ਆਸਟ੍ਰੇਲੀਆ, ਮੈਲਬੌਰਨ ਵਿਚ ਬਜ਼ੁਰਗ ਦੀ ਦੇਖਭਾਲ ਕਰਨ ਵਾਲੀ ਇਕ 23 ਸਾਲਾ ਭਾਰਤੀ ਕੇਅਰ ਵਰਕਰ ਨੂੰ ਚੋਰੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਉਸ ਨੂੰ ਉਸ ਦੇ ਪੇਸ਼ੇ ਤੋਂ 10 ਸਾਲ ਲਈ ਪਾਬੰਦੀਸ਼ੁਦਾ ਕਰ ਦਿਤਾ ਗਿਆ ਹੈ। ਭਾਰਤੀ ਕੇਅਰ ਵਰਕਰ ਨੇ ਹਜ਼ਾਰਾਂ ਡਾਲਰਾਂ ਦੀਆਂ ਲਗਜ਼ਰੀ ਵਸਤੂਆਂ ਖਰੀਦਣ ਲਈ ਆਪਣੇ ਬਜ਼ੁਰਗ ਗਾਹਕਾਂ ਦੇ ਡੈਬਿਟ ਕਾਰਡਾਂ ਦੀ ਵਰਤੋਂ ਕੀਤੀ ਸੀ। ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿਤੀ ਗਈ ਹੈ। ਡੈਲੀ ਟੈਲੀਗ੍ਰਾਫ ਰਿਪੋਰਟ ਮੁਤਾਬਿਕ ਅਸ਼ਪ੍ਰੀਤ ਕੌਰ ਨੇ ਸੋਮਵਾਰ ਨੂੰ ਗੀਲੋਂਗ ਮੈਜਿਸਟ੍ਰੇਟ ਦੀ ਅਦਾਲਤ ਵਿਚ ਚੋਰੀ ਦੇ 2 ਮਾਮਲਿਆਂ ਅਤੇ ਧੋਖੇ ਨਾਲ ਜਾਇਦਾਦ ਹਾਸਲ ਕਰਨ ਦੇ 11 ਮਾਮਲਿਆਂ ‘ਚ ਦੋਸ਼ ਸਵੀਕਾਰ ਕੀਤਾ ਹੈ।
ਅਦਾਲਤ ਨੂੰ ਪਤਾ ਲੱਗਿਆ ਕਿ ਕੌਰ ਫਰਵਰੀ 2023 ਤੱਕ ਜੀਲੌਂਗ ਰਿਟਾਇਰਮੈਂਟ ਪਿੰਡ ਵਿਚ ਇਕ ਨਿੱਜੀ ਦੇਖਭਾਲ ਮੁਲਾਜ਼ਮ ਵਜੋਂ ਨੌਕਰੀ ਕਰਦੀ ਸੀ ਅਤੇ ਵਿਦਿਆਰਥੀ ਵੀਜ਼ੇ ‘ਤੇ ਆਸਟ੍ਰੇਲੀਆ ਆਈ ਸੀ। ਉਸ ਨੇ ਇਕ 86 ਸਾਲਾਂ ਅਲਜ਼ਾਇਮਰ ਦੇ ਮਰੀਜ਼ ਦੇ ਬੈਂਕ ਕਾਰਡ ਦੀ ਵਰਤੋਂ ਮਹਿੰਗੇ ਡਿਪਾਰਟਮੈਂਟ ਸਟੋਰ ਚੇਨ ਤੋਂ 1700 ਆਸਟ੍ਰਾਲੀਆਈ ਡਾਲਰ (5,82,846.25 ਭਾਰਤੀ ਰੁਪਏ) ਦੇ ਕਾਸਮੈਟਿਕ ਖਰੀਦਣ ਅਤੇ ਹੋਰ ਚੀਜ਼ਾਂ ਦੇ ਨਾਲ 725 ਆਸਟ੍ਰਾਲੀਆਈ ਡਾਲਰ ਦੀ ਇਕ ਘੜੀ ਖਰੀਦਣ ਲਈ ਕੀਤੀ।