ਅਮਰੀਕਾ ‘ਚ ਪਿਛਲੇ 2 ਸਾਲਾਂ ‘ਚ ਸਭ ਤੋਂ ਵੱਧ ਭਾਰਤੀਆਂ ਨੂੰ ਟਾਰਗੇਟ ਕੀਤਾ ਗਿਆ ਹੈ। ਭਾਰਤੀਆਂ ਖਿਲਾਫ਼ ਨਸਲੀ ਹਮਲੇ, ਨਫਰਤੀ ਅਪਰਾਧ ਅਤੇ ਹੋਰ ਹਮਲਿਆਂ ‘ਚ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲਿਆ ਹੈ। ਪਿਛਲੇ ਚਾਰ ਹਫ਼ਤਿਆਂ ਵਿੱਚ ਨਸਲਵਾਦੀ ਹਮਲਿਆਂ ਵਿੱਚ ਚਾਰ ਭਾਰਤੀਆਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਦੋ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।
ਪਿਛਲੇ ਇੱਕ ਸਾਲ ਵਿੱਚ ਭਾਰਤੀਆਂ ਵਿਰੁੱਧ ਨਫ਼ਰਤੀ ਅਪਰਾਧਾਂ ਅਤੇ ਹਮਲਿਆਂ ਦੇ 520 ਮਾਮਲੇ ਸਾਹਮਣੇ ਆਏ ਹਨ, ਜੋ ਪਿਛਲੇ ਸਾਲ ਹੋਏ 375 ਹਮਲਿਆਂ ਦੇ ਮੁਕਾਬਲੇ ਲਗਭਗ 40% ਵੱਧ ਹਨ। ਹਾਲ ਹੀ ‘ਚ ਨਿਊਯਾਰਕ ‘ਚ ਇਕ ਬਜ਼ੁਰਗ ਵਿਅਕਤੀ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਇੰਡੀਆਨਾ ਵਿੱਚ ਇੱਕ ਭਾਰਤੀ ਵਿਦਿਆਰਥੀ ਨੂੰ ਚਾਕੂ ਮਾਰ ਦਿੱਤਾ ਗਿਆ, ਜੋ ਕਿ ਆਈ.ਸੀ.ਯੂ. ਵਿੱਚ ਮੌਤ ਤੇ ਜੀਵਨ ਦੀ ਜੰਗ ਲੜ ਰਿਹਾ ਹੈ।
ਕਾਰਨੇਗੀ ਐਂਡੋਮੈਂਟ ਦੇ ਅਧਿਐਨ ਮੁਤਾਬਕ ਹਰ ਦੋ ਵਿੱਚੋਂ ਇੱਕ ਭਾਰਤੀ ਨੇ ਰੰਗ ਦੇ ਆਧਾਰ ‘ਤੇ ਭੇਦਭਾਵ ਦੀ ਗੱਲ ਮੰਨੀ ਹੈ। ਹਾਲ ਹੀ ਵਿੱਚ 23 ਸਾਲ ਦੀ ਭਾਰਤੀ ਕੁੜੀ ਜਾਹਨਵੀ ਨੂੰ ਗੋਰੇ ਪੁਲਿਸ ਵਾਲੇ ਗੱਡੀ ਨਾਲ ਟੱਕਰ ਮਾਰ ਦਿੱਤੀ ਤੇ ਬਾਅਦ ਵਿੱਚ ਉਹ ਅਧਿਕਾਰੀ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਮਜ਼ਾਕ ਕਰ ਲੱਗ ਪਏ।
ਭਾਰਤੀਆਂ ‘ਤੇ ਹਮਲਿਆਂ ਦਾ ਕਾਰਨ ਗੋਰੇ ਕੱਟੜਪੰਥੀ ਅਮਰੀਕੀਆਂ ਦਾ ਮੰਨਣਾ ਹੈ ਕਿ ਭਾਰਤੀ ਉਨ੍ਹਾਂ ਦੇ ਆਰਥਿਕ ਮੌਕਿਆਂ ਨੂੰ ਤਬਾਹ ਕਰ ਰਹੇ ਹਨ। ਕਈ ਪੀੜਤ ਭਾਰਤੀਆਂ ਦਾ ਕਹਿਣਾ ਹੈ ਕਿ ਟਰੰਪ ਦੇ ਦੂਜੇ ਕਾਰਜਕਾਲ ਦੀ ਦਾਅਵੇਦਾਰੀ ਨਾਲ ਹਮਲੇ ਤੇਜ਼ ਹੋ ਗਏ ਹਨ।