂੰ ਸਿਧਾਂਤਾ ਦੀ ਲੜਾਈ ਦੇ ਰੂਪ ਵਿੱਚ ਪੇਸ਼ ਕਰਨ ਵਿੱਚ ਸਿਆਸਤਦਾਨ ਕੋਈ ਕਸਰ ਨਹੀਂ ਛੱਡਦੇ। ਇਸੇ ਸਾਜਿਸ਼ੀ ਚਾਲ ਨਾਲ ਮਮਤਾ ਬੈਨਰਜੀ ਨੇ ਮੀਟਿੰਗ ਵਿੱਚ ਗੱਠਜੋੜ ਦੇ ਪਹਿਲਾਂ ਲਏ ਫੈਸਲੇ ਨੂੰ ਨਜ਼ਰ ਅੰਦਾਜ਼ ਕਰਦਿਆਂ ‘ਇੰਡੀਆ’ ਵੱਲੋਂ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਕਾਂਗਰਸ ਦੇ ਪ੍ਰਧਾਨ ਸ੍ਰੀ ਮਲਿਕਾਰਜੁਨ ਖੜਗੇ ਦਾ ਨਾਂ ਪੇਸ਼ ਕਰ ਦਿੱਤਾ, ਜਿਸ ਬਾਰੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਨੇ ਵੀ ਸਹਿਮਤੀ ਦੇ ਦਿੱਤੀ।

ਜਦੋਂ ਗੱਠਜੋੜ ਨੇ ਪਹਿਲਾਂ ਹੀ ਫੈਸਲਾ ਕੀਤਾ ਹੋਇਆ ਹੈ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਚੋਣਾਂ ਤੋਂ ਪਹਿਲਾਂ ਨਹੀਂ ਬਣਾਇਆ ਜਾਵੇਗਾ, ਫੇਰ ਮਮਤਾ ਬੈਨਰਜੀ ਨੂੰ ਅਜਿਹਾ ਕਰਨ ਦੀ ਕਿਉਂ ਲੋੜ ਪਈ? ਇਹ ਵੱਡੀ ਚਰਚਾ ਛੇੜਣ ਵਾਲਾ ਸੁਆਲ ਹੈ। ਮਮਤਾ ਬੈਨਰਜੀ ਇੱਕ ਤੀਰ ਨਾਲ ਕਈ ਸ਼ਿਕਾਰ ਕਰਨ ਦੇ ਰੌਂਅ ਵਿੱਚ ਹੈ ਅਤੇ ਉਸਦਾ ਰਵੱਈਆ ਗੱਠਜੋੜ ਪ੍ਰਤੀ ਸੁਹਿਰਦਤਾ ਵਾਲਾ ਦਿਖਾਈ ਨਹੀਂ ਦੇ ਰਿਹਾ। ਆਪਣੇ ਇਸ ਬਿਆਨ ਨਾਲ ਉਸਨੇ ਪਹਿਲਾ ਕੰਮ ਕਾਂਗਰਸ ਪਾਰਟੀ ਦੇ ਅੰਦਰ ਝਗੜਾ ਕਰਾਉਣ ਦਾ ਯਤਨ ਕੀਤਾ ਹੈ, ਕਿ ਨਹਿਰੂ ਪਰਿਵਾਰ ਤੇ ਖੜਗੇ ਦਰਮਿਆਨ ਅੰਦਰੂਨੀ ਟੱਕਰ ਕਰਵਾਈ ਜਾ ਸਕੇ। ਦੂਜਾ ਉਸਨੇ ਰਾਜਨੀਤਕ ਚਾਲ ਨਾਲ ਗੱਠਜੋੜ ਵਿੱਚ ਤਰੇੜ ਪਾਉਣ ਲਈ ਦੂਜੀਆਂ ਪਾਰਟੀਆਂ ਨੂੰ ਲੂਤੀ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਤਾਂ ਕਾਂਗਰਸ ਪਾਰਟੀ ਦਾ ਹੀ ਹੋਵੇਗਾ। ਇਸ ਬਿਆਨ ਪਿੱਛੇ ਅਸਲ ਮਨਸ਼ਾ ਕੀ ਹੈ? ਇਹ ਤਾਂ ਉਹ ਹੀ ਜਾਣਦੀ ਹੈ, ਪਰ ਇਹ ਜਰੂਰ ਮੰਨਿਆਂ ਜਾ ਸਕਦਾ ਹੈ ਕਿ ਇਹ ਬਿਆਨ ਗੱਠਜੋੜ ਨੂੰ ਮਜਬੂਤ ਕਰਨ ਵਾਲਾ ਨਹੀਂ, ਸਗੋਂ ਉਸ ਵਿੱਚ ਤਰੇੜਾਂ ਪਾਉਣ ਵਾਲਾ ਹੈ।

ਇਸੇ ਤਰ੍ਹਾਂ ਰਾਜਾਂ ਵਿੱਚ ਸੀਟਾਂ ਦੀ ਵੰਡ ਦਾ ਮਸਲਾ ਹੈ। ਪੰਜਾਬ ਵਿੱਚ ਭਾਵੇਂ ਕਾਂਗਰਸ ਦੇ ਆਗੂ ਆਪਣੇ ਬਲਬੂਤੇ ਤੇ ਸਾਰੀਆਂ ਸੀਟਾਂ ਉੱਪਰ ਚੋਣਾਂ ਲੜਣ ਦੇ ਬਿਆਨ ਦੇ ਰਹੇ ਹਨ ਅਤੇ ਆਮ ਆਦਮੀ ਵਾਲੇ ਵੀ ਸਾਰੀਆਂ ਸੀਟਾਂ ਤੇ ਆਪਣੇ ਉਮੀਦਵਾਰ ਦੀ ਤਿਆਰੀ ਕਰਵਾ ਰਹੇ ਹਨ। ਪਰ ਦੋਵਾਂ ਦੀ ਹਾਈਕਮਾਂਡ ਸੂਬੇ ਤੋਂ ਬਾਹਰ ਦਿੱਲੀ ਵਿਖੇ ਹੈ। ਇਸ ਲਈ ਜੇ ਸੀਟਾਂ ਦੀ ਵੰਡ ਹੋਣੀ ਹੈ ਤਾਂ ਹਾਈਕਮਾਂਡ ਨੇ ਹੀ ਕਰਨੀ ਹੈ ਅਤੇ ਦੋਵਾਂ ਪਾਰਟੀਆਂ ਨੂੰ ਮੰਨਣੀ ਵੀ ਪਵੇਗੀ। ਇਸਤੋਂ ਇਲਾਵਾ ਗੱਠਜੋੜ ਵਿੱਚ ਖੱਬੀਆਂ ਪਾਰਟੀਆਂ ਵੀ ਸ਼ਾਮਲ ਹਨ, ਜੇ ਸੀਟਾਂ ਦੀ ਵੰਡ ਹੋਣ ਲੱਗੀ ਤਾਂ ਉਹਨਾਂ ਦਾ ਵੀ ਹਿੱਸਾ ਬਣ ਸਕਦਾ ਹੈ। ਇੱਥੇ ਇਹ ਵੀ ਮੰਨਣਾ ਚਾਹੀਦਾ ਹੈ ਕਿ ਜਿਹੜੇ ਕੰਮ ਨੂੰ ਆਧਾਰ ਬਣਾ ਕੇ ਗੱਠਜੋੜ ਬਣਾਇਆ ਗਿਆ ਹੈ, ਉਸਦੀ ਪੂਰਤੀ ਲਈ ਸਾਰੀਆਂ ਪਾਰਟੀਆਂ ਨੂੰ ਸਹਿਮਤੀ ਬਣਾਉਣੀ ਵੀ ਚਾਹੀਦੀ ਹੈ।

ਜੇ ਗੱਲ ਬੰਗਾਲ ਦੀ ਕਰੀਏ ਤਾਂ ਮਮਤਾ ਬੈਨਰਜੀ ਕਹਿ ਰਹੀ ਹੈ ਕਿ ਬੰਗਾਲ ਵਿੱਚੋਂ ਉਹ ਦੋ ਤਿੰਨ ਸੀਟਾਂ ਹੀ ਕਾਂਗਰਸ ਨੂੰ ਛੱਡ ਸਕਦੀ ਹੈ, ਹੋਰ ਕਿਸੇ ਪਾਰਟੀ ਨੂੰ ਸੀਟ ਨਹੀਂ ਛੱਡੇਗੀ। ਸੀ ਪੀ ਆਈ ਐੱਮ ਜਿਸਨੇ ਦਹਾਕਿਆਂ ਭਰ ਬੰਗਾਲ ਵਿੱਚ ਰਾਜ ਕੀਤਾ ਹੈ, ਜਿਸਦਾ ਹਰ ਪਿੰਡ ਘਰ ਤੱਕ ਆਧਾਰ ਹੈ, ਉਸਨੂੰ ਅੱਖੋਂ ਪਰੋਖੇ ਕਿਵੇਂ ਕੀਤਾ ਜਾ ਸਕਦਾ ਹੈ? ਅਜਿਹਾ ਕਰਨਾ ਤਾਂ ਸੰਭਵ ਹੀ ਨਹੀਂ। ਮਮਤਾ ਬੈਨਰਜੀ ਦੇ ਇਸ ਐਲਾਨ ਤੋਂ ਜਾਪਦੈ ਕਿ ਉਹ ਗੱਠਜੋੜ ਦਾ ਸੁਹਿਰਦਤਾ ਨਾਲ ਸਹਿਯੋਗ ਨਹੀਂ ਕਰ ਰਹੀ।

ਸੋ ਲੋੜ ਹੈ ਕਿ ਖੇਤਰੀ ਪਾਰਟੀਆਂ ਨੂੰ ਨਿੱਤ ਦੀ ਬਿਆਨਬਾਜੀ ਤਿਆਗ ਕੇ ਸੀਟਾਂ ਦੀ ਵੰਡ ਦਾ ਕੰਮ ਗੱਠਜੋੜ ਦੀ ਕਮੇਟੀ ਤੇ ਛੱਡ ਦੇਣਾ ਚਾਹੀਦਾ ਹੈ। ਆਪਣੀ ਆਪਣੀ ਡੱਫਲੀ ਵਜਾਉਣ ਨਾਲ ਗੱਠਜੋੜ ਦੀ ਬਜਾਏ ਭਾਜਪਾ ਨੂੰ ਲਾਭ ਮਿਲਦਾ ਹੈ। ਉਸਨੂੰ ਪ੍ਰਚਾਰ ਕਰਨ ਦਾ ਮੌਕਾ ਮਿਲਦਾ ਹੈ ਕਿ ਗੱਠਜੋੜ ਵਿੱਚ ਪੂਰਨ ਏਕਤਾ ਨਹੀਂ ਹੈ। ਇਸ ਲਈ ਸਾਰੀਆਂ ਪਾਰਟੀਆਂ ਨੂੰ ਨਿੱਜਤਾ ਤੋਂ ਉੱਪਰ ਉੱਠ ਕੇ ਇੱਕਮੁੱਠਤਾ ਨਾਲ ਲੋਕ ਸਭਾ ਦੀਆਂ ਚੋਣਾਂ ਲੜਣੀਆਂ ਚਾਹੀਦੀਆਂ ਹਨ ਤਾਂ ਜੋ ਫਿਰਕਾਪ੍ਰਸਤਾਂ ਤੇ ਕਾਰਪੋਰੇਟਾਂ ਦੀ ਹਮਦਰਦ ਭਾਜਪਾ ਨੂੰ ਸੱਤ੍ਹਾ ਤੋਂ ਲਾਂਭੇ ਕਰਕੇ ਘੱਟ ਗਿਣਤੀਆਂ ਦੀ ਰਾਖੀ ਕੀਤੀ ਜਾ ਸਕੇ।

ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913