ਮਾਣ ਦੀ ਗੱਲ, ਭਾਰਤੀ ਮੂਲ ਦੇ ਡੇਵ ਸ਼ਰਮਾ ਨੇ ਆਸਟ੍ਰੇਲੀਆਈ ਸੰਸਦ ‘ਚ ਸੈਨੇਟਰ ਵਜੋਂ ਚੁੱਕੀ ਸਹੁੰ

ਭਾਰਤੀ ਮੂਲ ਦੇ ਸਾਬਕਾ ਸੰਸਦ ਮੈਂਬਰ ਡੇਵ ਸ਼ਰਮਾ ਨੇ ਸੋਮਵਾਰ ਨੂੰ ਆਸਟ੍ਰੇਲੀਅਨ ਸੰਸਦ ਵਿੱਚ ਨਿਊ ਸਾਊਥ ਵੇਲਜ਼ (ਐਨਐਸਡਬਲਯੂ) ਦੇ ਸੈਨੇਟਰ ਵਜੋਂ ਅਧਿਕਾਰਤ ਤੌਰ ’ਤੇ ਸਹੁੰ ਚੁੱਕੀ। 47 ਸਾਲਾ ਸ਼ਰਮਾ ਪਿਛਲੇ ਮਹੀਨੇ ਸਾਬਕਾ ਰਾਜ ਖਜ਼ਾਨਾ ਮੰਤਰੀ ਐਂਡਰਿਊ ਕਾਂਸਟੈਂਸ ਨੂੰ ਹਰਾ ਕੇ ਵਿਰੋਧੀ ਲਿਬਰਲ ਪਾਰਟੀ ਤੋਂ NSW ਸੈਨੇਟ ਅਹੁਦਾ ਜਿੱਤਣ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਬਣ ਗਏ। ਡੇਵ ਨੇ ਆਪਣੇ ਫੇਸਬੁੱਕ ਪੇਜ ‘ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਡੇਵ ਨੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ,”ਅੱਜ NSW ਲਈ ਸੈਨੇਟਰ ਵਜੋਂ ਸਹੁੰ ਚੁੱਕਣਾ ਇੱਕ ਸੱਚਾ ਸਨਮਾਨ ਸੀ। ਮੈਂ ਨਿਊ ਸਾਊਥ ਵੇਲਜ਼ ਦੇ ਲੋਕਾਂ ਦੀ ਸੇਵਾ ਕਰਨ ਲਈ ਉਤਸੁਕ ਹਾਂ।”

ਸੈਨੇਟਰ ਕੋਵੈਸਿਕ ਨੇ ਐਕਸ ‘ਤੇ ਲਿਖਿਆ,”ਸਾਡੇ ਨਵੇਂ ਸੈਨੇਟਰ ਡੇਵ ਸ਼ਰਮਾ ਨੂੰ ਅੱਜ ਸਹੁੰ ਚੁੱਕ ਸਮਾਗਮ ਵਿੱਚ ਲੈ ਕੇ ਆਉਣਾ ਇੱਕ ਸਨਮਾਨ ਦੀ ਗੱਲ ਹੈ। ਸੈਨੇਟਰ ਸ਼ਰਮਾ ਨੂੰ ਵਧਾਈਆਂ,”। ਲਿਬਰਲ ਪਾਰਟੀ ਦੇ ਡਿਪਟੀ ਲੀਡਰ ਸੂਜ਼ਨ ਲੇ ਨੇ ਕਿਹਾ ਕਿ ਸ਼ਰਮਾ ਫੈਡਰਲ ਲਿਬਰਲ ਟੀਮ ਵਿੱਚ “ਮਾਣਯੋਗ ਮੈਂਬਰ” ਹਨ। ਲੇ ਨੇ X ‘ਤੇ ਲਿਖਿਆ,”ਉਸ ਕੋਲ ਸੰਸਦ ਅਤੇ ਸੀਨੀਅਰ ਡਿਪਲੋਮੈਟਿਕ ਪੋਸਟਿੰਗ ਵਿੱਚ ਮਜ਼ਬੂਤ ਅਨੁਭਵ ਹੈ। ਡੇਵ ਦੀ ਡੂੰਘੀ ਵਿਦੇਸ਼ ਨੀਤੀ ਦੀ ਬੁੱਧੀ ਦਾ ਵਿਸ਼ੇਸ਼ ਤੌਰ ‘ਤੇ ਸਵਾਗਤ ਕੀਤਾ ਜਾਵੇਗਾ ਕਿਉਂਕਿ ਅਸੀਂ WWII ਤੋਂ ਬਾਅਦ ਸਭ ਤੋਂ ਖਤਰਨਾਕ ਭੂ-ਰਾਜਨੀਤਿਕ ਹਾਲਾਤਾਂ ਵਿੱਚ ਹਾਂ,”।