ਅਮਰੀਕਾ ਜਾਣ ਲਈ ਜ਼ਿਆਦਾਤਰ ਭਾਰਤੀ ਆਪਣੀ ਜਾਨ ਜ਼ੋਖਮ ਵਿਚ ਪਾ ਰਹੇ ਹਨ। ਬੀਤੇ ਦਿਨੀਂ ਇਸ ਸਬੰਧੀ ਭਾਰਤ ਦੀ ਰਾਜ ਸਭਾ ਵਿੱਚ ਸਵਾਲ ਕੀਤਾ ਗਿਆ ਸੀ। ਇਸ ਸਵਾਲ ਨੇ ਅਮਰੀਕਾ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਭਾਰਤੀਆਂ ਦੇ ਮੁੱਦੇ ਨੂੰ ਸੁਰਖੀਆਂ ਵਿਚ ਲਿਆ ਦਿੱਤਾ। ਸਵਾਲ ਦੇ ਜਵਾਬ ਵਿੱਚ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਯੂ.ਐੱਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅੰਕੜਿਆਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਇਸ ਸਾਲ ਅਮਰੀਕੀ ਅਧਿਕਾਰੀਆਂ ਨੇ ਲਗਭਗ 1 ਲੱਖ ਗੈਰ-ਕਾਨੂੰਨੀ ਭਾਰਤੀ ਲੋਕਾਂ ਦਾ ਸਾਹਮਣਾ ਕੀਤਾ।
ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਵਾਧਾ
ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਹਜ਼ਾਰਾਂ ਭਾਰਤੀਆਂ ਦਾ ਇਹ ਰੁਝਾਨ ਨਵਾਂ ਹੈ; ਇਸ ਵਿਚ ਪਿਛਲੇ ਚਾਰ ਸਾਲਾਂ ਵਿੱਚ ਵਾਧਾ ਦੇਖਿਆ ਗਿਆ ਹੈ। ਜਾਰੀ ਕੀਤੇ ਅੰਕੜੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀਆਂ ਦੀ ਸੰਖਿਆ ਨੂੰ ਦਰਸਾਉਂਦੇ ਹਨ। ਇੱਕ ਦਹਾਕੇ ਪਹਿਲਾਂ 1,500 ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਅਮਰੀਕੀ ਸਰਹੱਦੀ ਅਧਿਕਾਰੀਆਂ ਨੇ ਰੋਕਿਆ ਸੀ। ਅਗਲੇ ਸਾਲਾਂ ਵਿੱਚ ਸੰਖਿਆ ਵਿੱਚ ਮਾਮੂਲੀ ਵਾਧਾ ਹੋਇਆ ਪਰ 2019 ਤੱਕ ਇਹ ਅੰਕੜਾ 10,000 ਦੇ ਅੰਕ ਤੋਂ ਹੇਠਾਂ ਹੀ ਰਿਹਾ। ਪਰ 2020 ਤੋਂ ਬਾਅਦ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਬੇਮਿਸਾਲ ਵਾਧਾ ਹੋਇਆ ਅਤੇ 2023 ਵਿਚ ਇਹ ਅੰਕੜਾ 96,917 ਤੱਕ ਪਹੁੰਚ ਗਿਆ।