ਉੱਤਰਕਾਸ਼ੀ ਸੁਰੰਗ ‘ਚ ਰੈਸਕਿਊ ਆਪ੍ਰੇਸ਼ਨ ਦੇ ਹੀਰੋ ਬਣੇ ਆਰਨੌਲਡ ਡਿਕਸ, ਆਸਟ੍ਰੇਲੀਆ ਦੇ PM ਨੇ ਦਿੱਤੀ ਵਧਾਈ

ਉੱਤਰਾਖੰਡ ਦੇ ਉੱਤਰਕਾਸ਼ੀ ‘ਚ ਸੁਰੰਗ ‘ਚ 17 ਦਿਨ ਤੋਂ ਫਸੇ 41 ਮਜ਼ਦੂਰਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਹੈ। ਇਹ ਰੈਸਕਿਊ ਆਪ੍ਰੇਸ਼ਨ 17 ਦਿਨ ਤੋਂ ਲਗਾਤਾਰ ਕੋਸ਼ਿਸ਼ਾ ਕਰ ਰਹੀਆਂ ਟੀਮਾਂ ਕਾਰਨ ਹੀ ਸੰਭਵ ਹੋ ਸਕਿਆ ਹੈ। ਇਸੇ ਟੀਮ ਦਾ ਹਿੱਸਾ ਰਹੇ ਆਸਟ੍ਰੇਲੀਆ ਦੇ ਟਨਲਿੰਗ ਅਤੇ ਅੰਡਰਗ੍ਰਾਊਂਡ ਸਪੇਸ ਐਸੋਸੀਏਸ਼ਨ ਦੇ ਪ੍ਰਧਾਨ ਆਰਨੌਲਡ ਡਿਕਸ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਵਧਾਈ ਦਿੱਤੀ ਹੈ।

ਇਸ ਵਧਾਈ ਦਾ ਜਵਾਬ ਦਿੰਦਿਆਂ ਡਿਸਕ ਨੇ ਪ੍ਰਧਾਨ ਮੰਤਰੀ ਅਲਬਨੀਜ਼ ਨੂੰ ਧੰਨਵਾਦ ਕਿਹਾ ਤੇ ਕਿਹਾ ਕਿ ਇਹ ਦੇਖ ਕੇ ਉਸ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਅਸੀਂ ਸਿਰਫ਼ ਕ੍ਰਿਕਟ ‘ਚ ਹੀ ਨਹੀਂ, ਦੂਜੇ ਕੰਮਾਂ ‘ਚ ਵੀ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹਾਂ। ਇਸ ‘ਚ ਸੁਰੰਗ ‘ਚ ਚਲਾਇਆ ਗਿਆ ਰੈਸਕਿਊ ਆਪ੍ਰੇਸ਼ਨ ਵੀ ਸ਼ਾਮਲ ਹੈ।

ਦੱਸ ਦੇਈਏ ਕਿ 17 ਦਿਨ ਤੱਕ ਚੱਲੇ ਇਸ ਲੰਬੇ ਰੈਸਕਿਊ ਆਪ੍ਰੇਸ਼ਨ ‘ਚ ਆਸਟ੍ਰੇਲੀਆ ਦੇ ਮਾਹਿਰ ਆਰਨੌਲਡ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਉਹ ਜ਼ਮੀਨ ਅਤੇ ਅੰਡਰਗ੍ਰਾਊਂਡ ਕੀਤੇ ਜਾਂਦੇ ਨਿਰਮਾਣ ਕਾਰਜਾਂ ਲਈ ਖ਼ਤਰਿਆਂ ਅਤੇ ਤਰੀਕਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਤੇ ਉਨ੍ਹਾਂ ਖ਼ਤਰਿਆਂ ਤੋਂ ਬਚਣ ਲਈ ਸਲਾਹ ਦਿੰਦੇ ਹਨ। ਇਸ ਕੰਮ ‘ਚ ਉਹ ਮਾਹਿਰ ਹਨ। ਆਰਨੌਲਡ ਦੇ ਇਸ ਦਲੇਰੀ ਭਰੇ ਕੰਮ ਕਾਰਨ ਆਸਟ੍ਰੇਲੀਆ ਦਾ ਮੀਡੀਆ ਵੀ ਉਸ ਦੀ ਤਾਰੀਫ਼ ਕਰਦਾ ਨਹੀਂ ਥੱਕ ਰਿਹਾ।

ਆਸਟ੍ਰੇਲੀਆ ਦੇ ਅਖ਼ਬਾਰ ਆਰਨੌਲਡ ਨੂੰ ਸੁਰੰਗ ‘ਚੋਂ ਮਜ਼ਦੂਰਾਂ ਨੂੰ ਬਾਹਰ ਕੱਢਣ ਦੇ ਰੈਸਕਿਊ ਆਪ੍ਰੇਸ਼ਨ ਦਾ ਹੀਰੋ ਮੰਨ ਰਹੇ ਹਨ। ਆਸਟ੍ਰੇਲੀਅਨ ਅਖ਼ਬਾਰਾਂ ‘ਚ ਇਸ ਸਫ਼ਲਤਾ ਦਾ ਨਾਇਕ ਆਰਨੌਲਡ ਡਿਕਸ ਨੂੰ ਦੱਸ ਕੇ ਉਸ ਬਾਰੇ ਕਈ ਖ਼ਬਰਾਂ ਛਾਪੀਆਂ ਹਨ। ਉਨ੍ਹਾਂ ‘ਚ ਦੱਸਿਆ ਹੈ ਕਿ ਕਿਵੇਂ ਆਰਨੌਲਡ ਆਸਟ੍ਰੇਲੀਆ ਦੇ ਮੈਲਬੌਰਨ ਤੋਂ ਭਾਰਤ ਜਾ ਕੇ ਸੁਰੰਗ ‘ਚ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਦੇ ਇਸ ਮਿਸ਼ਨ ਦਾ ਹੀਰੋ ਬਣ ਗਿਆ ਹੈ।