ਸੰਜੀਦਾ ਪੰਜਾਬੀ ਗਾਇਕੀ ਸਮੇਂ ਦੀ ਲੋੜ੍ਹ : ਸੇਵਾ ਸੰਧੂ
(ਹਰਜੀਤ ਲਸਾੜਾ, ਬ੍ਰਿਸਬੇਨ 19 ਦਸੰਬਰ) ਦੁਨੀਆਂ ਦੇ ਹਰ ਕੋਨੇ ਵਿੱਚ ਸੰਗੀਤਕ ਮਹਿਫ਼ਲਾਂ ਦਾ ਸ਼ਿੰਗਾਰ ਬਣ ਚੁੱਕੇ ਕੌਮਾਂਤਰੀ ਗ਼ਜ਼ਲਗੋ ਉਸਤਾਦ ਸੁਰਿੰਦਰ ਖਾਨ ਅੱਜਕੱਲ ਆਪਣੇ ਆਸਟਰੇਲੀਆ ਦੌਰੇ ‘ਤੇ ਹਨ। ਇੱਥੇ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਉਸਾਰੂ ਪੰਜਾਬੀ ਗਾਇਕੀ ਦੇ ਹੁਲਾਰੇ ਲਈ ਲੰਘੇ ਐਤਵਾਰ ਸ੍ਰੀ ਖਾਨ ਦਾ ਸੰਗੀਤਕ ਪ੍ਰੋਗਰਾਮ ਕਰਵਾਇਆ ਗਿਆ।
ਮੀਡੀਆ ਨਾਲ ਸੰਬੋਧਨ ਵਿੱਚ ਸੁਰਿੰਦਰ ਖਾਨ ਨੇ ਗਾਇਕੀ ਨੂੰ ਰਾਮਪੁਰਾ-ਫੂਲ ਤੋਂ ਪਰਿਵਾਰਕ ਦੇਣ ਦੱਸਦਿਆਂ ਆਪਣੇ ਸੰਘਰਸ਼ ਅਤੇ ਪ੍ਰਾਪਤੀਆਂ ਨੂੰ ਬਾਖੂਬੀ ਸਾਂਝਾ ਕੀਤਾ। ਸਮੁੱਚੇ ਪ੍ਰੋਗਰਾਮ ਵਿੱਚ ਬਹੁ-ਭਾਸ਼ਾਈ ਸੰਗੀਤਕ ਤੜਕਾ ਦੇਖਣ ਨੂੰ ਮਿਲਿਆ। ਤਕਰੀਬਨ ਤਿੰਨ ਘੰਟੇ ਚੱਲੇ ਇਸ ਪ੍ਰੋਗਰਾਮ ਨੂੰ ਹਰ ਵਰਗ ਨੇ ਪਸੰਦ ਕੀਤਾ। ਉਨ੍ਹਾਂ ਕਈ ਪੰਜਾਬੀ ਲੋਕ ਰੰਗ ਅਤੇ ਬਾਲੀਵੁੱਡ ਦੇ ਗੀਤ ਪੇਸ਼ ਕਰਦਿਆਂ ਹਾਜ਼ਰੀਨ ਨੂੰ ਝੂਮਣ ਲਾਇਆ ਤੇ ਆਪਣੀ ਵਿਲੱਖਣ ਗਾਇਕੀ ਦਾ ਲੋਹਾ ਮਨਵਾਇਆ। ਪ੍ਰੋਗਰਾਮ ਦੇ ਅੰਤ ਵਿੱਚ ਆਸਟਰੇਲੀਆ ਟੂਰ ਦੇ ਮੁੱਖ ਪ੍ਰਬੰਧਕ ਸੇਵਾ ਸੰਧੂ, ਬ੍ਰਿਸਬੇਨ ਤੋਂ ਪਰਮਿੰਦਰ ਹਰਮਨ ਅਤੇ ਸੰਸਥਾ ਕਰਮੀਆਂ ਵੱਲੋਂ ਸ੍ਰੀ ਖਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਮੰਚ ਸੰਚਾਲਨ ਗੁਰਦੀਪ ਜਗੇੜਾ ਵੱਲੋਂ ਬਾਖੂਬੀ ਕੀਤਾ ਗਿਆ। ਗ਼ਜ਼ਲ ਗਾਇਕੀ ਵਿੱਚ ਨਿਪੁੰਨਤਾ ਦੇ ਚੱਲਦਿਆਂ ਇਹ ਪ੍ਰੋਗਰਾਮ ਮੀਲ ਪੱਥਰ ਸਾਬਤ ਹੋਇਆ। ਦੱਸਣਯੋਗ ਹੈ ਕਿ ਗ਼ਜ਼ਲ ਦੇ ਮਾਹਿਰ ਅਤੇ ਪ੍ਰਸਿੱਧ ਬਾਲੀਵੁੱਡ ਗਾਇਕ ਸੁਰਿੰਦਰ ਖਾਨ ਸੰਗੀਤ ਦੇ ਖੇਤਰ ਵਿੱਚ ਪਿਛਲੇ ਪੱਚੀ ਸਾਲਾਂ ਤੋਂ ਵੀ ਵਧੇਰੇ ਸਮੇਂ ਤੋਂ ਸਰਗਰਮ ਹਨ। ਉਹ ਅਮਰੀਕਾ, ਕੈਨੇਡਾ, ਯੂਰਪ, ਸਿੰਗਾਪੁਰ, ਚੀਨ, ਬੈਂਕਾਕ ਅਤੇ ਦੱਖਣੀ ਅਫਰੀਕਾ ਸਣੇ ਦੁਨੀਆ ਭਰ ਵਿੱਚ ਹਜ਼ਾਰ ਤੋਂ ਵੀ ਵੱਧ ਲਾਈਵ ਪ੍ਰੋਗਰਾਮ ਕਰ ਚੁੱਕੇ ਹਨ ਅਤੇ ਤਿੰਨ ਵਾਰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਹੋ ਚੁੱਕੇ ਹਨ। ਉਹਨਾਂ ਕਈ ਸੰਗੀਤਕ ਐਲਬਮਾਂ ਆਪਣੇ ਸਰੋਤਿਆਂ ਦੀ ਝੋਲ਼ੀ ਪਾਈਆਂ ਹਨ।
ਉਹ ਹੁਣ ਤੱਕ ਸੰਗੀਤ ਉਦਯੋਗ ਦੇ ਬਹੁਤ ਸਾਰੇ ਨਾਮਵਰ ਹਸਤੀਆਂ ਪੰਕਜ ਉਦਾਸ, ਅਨੂਪ ਜਲੋਟਾ, ਤਲਤ ਅਜ਼ੀਜ਼, ਜਸਪਿੰਦਰ ਨਰੂਲਾ, ਰਿਚਾ ਸ਼ਰਮਾ, ਸੋਨੂੰ ਨਿਗਮ, ਮੀਕਾ ਸਿੰਘ, ਕਪਿਲ ਸ਼ਰਮਾ, ਆਦਿ ਨਾਲ਼ ਸਟੇਜਾਂ ਸਾਂਝੀਆਂ ਕਰ ਚੁੱਕੇ ਹਨ।