ਸੰਸਾਰ ਪੱਧਰ ਤੇ ਸੱਭਿਆਚਾਰਕ ਅਸੂਲ ਸਥਾਪਤ ਕਰਨ ਦੀ ਜਰੂਰਤ ਹੈ

ਬਲਵਿੰਦਰ ਸਿੰਘ ਭੁੱਲਰ
ਸੱਭਿਆਚਾਰ ਕੋਈ ਵੀ ਬੁਰਾ ਜਾਂ ਮਾੜਾ ਨਹੀਂ, ਕਿਉਂਕਿ ਉਸ ਦੀ ਟੇਕ ਹਮੇਸ਼ਾਂ ਸੱਚ ਤੇ ਪਵਿੱਤਰਤਾ ਤੇ ਹੀ ਹੁੰਦੀ ਹੈ। ਉਸਨੂੰ ਬੁਰਾ ਬਣਾਉਣ ਲਈ ਮਨੁੱਖ ਦੀ ਸੋਚ ਤੇ ਵਿਵਹਾਰ ਹੀ ਜੁਮੇਵਾਰ ਹੁੰਦਾ ਹੈ। ਇਨਸਾਨ ਜਿਸਨੂੰ ਚੰਗਾ ਨਹੀਂ ਸਮਝਦਾ ਜਦੋਂ ਉਹੋ ਵਿਵਹਾਰ ਦੂਜੇ ਨਾਲ ਕਰਦਾ ਹੈ ਤਾਂ ਸੱਭਿਆਚਾਰ ਤੇ ਸੱਟ ਵੱਜਦੀ ਹੈ। ਪਰ ਮਨੁੱਖ ਅਜਿਹਾ ਕਰ ਰਿਹਾ ਹੈ। ਜਦੋਂ ਉਸਦੇ ਨਿੱਜ ਲਈ ਲੋੜ ਹੁੰਦੀ ਹੈ ਤਾਂ ਉਹ ਅਨੈਤਿਕਤਾ ਵੀ ਅਪਨਾ ਲੈਂਦਾ ਹੈ, ਕਦਰਾਂ ਕੀਮਤਾਂ ਭੁੱਲ ਜਾਂਦਾ ਹੈ ਅਤੇ ਸਭ ਕੁੱਝ ਬਿਨਾਂ ਪਰਵਾਹ ਕੀਤੇ ਕਰਦਾ ਹੈ। ਪਰ ਜਦ ਕੋਈ ਦੂਜਾ ਅਜਿਹਾ ਕਰਦਾ ਹੈ ਤਾਂ ਮਾੜਾ ਸੱਭਿਆਚਾਰ ਕਹਿ ਕੇ ਭੰਡਣ ਲੱਗ ਜਾਂਦਾ ਹੈ। ਭਾਰਤੀ ਲੋਕ ਪੱਛਮੀ ਸੱਭਿਆਚਾਰ ਨੂੰ ਨਿੰਦਦੇ ਰਹਿੰਦੇ ਹਨ ਕਿ ਉਹ ਪਵਿੱਤਰ ਨਹੀਂ ਹੈ ਉਸ ਵਿੱਚ ਲੱਚਰਤਾ ਭਾਰੂ ਹੈ, ਪਰ ਜੋ ਕੁੱਝ ਉਹਨਾਂ ਦੇ ਆਪਣੇ ਸੱਭਿਆਚਾਰ ਵਿੱਚ ਵਾਪਰ ਰਿਹਾ ਹੈ ਭਾਰਤ ਵੀ ਉਸਤੋਂ ਬਚਿਆ ਹੋਇਆ ਨਹੀਂ।

ਭਾਰਤੀ ਸੱਭਿਆਚਾਰ ਦਾ ਆਧਾਰ ਧਾਰਮਿਕ ਹੈ, ਧਰਮਾਂ ਦੇ ਪ੍ਰਭਾਵ ਸਦਕਾ ਲੋਕ ਨਿਯਮਾਂ ਵਿੱਚ ਬੱਝੇ ਹੋਏ ਹਨ। ਲੀੜਾ ਕੱਪੜਾ ਪਹਿਨਣਾ, ਬੋਲਣਾ, ਖਾਣਾ ਪੀਣਾ ਆਦਿ ਸਭ ਨਿਯਮਾਂ ਅਨੁਸਾਰ ਕਰਨ ਦੇ ਗੁਰ ਸਿਖਾਏ ਜਾਂਦੇ ਹਨ। ਵਿਆਹ ਸਾਦੀਆਂ, ਰਿਸਤੇ ਬਣਾਉਣ ਸਮੇਂ ਜਾਤਾਂ ਗੋਤਾਂ ਧਰਮਾਂ ਨੂੰ ਆਧਾਰ ਬਣਾਇਆ ਜਾਂਦਾ ਹੈ। ਪੱਛਮੀ ਦੇਸਾਂ ਵਿੱਚ ਇਸਦੇ ਉਲਟ ਕਿਸੇ ਤੇ ਕੋਈ ਪਾਬੰਦੀ ਨਹੀਂ, ਨਾ ਰਿਸਤੇ ਬਣਾਉਣ ਦੀ ਅਤੇ ਨਾ ਹੀ ਪਹਿਰਾਵੇ ਆਦਿ ਦੀ। ਪੱਛਮੀ ਦੇਸਾਂ ਦੀਆਂ ਔਰਤਾਂ ਤੇ ਮਰਦ ਇਕੱਠੇ ਹੀ ਸਮੁੰਦਰੀ ਬੀਚਾਂ ਤੇ ਮਾਮੂਲੀ ਜਿਹੀਆਂ ਅਣਸਰਦੀਆਂ ਲੀਰਾਂ ਬੰਨ ਕੇ ਕਰੀਬ ਨਗਨ ਅਵਸਥਾ ਵਿੱਚ ਰੇਤ ਤੇ ਧੁੱਪ ਸੇਕਦੇ ਹਨ ਤੇ ਮਸਤੀ ਕਰਦੇ ਹਨ। ਉਹਨਾਂ ਦਾ ਸੱਭਿਆਚਾਰ ਇਸਦੀ ਪ੍ਰਵਾਨਗੀ ਦਿੰਦਾ ਹੈ, ਅਜਿਹਾ ਕਰਦਿਆਂ ਬੱਚੇ ਵੀ ਉਹਨਾਂ ਦੇ ਨਾਲ ਹੁੰਦੇ ਹਨ। ਲੜਕਾ ਲੜਕੀ ਵਿਆਹ ਤੋਂ ਪਹਿਲਾਂ ਹੀ ਕਈ ਕਈ ਸਾਲ ਇਕੱਠੇ ਰਹਿੰਦੇ ਹਨ। ਕਈ ਦੇਸ਼ਾਂ ਵਿੱਚ ਵਿਆਹ ਤੋਂ ਪਹਿਲਾਂ ਬੱਚਾ ਪੈਦਾ ਕਰਨ ਦੀਆਂ ਖ਼ਬਰਾਂ ਵੀ ਮਿਲਦੀਆਂ ਰਹਿੰਦੀਆਂ ਹਨ ਅਤੇ ਬਾਅਦ ਵਿੱਚ ਉਹ ਵਿਆਹ ਦੇ ਬੰਧਨ ਵਿੱਚ ਬੱਝਦੇ ਹਨ। ਉਹ ਮਨਮਰਜੀ ਦਾ ਖਾਂਦੇ ਪੀਂਦੇ ਹਨ ਤੇ ਪਹਿਨਦੇ ਹਨ, ਔਰਤਾਂ ਸਰੇਆਮ ਸ਼ਰਾਬ ਦੀ ਵਰਤੋਂ ਕਰਦੀਆਂ ਹਨ। ਇਹੋ ਹੀ ਭਾਰਤੀਆਂ ਨੂੰ ਚੰਗਾ ਨਹੀਂ ਲਗਦਾ ਤੇ ਪੱਛਮੀ ਸੱਭਿਆਚਾਰ ਨੂੰ ਨਿੰਦਦੇ ਰਹਿੰਦੇ ਹਨ।

ਭਾਰਤੀ ਸੱਭਿਆਚਾਰ ਵਿੱਚ ਬੱਝੇ ਲੋਕ ਵੀ ਅੱਜ ਇਹ ਸਭ ਕੁੱਝ ਕਰ ਰਹੇ ਹਨ, ਪਰ ਬਹੁਤਾ ਪਰਦੇ ਵਿੱਚ ਕਰਦੇ ਹਨ। ਦੋਵਾਂ ਸੱਭਿਆਚਾਰਾਂ ਵਿੱਚ ਹੁਣ ਕੋਈ ਬਹੁਤਾ ਫ਼ਰਕ ਨਹੀਂ ਰਿਹਾ। ਕੁਝ ਦਹਾਕਿਆਂ ਪਹਿਲਾਂ ਤੱਕ ਭਾਰਤੀ ਖਾਸ ਕਰਕੇ ਪੰਜਾਬ ਦੇ ਲੋਕ ਆਪਣੇ ਗੋਤ ਤਾਂ ਕੀ ਨਾਨਕਿਆਂ ਦੇ ਗੋਤ ਵਿੱਚ ਵੀ ਵਿਆਹ ਨਹੀਂ ਸਨ ਕਰਵਾਉਂਦੇ, ਹੁਣ ਵਿਆਹ ਸਾਦੀ ਲਈ ਧਰਮ ਜਾਤ ਗੋਤ ਦੀ ਕੋਈ ਪਾਬੰਦੀ ਨਹੀਂ ਰਹੀ, ਬਲਕਿ ਇੱਕੋ ਪਿੰਡ ਦੇ ਮੁੰਡੇ ਕੁੜੀ ਦੇ ਵਿਆਹਾਂ ਦੇ ਵੀ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ। ਕੁੜੀ ਨਾਲ ਕੁੜੀ ਦਾ ਵਿਆਹ ਜਾਂ ਮੁੰਡੇ ਨਾਲ ਮੁੰਡੇ ਦਾ ਵਿਆਹ ਵੀ ਭਾਰਤ ਵਿੱਚ ਹੋ ਚੁੱਕਾ ਹੈ। ਵਿਦੇਸ਼ ਜਾਣ ਲਈ ਰਿਸਤੇਦਾਰ ਕੁੜੀ ਨਾਲ ਤਾਂ ਕੀ ਭੈਣ ਭਰਾ ਵੀ ਵਿਆਹ ਕਰਵਾ ਚੁੱਕੇ ਹਨ। ਕੀ ਇਹ ਪੱਛਮੀ ਸੱਭਿਆਚਾਰ ਤੋਂ ਕਿਸੇ ਪੱਖ ਤੋਂ ਘੱਟ ਹੈ? ਜੇ ਬੀਚਾਂ ਦੀ ਗੱਲ ਕਰੀਏ ਤਾਂ ਭਾਰਤੀ ਬੀਚਾਂ ਤੇ ਵੀ ਲੱਗਭੱਗ ਨਗਨ ਹਾਲਤ ਵਿੱਚ ਮਰਦ ਔਰਤ ਖੇਡਦੇ ਦੇਖੇ ਜਾ ਸਕਦੇ ਹਨ। ਪਤੀ ਵੱਲੋਂ ਪਰਦੇ ਨਾਲ ਕਿਸੇ ਹੋਰ ਔਰਤ ਨਾਲ ਸਬੰਧ ਬਣਾਉਣ ਜਾਂ ਪਤਨੀ ਵੱਲੋਂ ਕਿਸੇ ਓਪਰੇ ਮਰਦ ਨਾਲ ਸਬੰਧ ਬਣਾਉਣ ਨੂੰ ਪੱਛਮੀ ਸੱਭਿਆਚਾਰ ਵੱਲੋਂ ਅਤੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਤੇ ਭਾਰਤੀ ਸੱਭਿਆਚਾਰ ਵਿੱਚ ਬੱਝੇ ਲੋਕ ਚਰਿੱਤਰਹੀਣਤਾ ਕਹਿ ਕੇ ਭੰਡਦੇ ਰਹੇ ਹਨ, ਹੁਣ ਨਿੱਤ ਦੇ ਭਾਰਤੀ ਅਖ਼ਬਾਰ ਅਜਿਹੀਆਂ ਖ਼ਬਰਾਂ ਨਾਲ ਭਰੇ ਹੁੰਦੇ ਹਨ। ਫੇਰ ਕੀ ਫ਼ਰਕ ਹੈ! ਭਾਰਤੀ ਸੱਭਿਆਚਾਰ ਤੇ ਪੱਛਮੀ ਸੱਭਿਆਚਾਰ ਵਿੱਚ।

ਦੁਨੀਆਂ ਭਰ ਦੇ ਧਾਰਮਿਕ ਤੇ ਇਤਿਹਾਸਕ ਗੰ੍ਰਥਾਂ ਪੁਸਤਕਾਂ ਵਿੱਚ ਇਸ ਤਰਾਂ ਦੀਆਂ ਅਨੇਕਾਂ ਉਦਾਹਰਣਾ ਮਿਲਦੀਆਂ ਹਨ, ਜਿਵੇਂ ਈਸਾਈ ਧਰਮ ਦੇ ਗੰ੍ਰਥ ਵਿੱਚ ਜਿਕਰ ਹੈ ਕਿ ਪ੍ਰਮਾਤਮਾ ਦੇ ਭੇਜੇ ਫਰਿਸਤਿਆਂ ਸੋਡੋਨ ਤੇ ਗੋਮੋੜਾ ਨੂੰ ਸਾੜ ਕੇ ਸੁਆਹ ਕਰ ਦੇਣ ਉਪਰੰਤ ਜੀਉਂਦੇ ਰਹਿ ਗਏ ਤਿੰਨ ਜੀਆਂ ਲੋਟ ਤੇ ਉਸਦੀਆਂ ਦੋ ਧੀਆਂ। ਪਰਿਵਾਰ ਦੀਆਂ ਦੋਵੇ ਧੀਆਂ ਆਪਣੀ ਨਸਲ ਦੇ ਵਾਧੇ ਲਈ ਆਪਣੇ ਹੀ ਬਾਪ ਤੋਂ ਔਲਾਦ ਲੈਂਦੀਆਂ ਹਨ। ਬੋਧਿਕ ਗੰ੍ਰਥ ਦੀਰਘ ਨਿਕਾਯ ਵਿੱਚ ਜਿਕਰ ਹੈ ਕਿ ਰਾਜਾ ਉਕ ਨੇ ਆਪਣੀ ਕੁੱਲ ਦੀ ਸੁੱਧਤਾ ਲਈ ਆਪਣੀਆਂ ਸਕੀਆਂ ਭੈਣਾਂ ਨਾਲ ਵਿਆਹ ਕਰ ਲਿਆ ਸੀ। ਉਹਨਾਂ ਦੀ ਸੰਤਾਨ ਸਕਬ ਨਾਂ ਨਾਲ ਪ੍ਰਸਿੱਧ ਹੋਈ। ਇਸ ਤਰਾਂ ਨਿਛਵੀਆਂ ਨੂੰ ਵੀ ਸਕੇ ਭੈਣ ਭਰਾਵਾਂ ਦੀ ਸੰਤਾਨ ਮੰਨਿਆਂ ਜਾਂਦਾ ਹੈ।

ਈਡੀਪਸ ਦਾ ਮਾਮਲਾ ਭਿੰਨ ਹੈ, ਜਦੋਂ ਉਸਨੇ ਆਪਣੇ ਬਾਪ ਨੂੰ ਰਸਤੇ ਵਿੱਚੋਂ ਹਟਾ ਕੇ ਆਪਣੀ ਮਾਂ ਨਾਲ ਵਿਆਹ ਕਰ ਲਿਆ ਸੀ। ਮਿਸਰ ਵਿੱਚ ਇੱਕ ਰਾਜਨੀਤਕ ਪਰੰਪਰਾ ਰਹੀ ਸੀ ਕਿ ਬਾਦਸ਼ਾਹ ਆਪਣੀ ਭੈਣ ਨੂੰ ਪਟਰਾਣੀ ਬਣਾਉਂਦਾ ਸੀ, ਇਹ ਉਹਨਾਂ ਦੇ ਪਵਿੱਤਰ ਫ਼ਰਜਾਂ ਵਿੱਚ ਸਾਮਲ ਸੀ। ਭਾਰਤ ਦੇ ਸਭ ਤੋਂ ਵੱਡੇ ਹਿੰਦੂ ਧਰਮ ਦੇ ਰਹਿਬਰਾਂ ਨੇ ਵੀ ਅਜਿਹੇ ਸਬੰਧ ਬਣਾਏ ਸਨ, ਮਹਾਂਰਿਸ਼ੀ ਇੰਦਰ ਇੱਕ ਹੋਰ ਰਿਸ਼ੀ ਗੌਤਮ ਦੀ ਪਤਨੀ ਅਹੱਲਿਆ ਨੂੰ ਦੇਖ ਕੇ ਉਸਤੇ ਮੋਹਿਤ ਹੋ ਗਿਆ। ਗੌਤਮ ਦੀ ਗੈਰਹਾਜਰੀ ’ਚ ਉਸਨੇ ਗੌਤਮ ਦਾ ਰੂਪ ਧਾਰ ਕੇ ਉਸ ਦੀ ਕੁਟੀਆ ਵਿੱਚ ਜਾ ਕੇ ਅਹੱਲਿਆ ਨਾਲ ਸਰੀਰਕ ਸਬੰਧ ਬਣਾਏ। ਗੌਤਮ ਨੇ ਵੇਖ ਲਿਆ ਤਾਂ ਉਸਨੇ ਅਹੱਲਿਆ ਨੂੰ ਸਰਾਪ ਦੇ ਕੇ ਪੱਥਰ ਬਣਾ ਦਿੱਤਾ ਤੇ ਇੰਦਰ ਨੂੰ ਵੀ ਸਰਾਪ ਦਿੱਤਾ। ਇਹ ਸਭ ਕੁੱਝ ਮਿਥਿਹਾਸਕ ਹੈ ਜਾਂ ਇਤਿਹਾਸਕ ਇਹ ਇੱਕ ਵੱਖਰਾ ਸੁਆਲ ਹੈ। ਵਿਚਾਰਨ ਵਾਲੀ ਗੱਲ ਇਹ ਹੈ ਕਿ ਵੱਖ ਵੱਖ ਦੇਸ਼ਾਂ ਵਿੱਚ, ਵੱਖ ਵੱਖ ਧਰਮਾਂ ਦੇ ਲੋਕਾਂ ਵੱਲੋਂ ਅਜਿਹਾ ਪ੍ਰਚਾਰਿਆ ਤਾਂ ਜਾਂਦਾ ਹੀ ਰਿਹਾ ਹੈ, ਜੋ ਭਾਰਤ ਸਮੇਤ ਸੱਭਿਆਚਾਰਾਂ ਦਾ ਹਿੱਸਾ ਬਣਿਆ ਰਿਹਾ ਹੈ। ਫੇਰ ਕਿਸੇ ਸੱਭਿਆਚਾਰ ਨੂੰ ਚੰਗਾ ਕਿਹਾ ਜਾਵੇ ਕਿਸ ਨੂੰ ਮਾੜਾ। ਅਜਿਹੀਆਂ ਲਿਖਤਾਂ ਜਾਂ ਪ੍ਰਚਾਰ ਅਕਸਰ ਹੈ ਤਾਂ ਮਨੁੱਖੀ ਵਿਵਹਾਰ ਤੇ ਸੋਚ ਦਾ ਹੀ ਨਤੀਜਾ। ਇਨਸਾਨ ਸੱਭਿਆਚਾਰ ਦਾ ਆਪਣੀ ਇੱਛਾ ਅਨੁਸਾਰ ਇਸਤੇਮਾਲ ਕਰਦਾ ਹੈ।

ਜੇ ਸੱਭਿਆਚਾਰਾਂ ਦੇ ਚੰਗੇ ਪੱਖ ਦੀ ਗੱਲ ਕਰੀਏ ਤਾਂ ਪੱਛਮੀ ਸੱਭਿਆਚਾਰ ਵਿੱਚ ਜਨਮੇ ਲੋਕਾਂ ਵਿੱਚੋਂ ਮਹਾਨ ਖੋਜਕਾਰੀ ਪੈਥਾਗੋਰਸ, ਡਾਰਵਿਨ, ਗਲੈਲਿਓ, ਬਰੂਨੋ, ਕੋਲੰਬਸ, ਜੇਮਸ ਕੁੱਕ ਹੋਏ ਹਨ, ਜਿਹਨਾਂ ਦੁਨੀਆਂ ਦੇ ਲੋਕਾਂ ਨੂੰ ਰਾਹ ਵਿਖਾਇਆ ਹੈ। ਸਾਡੇ ਸੱਭਿਆਚਾਰ ਵਿੱਚ ਜਨਮੇ ਲੋਕਾਂ ਨੇ ਟੱਲੀਆਂ ਵਜਾਉਣ, ਥਾਲੀ ਖੜਕਾਉਣ, ਜੰਡ ਪੂਜਣ ਤੱਕ ਹੀ ਲੋਕਾਂ ਨੂੰ ਉਲਝਾਈ ਰੱਖਿਆ ਹੈ। ਪੱਛਮੀ ਦੇਸਾਂ ਵਿੱਚ ਬਜੁਰਗਾਂ ਨੂੰ ਸਹੂਲਤਾਂ ਹਨ, ਮੁਫ਼ਤ ਵਿੱਦਿਅਕ ਸਿਹਤ ਸਹੂਲਤਾਂ ਹਨ, ਟਰੈਫਿਕ ਦੇ ਸਖ਼ਤ ਨਿਯਮ ਹਨ, ਲੋਕ ਰੱਜ ਕੇ ਮਿਹਨਤ ਕਰਦੇ ਹਨ ਅਤੇ ਰੱਜ ਕੇ ਐਸ਼ ਕਰਦੇ ਹਨ। ਇਹੀ ਕਾਰਨ ਹੈ ਕਿ ਅੱਜ ਸਾਡੇ ਦੇਸ਼ ਦੇ ਲੋਕ ਖਾਸ ਕਰਕੇ ਨੌਜਵਾਨ ਮੁੰਡੇ ਕੁੜੀਆਂ ਪੱਛਮੀ ਦੇਸ਼ਾਂ ਵਿੱਚ ਪਹੁੰਚਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਉੱਥੇ ਪਹੁੰਚ ਕੇ ਉਹ ਪੱਛਮੀ ਸੱਭਿਆਚਾਰ ਨੂੰ ਅਪਨਾ ਰਹੇ ਹਨ, ਕੁੜੀਆਂ ਕਲੱਬਾਂ, ਕਸੀਨੋਆਂ, ਹੋਟਲਾਂ ਤੇ ਸ਼ਰਾਬ ਵਰਤਾਉਂਦੀਆਂ ਵੀ ਵੇਖੀਆਂ ਜਾ ਸਕਦੀਆਂ ਹਨ। ਉਹ ਇਹ ਕੰਮ ਆਪਣਾ ਕਾਰੋਬਾਰ ਸਮਝ ਕੇ, ਕੰਮ ਨੂੰ ਕਰਮ ਸਮਝ ਕੇ ਕਰ ਰਹੀਆਂ ਹਨ, ਪਰ ਆਪਣੇ ਚਰਿੱਤਰ ਪ੍ਰਤੀ ਪੂਰੀਆਂ ਚੇਤੰਨ ਹਨ। ਭਾਰਤੀ ਪਹਿਰਾਵੇ ਨੂੰ ਉਹ ਭੁਲਾ ਕੇ ਉਹਨਾਂ ਦੇਸ਼ਾਂ ਦੀਆਂ ਔਰਤਾਂ ਵਰਗੀਆਂ ਬਣਨ ਦੀ ਯਤਨ ਕਰਦੀਆਂ ਹਨ, ਉਹਨਾਂ ਲੋਕਾਂ ਵਿੱਚ ਉਹਨਾਂ ਵਰਗਾ ਬਣ ਕੇ ਰਹਿਣਾ ਉਹਨਾਂ ਦੀ ਮਜਬੂਰੀ ਵੀ ਹੈ। ਮੁੰਡੇ ਕੁੜੀਆਂ ਬਗੈਰ ਵਿਆਹ ਤੋਂ ਇਕੱਠੇ ਰਹਿ ਕੇ ਤੇ ਇਕੱਠੇ ਕੰਮ ਕਰਦੇ ਵੇਖੇ ਜਾ ਸਕਦੇ ਹਨ। ਹੁਣ ਤਾਂ ਭਾਰਤ ਦੇ ਵੱਡੇ ਸ਼ਹਿਰਾਂ ਵਿੱਚ ਵੀ ਅਜਿਹਾ ਹੋ ਰਿਹਾ ਹੈ।

ਦੁਨੀਆਂ ਦੇ ਨਾਲ ਹੀ ਭਾਰਤ ਨੇ ਅਥਾਹ ਵਿਕਾਸ ਕੀਤਾ ਹੈ, ਜਿਸਨੇ ਸੱਭਿਆਚਾਰ ਤੇ ਪ੍ਰਭਾਵ ਪਾ ਕੇ ਇਸ ਨੂੰ ਬਦਲ ਹੀ ਦਿੱਤਾ ਹੈ। ਹੁਣ ਇਸ ਨੂੰ ਪਹਿਲਾਂ ਵਾਲੀ ਜਗਾਹ ਤੇ ਲਿਆਂਦਾ ਨਹੀਂ ਜਾ ਸਕਦਾ। ਜੇ ਨੌਜਵਾਨ ਪੀੜੀ ਨੂੰ ਭਾਰਤੀ ਪੁਰਾਤਨ ਸੱਭਿਆਚਾਰ ਅਨੁਸਾਰ ਜੀਵਨ ਗੁਜਾਰਨ ਦਾ ਸੁਝਾਅ ਦਿੱਤਾ ਜਾਵੇ ਤਾਂ ਪਿਛਾਂਹ ਖਿੱਚੂ ਹੀ ਬਣ ਜਾਵੇਗਾ। ਜੇ ਸੋਚੀਏ ਪੰਜਾਬ ਦੇ ਗੱਭਰੂ ਕੁੜਤਾ ਚਾਦਰਾ ਪਹਿਣ ਲੈਣਗੇ ਜਾਂ ਔਰਤਾਂ ਸਲਵਾਰ ਕਮੀਜ ਪਹਿਣ ਕੇ ਘੁੰਢ ਕੱਢ ਕੇ ਕੰਮ ਕਰਨਗੀਆਂ ਇਹ ਸੂਰਜ ਨੂੰ ਦੀਵਾ ਵਿਖਾਉਣ ਵਾਲੀ ਗੱਲ ਹੋਵੇਗੀ।

ਦੁਨੀਆਂ ਦੇ ਕਿਸੇ ਵੀ ਦੇਸ਼ ਦੇ ਪੁਰਾਤਨ ਸਮੇਂ ਬਾਰੇ ਖੋਜ਼ ਕੀਤੀ ਜਾਵੇ ਤਾਂ ਹਰ ਦੇਸ਼ ਦੇ ਲੋਕ ਸਭ ਤੋਂ ਪਹਿਲਾਂ ਨਗਨ ਹਾਲਤ ਵਿੱਚ ਜੰਗਲਾਂ ਵਿੱਚ ਹੋਰ ਜਾਨਵਰਾਂ ਵਾਂਗ ਰਹਿੰਦੇ ਸਨ। ਫੇਰ ਉਹਨਾਂ ਬੋਲੀ ਸਿੱਖੀ, ਸਰੀਰ ਢਕਣਾ ਸਿੱਖਿਆ, ਉਸ ਉਪਰੰਤ ਰਿਸਤੇ ਬਣਾਉਣੇ ਤੇ ਆਖ਼ਰ ਰਹਿਣ ਸ਼ਹਿਣ ਦੇ ਢੰਗ ਤਰੀਕੇ ਸਿੱਖੇ। ਇਸਤੋਂ ਬਾਅਦ ਹੀ ਵਿਕਾਸ ਸੁਰੂ ਹੋਇਆ ਤੇ ਪਾਬੰਦੀਆਂ ਅਸੂਲ ਬਣਾ ਕੇ ਸੱਭਿਆਚਾਰ ਸਥਾਪਤ ਕੀਤਾ। ਦੁਨੀਆਂ ਦੇ ਹੋ ਰਹੇ ਵਿਕਾਸ ਸਦਕਾ ਇੱਕ ਦੂਜੇ ਦੇਸ਼ਾਂ ਵਿੱਚ ਆਉਣ ਜਾਣ ਹੋਇਆ ਤੇ ਸਾਂਝਾਂ ਵਧੀਆਂ। ਇੱਕ ਦੂਜੇ ਦੇ ਗੁਣਾਂ ਅਗੁਣਾਂ ਨੂੰ ਅਪਣਾਉਣ ਲਈ ਸੱਭਿਆਚਾਰਕ ਪਾਬੰਦੀਆਂ ਤੋੜਣ ਦਾ ਸਿਲਸਿਲਾ ਸੁਰੂ ਹੋਇਆ। ਜਦੋਂ ਵੀ ਕਿਸੇ ਦੇਸ਼ ਨੇ ਵਿਕਾਸ ਕਰਕੇ ਸੱਭਿਆਚਾਰਕ ਪਾਬੰਦੀਆਂ ਲਗਾਈਆਂ ਜਾਂ ਅਸੂਲ ਸਥਾਪਤ ਕੀਤੇ ਤਾਂ ਉਹ ਆਦਰਸ਼ ਭਰੇ ਸਨ ਤੇ ਪਵਿੱਤਰਤਾ ਤੇ ਹੀ ਆਧਾਰਤ ਸਨ। ਜੇ ਉਹ ਅਸੂਲ ਖਤਮ ਕੀਤੇ ਹਨ ਤਾਂ ਇਨਸਾਨ ਦੀ ਸੋਚ ਅਤੇ ਉਸਦੇ ਵਿਵਹਾਰ ਨੇ ਹੀ ਕੀਤੇ ਹਨ। ਸੱਭਿਆਚਾਰ ਕੋਈ ਵੀ ਮਾੜਾ ਜਾਂ ਬੁਰਾ ਨਹੀਂ ਹੈ, ਇਨਸਾਨ ਦੀ ਸੋਚ ਦਾ ਅਸਰ ਹੀ ਉਸਨੂੰ ਚੰਗਾ ਮਾੜਾ ਬਣਾਉਂਦਾ ਹੈ। ਇੱਕ ਬੁੱਧੀਜੀਵੀ ਦਾ ਕਥਨ ਹੈ ਕਿ ਦਫ਼ਨ ਕਰਨ ਲਈ ਦੋ ਗਜ਼ ਜ਼ਮੀਨ ਤੋਂ ਵੱਧ ਆਦਮੀ ਨੂੰ ਕੀ ਚਾਹੀਦਾ ਹੈ, ਪਰ ਧਨ ਦੇ ਮੋਹ ਨੇ ਉਸਨੂੰ ਸਵਾਰਥੀ ਬਣਾ ਦਿੱਤਾ ਹੈ। ਇਹ ਕਥਨ ਤਾਂ ਹਮੇਸ਼ਾਂ ਹੀ ਸੱਚ ਰਹੇਗਾ, ਪਰ ਇਸ ਮੋਹ ਨੇ ਹੀ ਮਨੁੱਖ ਨੂੰ ਪਾਬੰਦੀਆਂ ਤੋਂ ਮੁਕਤ ਕਰ ਦਿੱਤਾ ਹੈ, ਹੁਣ ਸਮੁੱਚੀ ਦੁਨੀਆਂ ਇੱਕ ਹੋ ਗਈ ਹੈ। ਮਨੁੱਖ ਦੀ ਸੋਚ ਨੇ ਆਪਣੇ ਆਪਣੇ ਖੇਤਰ ਦੇ ਸੱਭਿਆਚਾਰਕ ਅਸੂਲਾਂ ਦੀ ਪਰਵਾਹ ਕਰਨ ਤੋਂ ਪਾਸਾ ਵੱਟ ਕੇ ਦੁਨੀਆਂ ਦੇ ਇੱਕ ਸਾਂਝੇ ਸੱਭਿਆਚਾਰਕ ਵੱਲ ਕਦਮ ਵਧਾਇਆ ਹੈ। ਇਸ ਲਈ ਸੰਸਾਰ ਪੱਧਰ ਤੇ ਸੱਭਿਆਚਾਰਕ ਅਸੂਲ ਸਥਾਪਤ ਕਰਨ ਦੀ ਜਰੂਰਤ ਹੈ, ਪਰ ਚੇਤੰਨਤਾ ਨਾਲ ਪਵਿੱਤਰਤਾ ਦੇ ਆਧਾਰ ਤੇ ਹੀ ਹੋਣ।
ਮੋਬਾ: 098882 75913