ਟੋਰਾਂਟੋ, 6 ਮਈ (ਰਾਜ ਗੋਗਨਾ/ ਕੁਲਤਰਨ ਪਧਿਆਣਾ)-ਕੁੱਝ ਦਿਨ ਪਹਿਲਾ ਟੋਰਾਂਟੋ ਦੇ ਲਾਗੇ ਹਾਈਵੇਅ 401 ਤੇ ਸ਼ਰਾਬ ਦੇ ਇਕ ਸਟੋਰ ਐਲ.ਸੀ.ਬੀ.ੳ ਤੋਂ ਲੁੱਟ ਕਰ ਕੇ ਵੈਨ ਚ’ ਭੱਜੇ ਚੋਰ ਜਿਸ ਦੀ ਪੁਲਿਸ ਵੱਲੋ ਪਿੱਛਾ ਕਰਨ ਦੀ ਕਾਰਵਾਈ ਦੌਰਾਨ ਹੋਏ ਹਾਦਸੇ ਵਿੱਚ ਮੌਤ ਹੋ ਗਈ ਸੀ ਉਸ ਦੀ ਪਛਾਣ ਪੁਲਿਸ ਵਲੋ ਗਗਨਦੀਪ ਸਿੰਘ (21) ਸਾਲ ਦੇ ਤੌਰ ਤੇ ਕੀਤੀ ਗਈ ਹੈ। ਜੋ ਕੈਨੇਡਾ ਚ’ਅੰਤਰਰਾਸ਼ਟਰੀ ਵਿਦਿਆਰਥੀ ਦੇ ਵਜੋਂ ਪੜ੍ਹਾਈ ਕਰਨ ਲਈ ਆਇਆ ਸੀ ਪਰ ਇਥੇ ਆ ਕੇ ਉਹ ਸਟੋਰਾਂ ਤੇ ਲੁੱਟਾਂ-ਖੋਹਾਂ ਡਰੱਗ ਰੱਖਣ ਅਤੇ ਗੱਡੀਆਂ ਖੋਹਣ ਵਰਗੇ ਸੰਗੀਨ ਜੁਰਮਾ ਚ ਸ਼ਾਮਲ ਹੋ ਗਿਆ ਸੀ। ਪੁਲਿਸ ਦੇ ਮੁਤਾਬਕ ਗਗਨਦੀਪ ਸਿੰਘ ਉਪਰ ਪਹਿਲਾ ਵੀ ਦੋ ਹੋਰ ਸ਼ਰਾਬ ਦੇ ਸਟੋਰ ਲੁੱਟਣ ਦੇ ਮਾਮਲੇ,ਅਤੇ ਹੋਰ ਸਟੋਰਾ ਤੇ ਚੋਰੀ, ਡਰੱਗ ਰੱਖਣ ਦੇ ਮਾਮਲੇ ਦਰਜ ਸਨ। ਤੇ ਉਹ ਜਮਾਨਤ ਤੇ ਬਾਹਰ ਆਇਆ ਸੀ।
ਲੁੱਟ-ਖੋਹ ਦੇ ਹੀ ਇਕ ਹੋਰ ਮਾਮਲੇ ਚ’ ਉਸ ਦੀ 14 ਮਈ ਦੀ ਮਿਲਟਨ ਦੇ ਕੋਰਟ ਚ ਪੇਸ਼ੀ ਸੀ। ਇੱਥੇ ਦੱਸਣਯੋਗ ਹੈ ਕਿ ਇਸ ਹਾਦਸੇ ਚ ਭਾਰਤੀ ਮੂਲ ਦੇ ਤਿੰਨ ਲੋਕ ਜਿਸ ਵਿੱਚ ਇੱਕ ਤਿੰਨ ਮਹੀਨਿਆਂ ਦਾ ਬੱਚਾ ਵੀ ਸ਼ਾਮਲ ਹੈ ਮਾਰੇ ਗਏ ਸਨ। ਪੁਲਿਸ ਦੇ ਮੁਤਾਬਕ ਸ਼ਰਾਬ ਚੋਰੀ ਕਰ ਕੇ ਉਹ ਹਾਈਵੇਅ ਤੇ ਪੁੱਠੀ ਦਿਸ਼ਾ ਵੱਲ ਆਪਣੀ ਵੈਨ ਚ’ ਭੱਜੇ ਗਗਨਦੀਪ ਸਿੰਘ ਕੋਲ ਇਕ ਚਾਕੂ ਵੀ ਸੀ ਤੇ ਉਹ ਆਮ ਲੋਕਾਂ ਲਈ ਖਤਰਨਾਕ ਵੀ ਸੀ। ਹੁਣ ਸਵਾਲ ਉਠਾਏ ਜਾ ਰਹੇ ਹਨ ਕਿ ਕੈਨੇਡਾ ਦੇ ਜਮਾਨਤ ਸਬੰਧੀ ਸੌਖਾਲੇ ਨਿਯਮਾਂ ਤੇ ਜਿਸ ਬਾਰੇ ਵਿਰੋਧੀ ਧਿਰ ਵੀ ਆਵਾਜ਼ ਚੁੱਕ ਰਹੀ ਹੈ , ਅਗਰ ਜਮਾਨਤ ਦੇ ਕਾਨੂੰਨ ਸਖ਼ਤ ਹੁੰਦੇ ਤਾਂ ਵਾਰ-ਵਾਰ ਚੋਰੀ ਕਰਨ ਵਾਲੇ , ਗੱਡੀਆ ਲੁੱਟਣ ਵਾਲੇ , ਫਰਾਡ ਕਰਨ ਵਾਲੇ ਅਤੇ ਹੋਰ ਸੰਗੀਨ ਦੋਸ਼ਾ ਹੇਠ ਚਾਰਜ਼ ਹੋਣ ਵਾਲੇ ਸੌਖਾਲੇ ਢੰਗ ਨਾਲ ਬਾਹਰ ਨਾ ਆਉਣ , ਅਤੇ ਨਾ ਹੀ ਹੋਰ ਸੰਗੀਨ ਜੁਰਮਾ ਚ ਮੁੜ ਸ਼ਾਮਲ ਹੋਣ ,ਜਿਵੇਂ ਕਿ ਗਗਨਦੀਪ ਸਿੰਘ ਦੇ ਮਾਮਲੇ ਵਿੱਚ ਹੋਇਆ ਹੈ।