ਅੰਮ੍ਰਿਤਸਰ ਤੋਂ ਪਹਿਲਾ ਕੋਰੋਨਾ ਪਾਜ਼ੇਟਿਵ ਮਾਮਲਾ ਆਇਆ ਸਾਹਮਣੇ, ਲੰਡਨ ਦੀ ਰਹਿਣ ਵਾਲੀ ਹੈ ਔਰਤ

ਅੰਮ੍ਰਿਤਸਰ ’ਚ ਇਸ ਸਾਲ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਲੰਡਨ ਦੀ ਰਹਿਣ ਵਾਲੀ 60 ਸਾਲਾ ਔਰਤ ਸਾਹ ਦੀ ਸਮੱਸਿਆ ਕਾਰਨ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਅਧੀਨ ਹੈ। ਇਹ ਔਰਤ ਇਕ ਵਿਆਹ ਵਿਚ ਸ਼ਾਮਲ ਹੋਣ ਲਈ ਭਾਰਤ ਆਈ ਸੀ ਅਤੇ ਅੰਮ੍ਰਿਤਸਰ ਦੇ ਇਕ ਨਿੱਜੀ ਹੋਟਲ ਵਿਚ ਰੁਕੀ ਹੋਈ ਸੀ। ਇਸ ਔਰਤ ਦਾ ਪ੍ਰਾਈਵੇਟ ਲੈਬ ਤੋਂ ਆਰ. ਟੀ. ਪੀ. ਸੀ. ਆਰ. ਦੇ ਸੈਂਪਲ ਲੈ ਕੇ ਕੋਰੋਨਾ ਪਾਜ਼ੇਟਿਵ ਦੀ ਪੁਸ਼ਟੀ ਕੀਤੀ ਗਈ ਹੈ, ਜਦਕਿ ਔਰਤ ਦਾ ਸਰਕਾਰੀ ਤੌਰ ’ਤੇ ਟੈਸਟ ਨਹੀਂ ਹੋਇਆ ਹੈ ਅਤੇ ਸਿਹਤ ਵਿਭਾਗ ਵੀ ਅਜੇ ਤੱਕ ਇਸ ਮਾਮਲੇ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ।

ਜਾਣਕਾਰੀ ਅਨੁਸਾਰ ਲੰਡਨ ਤੋਂ ਆਈ ਔਰਤ ਨੂੰ ਤਿੰਨ ਦਿਨ ਪਹਿਲਾਂ ਸਾਹ ਲੈਣ ’ਚ ਤਕਲੀਫ਼ ਹੋ ਰਹੀ ਸੀ ਅਤੇ ਉਸ ਨੂੰ ਬੁਖਾਰ ਵੀ ਸੀ। ਜਦੋਂ ਔਰਤ ਨੂੰ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਤਾਂ ਉਸ ਦੇ ਐਕਸਰੇ ਕਰਵਾਏ, ਜਿਸ ’ਚ ਨਿਮੋਨੀਆ ਅਤੇ ਹੋਰ ਵਾਇਰਸ ਦੇ ਲੱਛਣ ਦਿਖਾਈ ਦਿੱਤੇ। ਇਸ ਤੋਂ ਬਾਅਦ ਇਕ ਪ੍ਰਾਈਵੇਟ ਲੈਬ ਤੋਂ ਔਰਤ ਦਾ ਆਰ. ਟੀ. ਪੀ. ਸੀ. ਆਰ. ਟੈਸਟ ਕਰਵਾਇਆ ਗਿਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਕੇਸ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦਾ ਕੋਈ ਵੀ ਅਧਿਕਾਰੀ ਇਸ ਮਾਮਲੇ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ। ਦੂਜੇ ਪਾਸੇ ਜਦੋਂ ਪੰਜਾਬ ਦੇ ਕੋਰੋਨਾ ਵਾਇਰਸ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਅਣਜਾਣਤਾ ਜ਼ਾਹਿਰ ਕਰਦਿਆਂ ਕਿਹਾ ਕਿ ਕੋਈ ਪਾਜ਼ੇਟਿਵ ਕਿਵੇਂ ਆਇਆ ਹੈ, ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ।