ਦਿਵਅਸ਼ਿਸ਼ ਦੱਤਾ ਦੀ ਅਗੁਵਾਈ ਵਿਚ ਪੱਛਮੀ ਬੰਗਾਲ ਵੱਲੋਂ ਬਠਿੰਡਾ ਦੇ ਦਰਸ਼ਕਾ ਅੱਗੇ ਪੇਸ਼ ਕੀਤਾ ਗਿਆ ਨਾਟਕ ‘ਕ੍ਰਿਸ਼ਨਾ’
ਬਠਿੰਡਾ, 6 ਨਵੰਬਰ
ਅੱਜ ਦਾ ਸਮਾਜ ਭਾਵੇਂ ਬਦਲ ਗਿਆ ਹੈ ਪਰ ਔਰਤ ਦੀ ਸਥਿਤੀ ਅਜੇ ਵੀ ਦਰੋਪਦੀ ਵਾਲੀ ਹਾਲਾਤ ਉੱਤੇ ਹੀ ਖੜੀ ਹੈ। ਇਸੇ ਕੇਂਦਰੀ ਭਾਵ ਨਾਲ ਇਕ ਨਾਟਕ ਨਾਟਿਅਮ ਪੰਜਾਬ ਵੱਲੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਚੱਲ ਰਹੇ 15 ਰੋਜ਼ਾ 12ਵੇਂ ਨਾਟਕ ਮੇਲੇ ਦੀ 13ਵੀਂ ਸ਼ਾਮ ਮੌਕੇ ਪੇਸ਼ ਕੀਤੇ ਗਏ ਨਾਟਕ ‘ਕ੍ਰਿਸ਼ਨਾ’ ਦੌਰਾਨ ਦਰਸ਼ਕਾਂ ਨੂੰ ਦੇਖਣ ਨੂੰ ਮਿਲਿਆ। ਨਾਟਕ ਦੌਰਾਨ ਦਰਸ਼ਾਇਆ ਗਿਆ ਕਿ ਕਿਵੇਂ ਅੱਜ ਵੀ ਔਰਤ ਸੁਰੱਖਿਅਤ ਨਹੀਂ ਹੈ। ਉਸ ਨੂੰ ਅੱਜ ਵੀ ਵਹਿਸ਼ੀ ਦਰਿੰਦਿਆਂ ਵੱਲੋਂ ਗੰਦੀ ਸੋਚ ਦੇ ਨਾਲ ਦਬੋਚਿਆ ਜਾ ਰਿਹਾ ਹੈ, ਅਤੇ ਉਸਨੂੰ ਆਪਣੀ ਸੁਰੱਖਿਆ ਖੁਦ-ਬ-ਖੁਦ ਹੀ ਕਰਨੀ ਪਏਗੀ।
ਇਹ ਨਾਟਕ ਇੰਸਟੀਟਿਊਟ ਆਫ ਫੈਕਚੂਅਲ ਥੀਏਟਰ, ਕਲਕੱਤਾ, ਪੱਛਮੀ ਬੰਗਾਲ ਦੀ ਟੀਮ ਵੱਲੋਂ ਬਠਿੰਡਾ ਦੇ ਦਰਸ਼ਕਾ ਅੱਗੇ ਪੇਸ਼ ਕੀਤਾ ਗਿਆ। ਇਹ ਨਾਟਕ ਦਿਵਅਸ਼ਿਸ਼ ਦੱਤਾ ਦੀ ਨਿਰਦੇਸ਼ਨਾ, ਅਦਾਕਾਰੀ ਅਤੇ ਲੇਖਣ ਦੇ ਮਾਧਿਅਮ ਰਾਹੀ ਆਯੋਜਿਤ ਕੀਤਾ ਗਿਆ।
ਨਾਟਕ ਮੇਲੇ ਦੀ 13ਵੀਂ ਸ਼ਾਮ ਦੌਰਾਨ ਪਰਮਵੀਰ ਸਿੰਘ, ਆਈਏਐਸ ਡਿਪਟੀ ਕਮਿਸ਼ਨਰ ਮਾਨਸਾ, ਵਿਨੀਤ ਕੁਮਾਰ, ਆਈਏਐਸ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਨਾਲ-ਨਾਲ ਸੁਆਮੀ ਉਮੇਸ਼ਾਨੰਦ, ਅਰਜਿਤ ਗੋਇਲ, ਪੈਰਿਸ ਸਿਟੀ, ਬਠਿੰਡਾ, ਰਾਜੀਵ ਕੁਮਾਰ ਗੋਇਲ ਡੀਏਵੀ ਕਾਲਜ ਅਤੇ ਪਾਰਸ ਰਤਨ, ਜਨਰਲ ਸਕੱਤਰ ਆਪ ਚੰਡੀਗੜ੍ਹ (ਯੂਥ ਵਿੰਗ) ਨੇ ਆਪਣੀ ਹਾਜ਼ਰੀ ਲਵਾਈ। ਨਾਟਕ ਮੇਲੇ ਦੌਰਾਨ ਪਹੁੰਚੇ ਸਾਰੇ ਹੀ ਸਨਮਾਨਯੋਗ ਮਹਿਮਾਨਾਂ ਨੇ ਨਾਟਿਅਮ ਟੀਮ ਅਤੇ ਨਾਟਕ ਖੇਡਣ ਪਹੁੰਚੀ ਕਲਕੱਤਾ ਦੀ ਟੀਮ ਦਾ ਹੌਸਲਾ ਵਧਾਇਆ।
ਇਸ ਮੌਕੇ ਰੰਗਕਰਮੀ ਕੀਰਤੀ ਕ੍ਰਿਪਾਲ ਅਤੇ ਸਰਪ੍ਰਸਤ ਡਾਕਟਰ ਕਸ਼ਿਸ਼ ਗੁਪਤ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਸ਼ਾਮ ਦੌਰਾਨ ਡਾਕਟਰ ਪੂਜਾ ਗੁਪਤਾ, ਪ੍ਰਧਾਨ ਸੁਰਿੰਦਰ ਕੌਰ, ਡਿਜਾਇਨਰ ਗੁਰਨੂਰ ਸਿੰਘ ਅਤੇ ਸੈਂਕੜੇ ਦੀ ਗਿਣਤੀ ਵਿੱਚ ਪਹੁੰਚੇ ਮਹਿਮਾਨ ਦਰਸ਼ਕ ਹਾਜਰ ਸਨ।