ਓਂਟਾਰੀਓ ’ਚ ਯੌਰਕ ਪੁਲੀਸ ਨੇ ਮਿਸੀਸਾਗਾ ’ਚ ਸ਼ਰਾਬ ਦਾ ਠੇਕਾ ਲੁੱਟਣ ਵਾਲੇ ਚਾਰ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ 50 ਹਜ਼ਾਰ ਡਾਲਰ ਦੀ ਚੋਰੀ ਕੀਤੀ ਸ਼ਰਾਬ ਨੂੰ ਸ਼ਿਪਿੰਗ ਕੰਟੇਨਰ ਵਿੱਚ ਲੱਦ ਰਹੇ ਸਨ। ਪੁਲੀਸ ਅਨੁਸਾਰ ਉਨ੍ਹਾਂ ਤੋਂ 20 ਹਜ਼ਾਰ ਡਾਲਰ ਦੀ ਕਰੰਸੀ ਅਤੇ ਕਈ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਵੇਰਵਿਆਂ ਅਨੁਸਾਰ ਸ਼ਮਸ਼ੇਰ ਸਿੰਘ (26), ਜਸਵਿੰਦਰ ਸਿੰਘ (55), ਸਹਿਰਨਾਜਦੀਪ ਸਿੰਘ ਬਰਾੜ (25) ਤੇ ਲਵਪ੍ਰੀਤ ਸਿੰਘ (55) ਨੇ ਰਾਤ ਸਾਢੇ ਅੱਠ ਵਜੇ ਹਾਈਟੈੱਕ ਰੋਡ ਅਤੇ ਯੰਗ ਸਟਰੀਟ ’ਤੇ ਸਥਿਤ ਸਰਕਾਰੀ ਸ਼ਰਾਬ ਦੇ ਠੇਕੇ ਦੀ ਪਿਛਲੀ ਕੰਧ ਤੋੜੀ ਅਤੇ ਅੰਦਰੋਂ ਸ਼ਰਾਬ ਦੀਆਂ ਕਈ ਪੇਟੀਆਂ ਚੋਰੀ ਕਰ ਲਈਆਂ। ਉਹ ਇਨ੍ਹਾਂ ਪੇਟੀਆਂ ਨੂੰ ਥੋੜੀ ਦੂਰ ਖੜ੍ਹੇ ਕੀਤੇ ਕੰਟੇਨਰ ਵਿੱਚ ਲੱਦ ਰਹੇ ਸਨ ਤੇ ਪੁਲੀਸ ਨੂੰ ਵੇਖ ਕੇ ਉਨ੍ਹਾਂ ਭੱਜਣ ਦਾ ਯਤਨ ਕੀਤਾ ਪਰ ਸਾਰੇ ਦਬੋਚ ਲਏ ਗਏ।