ਇਜ਼ਰਾਈਲ-ਹਮਾਸ ਦੀ ਲੜਾਈ ‘ਚ ਭਾਰਤੀ ਵਿਅਕਤੀ ਦੀ ਗਈ ਜਾਨ, ਕਈ ਹਜੇ ਤੱਕ ਲਾਪਤਾ

ਇਜ਼ਰਾਈਲ ਅਤੇ ਹਮਾਸ ਦੇ ਅੱਤਵਾਦੀਆਂ ਵਿਚਾਲੇ ਚੱਲ ਰਹੇ ਸੰਘਰਸ਼ ‘ਚ ਇਕ ਭਾਰਤੀ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 4 ਭਾਰਤੀ ਲਾਪਤਾ ਦੱਸੇ ਜਾ ਰਹੇ ਹਨ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਇਹ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ 7 ਅਕਤੂਬਰ ਨੂੰ ਹਮਾਸ ਦੇ ਅੱਤਵਾਦੀਆਂ ਨੇ ਅਚਾਨਕ ਇਜ਼ਰਾਈਲ ‘ਤੇ ਅੰਨ੍ਹੇਵਾਹ ਰਾਕੇਟ ਨਾਲ ਹਮਲਾ ਕਰ ਦਿੱਤਾ ਸੀ। ਇਸ ਹਮਲੇ ‘ਚ ਹੁਣ ਤੱਕ ਕਰੀਬ 4000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 10,000 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਸ ਸੰਘਰਸ਼ ਵਿਚ 291 ਇਜ਼ਰਾਈਲੀ ਸੈਨਿਕ ਵੀ ਮਾਰੇ ਗਏ ਹਨ। 22 ਤੋਂ ਵੱਧ ਅਮਰੀਕੀ ਨਾਗਰਿਕਾਂ ਦੀ ਜਾਨ ਚਲੀ ਗਈ ਹੈ। 10 ਤੋਂ ਵੱਧ ਨੇਪਾਲੀ ਨਾਗਰਿਕਾਂ ਦੀ ਜਾਨ ਚਲੀ ਗਈ ਹੈ।

ਦੱਸ ਦਈਏ ਕਿ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਲਗਾਤਾਰ ਜਵਾਬੀ ਕਾਰਵਾਈ ਕਰ ਰਿਹਾ ਹੈ। ਇਜ਼ਰਾਈਲੀ ਫ਼ੌਜ ਨੇ ਕਿਹਾ ਹੈ ਕਿ ਹਮਾਸ ਅਤੇ ਹੋਰ ਫਲਸਤੀਨੀ ਅੱਤਵਾਦੀਆਂ ਨੇ ਗਾਜ਼ਾ ਵਿਚ 199 ਲੋਕਾਂ ਨੂੰ ਬੰਧਕ ਬਣਾ ਲਿਆ ਹੈ, ਜੋ ਕਿ ਪਿਛਲੇ ਅਨੁਮਾਨਾਂ ਤੋਂ ਵੱਧ ਹੈ। ਫ਼ੌਜ ਦੇ ਬੁਲਾਰੇ ਰੀਅਰ ਐਡਮਿਰਲ ਡੇਨੀਅਲ ਹਾਗਾਰੀ ਨੇ ਸੋਮਵਾਰ ਨੂੰ ਕਿਹਾ ਕਿ ਬੰਧਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਉਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਬੰਧਕਾਂ ਦੀ ਇਸ ਗਿਣਤੀ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ ਜਾਂ ਨਹੀਂ। ਉਸ ਨੇ ਇਹ ਵੀ ਨਹੀਂ ਦੱਸਿਆ ਕਿ ਇਨ੍ਹਾਂ ਬੰਧਕਾਂ ਨੂੰ ਕਿਸ ਦੀ ਕੈਦ ਵਿਚ ਰੱਖਿਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ‘ਚੋਂ ਜ਼ਿਆਦਾਤਰ ਲੋਕਾਂ ਨੂੰ ਗਾਜ਼ਾ ‘ਤੇ ਸ਼ਾਸਨ ਕਰਨ ਵਾਲੇ ਹਮਾਸ ਅੱਤਵਾਦੀ ਸਮੂਹ ਨੇ ਬੰਧਕ ਬਣਾ ਲਿਆ ਹੈ।