ਪਤਨੀ ਦੀ ਬੇਰਹਿਮੀ ਨਾਲ ਹਤਿਆ ਕਰਨ ਦੇ ਦੋਸ਼ ਵਿਚ ਭਾਰਤੀ ਵਿਅਕਤੀ ਨੂੰ ਉਮਰ ਕੈਦ

ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਇਕ ਭਾਰਤੀ ਵਿਅਕਤੀ ਨੂੰ 2020 ਵਿਚ ਅਪਣੀ ਪਤਨੀ ਦੀ ਬੇਰਹਿਮੀ ਨਾਲ ਹਤਿਆ ਕਰਨ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਕ ਮੀਡੀਆ ਰੀਪੋਰਟ ਮੁਤਾਬਕ ਦੋਸ਼ੀ ਨੇ ਇਕ ਹਸਪਤਾਲ ਦੇ ਪਾਰਕਿੰਗ ਖੇਤਰ ਵਿਚ ਅਪਣੀ ਪਤਨੀ ਦੀ ਹਤਿਆ ਕਰ ਦਿਤੀ ਸੀ , ਜਿਥੇ ਉਹ ਨਰਸ ਵਜੋਂ ਕੰਮ ਕਰਦੀ ਸੀ।

‘ਦਿ ਸਨ ਸੈਂਟੀਨੇਲ’ ਅਖਬਾਰ ਨੇ ਦਸਿਆ ਕਿ ਫਿਲਿਪ ਮੈਥਿਊਜ਼ ਨੇ ਮੈਰੀਅਨ ਜੋਏ ਦੀ ਹਤਿਆ ਦੇ ਦੋਸ਼ਾਂ ਦਾ ਕੋਈ ਵਿਰੋਧ ਨਹੀਂ ਕੀਤਾ। ਮੈਰੀਅਨ ਜੋਏ ਅਪਣੇ ਪਤੀ ਨਾਲ ਤਣਾਅਪੂਰਨ ਅਤੇ ਅਪਮਾਨਜਨਕ ਰਿਸ਼ਤੇ ਨੂੰ ਖਤਮ ਕਰਨ ਬਾਰੇ ਵਿਚਾਰ ਕਰ ਰਹੀ ਸੀ।

ਪੁਲਿਸ ਨੇ ਦਸਿਆ ਕਿ ਇਹ ਘਟਨਾ 2020 ਵਿਚ ਵਾਪਰੀ ਸੀ ਜਦੋਂ ਬ੍ਰੋਵਾਰਡ ਹੈਲਥ ਕੋਰਲ ਸਪ੍ਰਿੰਗਜ਼ ਵਿਚ ਨਰਸ ਵਜੋਂ ਕੰਮ ਕਰਦੀ ਜੋਏ (26) ਨੂੰ 17 ਵਾਰ ਚਾਕੂ ਮਾਰਿਆ ਗਿਆ ਸੀ। ਪੁਲਿਸ ਨੇ ਕਿਹਾ ਕਿ ਮੈਥਿਊ ਨੇ ਅਪਣੀ ਕਾਰ ਨਾਲ ਉਸ ਦੀ ਕਾਰ ਨੂੰ ਰੋਕਿਆ, ਉਸ ਨੂੰ ਵਾਰ-ਵਾਰ ਮਾਰਿਆ ਅਤੇ ਫਿਰ ਜ਼ਮੀਨ ‘ਤੇ ਡਿੱਗਣ ਤੋਂ ਬਾਅਦ ਉਸ ਨੂੰ ਕੁਚਲ ਦਿਤਾ।

ਪੁਲਿਸ ਨੇ ਦਸਿਆ ਕਿ ਮਰਨ ਤੋਂ ਪਹਿਲਾਂ ਜੋਏ ਨੇ ਅਪਣੇ ਹਮਲਾਵਰ ਦੀ ਪਛਾਣ ਦੱਸੀ ਸੀ। ਜੋਏ ਦੇ ਰਿਸ਼ਤੇਦਾਰ ਜੋਬੀ ਫਿਲਿਪ ਨੇ ਕਿਹਾ ਕਿ ਜੋਏ ਦੀ ਮਾਂ “ਇਹ ਜਾਣ ਕੇ ਖੁਸ਼ ਹੋਈ ਕਿ ਉਸ ਦੀ ਧੀ ਦਾ ਕਾਤਲ ਉਮਰ ਭਰ ਜੇਲ ਵਿਚ ਰਹੇਗਾ ਅਤੇ ਇਹ ਜਾਣ ਕੇ ਰਾਹਤ ਮਿਲੀ ਕਿ ਕਾਨੂੰਨੀ ਪ੍ਰਕਿਰਿਆ ਪੂਰੀ ਹੋ ਗਈ ਹੈ।”