ਖਡੂਰ ਸਾਹਿਬ ਤੋਂ 184894 ਵੋਟਾਂ ਦੇ ਫਰਕ ਨਾਲ ਜਿੱਤੇ ਅੰਮ੍ਰਿਤਪਾਲ ਸਿੰਘ

ਪੰਜਾਬ ਦੀ ਸਭ ਤੋਂ ਹੋਟ ਸੀਟ ਮੰਨੀ ਜਾਂਦੀ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੇ ਕਾਂਗਰਸ ਦੇ ਕੁਲਬੀਰ ਜ਼ੀਰਾ ਨੂੰ ਹਰਾ ਕੇ ਵੱਡੀ ਜਿੱਤ ਹਾਸਿਲ ਕੀਤੀ ਹੈ। ਅੰਮ੍ਰਿਤਪਾਲ ਸਿੰਘ ਨੇ ਕਾਂਗਰਸ ਦੇ ਕੁਲਬੀਰ ਜ਼ੀਰਾ ਨੂੰ 184894 ਵੋਟਾਂ ਦੇ ਫਰਕ ਨਾਲ ਹਰਾਇਆ ਹੈ।

ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਅੰਮ੍ਰਿਤਪਾਲ ਸਿੰਘ ਨੂੰ 386337 ਵੋਟਾਂ ਮਿਲੀਆਂ ਹਨ। ਕਾਂਗਰਸ ਦੇ ਕੁਲਬੀਰ ਜ਼ੀਰਾ ਨੂੰ 201443 ਵੋਟਾਂ ਮਿਲੀਆਂ ਹਨ। ਤੀਜੇ ਸਥਾਨ ‘ਤੇ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਰਹੇ, ਉਨ੍ਹਾਂ ਨੂੰ 189485 ਵੋਟਾਂ ਮਿਲੀਆਂ ਹਨ। ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ ਨੂੰ 82988 ਨੂੰ ਵੋਟਾਂ ਮਿਲੀਆਂ ਹਨ।

2 ਜੂਨ ਨੂੰ ਇੱਥੇ 62.55% ਵੋਟਿੰਗ ਹੋਈ ਸੀ। ਖਡੂਰ ਸਾਹਿਬ ਸੀਟ ‘ਤੇ ਕੁੱਲ ਵੋਟਰਾਂ ਦੀ ਗਿਣਤੀ 16,67,797 ਸੀ। ਸ਼ਨੀਵਾਰ ਨੂੰ 10,43,248 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਨ੍ਹਾਂ ਵਿੱਚੋਂ 5,40,201 ਪੁਰਸ਼, 5,03,033 ਔਰਤਾਂ ਅਤੇ 14 ਟਰਾਂਸਜੈਂਡਰਾਂ ਨੇ ਵੀ ਵੋਟ ਪਾਈ ਸੀ।

ਅੰਮ੍ਰਿਤਪਾਲ ਸਿੰਘ ਦੀ ਗੱਲ ਕਰੀਏ ਤਾਂ ਉਨ੍ਹਾਂ ‘ਤੇ ਰਾਸ਼ਟਰੀ ਸੁਰੱਖਿਆ ਐਕਟ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਉਸ ਵਿਰੁੱਧ 12 ਵੱਖ-ਵੱਖ ਕੇਸ ਦਰਜ ਹਨ। NSA ਕਾਰਨ ਉਹ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਇੱਕ ਸਾਲ ਤੋਂ ਵੱਧ ਸਮੇਂ ਤੋਂ ਬੰਦ ਹਨ। ਅਦਾਲਤ ਵਿੱਚ ਅਪੀਲ ਕਰਨ ਤੋਂ ਬਾਅਦ ਵੀ ਉਸ ਨੂੰ ਜ਼ਮਾਨਤ ਨਹੀਂ ਮਿਲੀ। ਜਿਸ ਕਾਰਨ ਉਨ੍ਹਾਂ ਨੇ ਜੇਲ੍ਹ ਤੋਂ ਹੀ ਪ੍ਰਚਾਰ ਕੀਤਾ ਅਤੇ ਮਾਤਾ-ਪਿਤਾ ਉਸ ਦੀ ਥਾਂ ਲੋਕਾਂ ਵਿਚ ਗਏ। ਅੰਮ੍ਰਿਤਪਾਲ ਸਿੰਘ ਨੇ ਇਹ ਚੋਣ ਆਸਾਮ ਦੀ ਜੇਲ੍ਹ ਵਿੱਚ ਬੰਦ ਰਹਿਣੇ ਹੋਏ ਜਿੱਤੀ ਹੈ।