ਪਿੰਡ, ਪੰਜਾਬ ਦੀ ਚਿੱਠੀ (168)

ਸਭ ਨੂੰ ਸਤ ਸ਼੍ਰੀ ਅਕਾਲ। ਅਸੀਂ ਸਾਰੇ ਇੱਥੇ ਚੜ੍ਹਦੀ ਕਲਾ ਵਿੱਚ ਹਾਂ। ਬਾਬਾ ਜੀ, ਤੁਹਾਨੂੰ ਵੀ ਸਦਾ ਤਰੱਕੀਆਂ ਦੇਣ। ਅੱਗੇ ਸਮਾਚਾਰ ਇਹ ਹੈ ਕਿ ਬੂਟਾ ਬਾਬਾ ਇਜ਼ਰਾਈਲ ਦੀਆਂ ਬੰਬ-ਖ਼ਬਰਾਂ ਅਤੇ ਫ਼ੋਟੂਆਂ ਵੇਖ, ਵਿਚਲਿਤ ਹੋ ਗਿਆ ਹੈ। ਜਦੋਂ ਦਿਮਾਗ ਫਟਣ ਵਾਲਾ ਹੋ ਗਿਆ ਤਾਂ ਬਲਕਰਨ ਮਾਸ਼ਟਰ ਕੋਲ ਜਾ, ਗੱਲ ਖੋਹਲੀ, “ਮਾਸ਼ਟਰਾ ਜਾਰ! ਆ ਦੁਨੀਆਂ ਕਿਉਂ ਅੰਤ ਤੇ ਆ-ਗੀ ਆ?" “ਬਾਬਿਓ, ਇਹ ਫਲਸਤੀਨ ਦੇ ਹਮਾਸ ਅਤੇ ਇਜ਼ਰਾਈਲ ਦੀ ਲੜਾਈ ਆ ਅਰਬਚ।” ਬੱਲੂ ਮਾਸ਼ਟਰ ਨੇ ਬਾਬੇ ਦੇ ਪੈਰੀਂ ਹੱਥ ਲਾਂਉਂਦਿਆਂ, ਕੁਰਸੀ ਬੈਠਣ ਲਈ ਨੇੜੇ ਕਰਦਿਆਂ, ਮੋਟੀ ਜਿਹੀ ਗੱਲ ਕੀਤੀ। “ਓ ਤਾਂ ਠੀਕ ਆ, ਪਰ ਫੇਰ ਮਰੀਕੀ ਜਹਾਜ ਕਿਓਂ ਖਲਕਤ ਨੂੰ ਮਾਰੀ ਜਾਂਦੇ ਐ, ਉਨ੍ਹਾਂ ਦੀ ਕੀਹਨੇ, ਪੂਛ ਮਿੱਧੀ ਐ? ਬੱਚੇ, ਬੁੜੀਆਂ, ਬੰਦੇ, ਜਖ਼ਮੀਂ ਹੋ-ਹੋ ਢੇਰ ਲੱਗੀ ਜਾਂਦੇ ਐ।" ਬੂਟਾ ਸਿੰਹੁ ਗੱਲ ਦੀ ਪੂਰੀ ਨਿਸ਼ਾ ਚਾਹੁੰਦਾ ਸੀ।

“ਆਂਏਂ ਸਮਝ ਲੋ ਜੀ, ਬਈ ਆਪਣੇ ਪਿੰਡ ਸੌ ਸਾਲ ਤੋਂ ਸ਼ਾਂਹਾਂ ਦਾ ਰਾਜ ਐ ਨਾ, ਦੂਜੇ ਪਾਸੇ ਗਰੀਬੂ ਕਾ ਲਾਣੈਂ। ਕੌਰ ਸਿੰਹੁ ਸ਼ਾਹ ਨੂੰ ਆਪਣੇ ਸੌ ਕਿੱਲੇ ਦੀ ਧੌਂਸ ਐ, ਗਰੀਬੂ ਕਿਆਂ ਨੂੰ ਬਾਹਲੇ ਲੋਕਾਂ ਦੀ ਹਮੈਤ ਐ ਨਾਂ। ਦੋਨਾਂ ਧੜਿਆਂ ਦੇ ਵੋਟਾਂ ਵੇਲੇ ਤਾਂ ਸਿੰਗ ਫਸਦੇ ਈ ਐ, ਊਂ ਵੀ ਕਿਸੇ ਦੋ ਘਰਾਂ ਦਾ ਵੱਟ-ਡੌਲੇ, ਕੰਧ ਦਾ ਜਾਂ ਕੋਈ ਹੋਰ ਮਸਲਾ ਹੁੰਦੈ ਤਾਂ ਇਹ, ਇੱਕ-ਦੂਜੇ ਪਾਸੇ ਹੋ, ਐਸੀ ਘੈਂਸ-ਘੈਂਸ ਕਰਦੇ ਐ, ਝਗੜਾ ਨੀਂ ਮੁੱਕਣ ਦਿੰਦੇ, ਦੋਨਾਂ ਪਾਸਿਆਂ ਨੂੰ ਥੱਲੇ ਲਾ ਕੇ ਹੀ ਛੱਡਦੇ ਐ, ਬੱਸ ਇਹੀ ਹੋਮੈਂ ਅਮਰੀਕੀ-ਰੂਸੀ ਤਾਕਤਾਂ ਦੀ ਐ। ਵੱਡੇ ਰੂਸ ਵੇਲੇ, ਅਮਰੀਕਾ ਨਾਲ ਮੁਕਾਬਲਾ ਸੀ। ਰੂਸ ਟੁੱਟਣ ਮਗਰੋਂ ਅਮਰੀਕਾ ਦੀਆਂ ਚੜ੍ਹ-ਮੱਚੀਆਂ। ਉਹ ਦੁਨੀਆਂ ਦੇ, ਕਿਸੇ ਵੀ ਦੋ ਦੇਸ਼ਾਂ ਦੇ ਝਗੜੇ ਵਿੱਚ ਮੱਲੋਮੱਲੀ, ਇੱਕ ਪਾਸੇ ਜਾ ਖੜ੍ਹਦੈ। ਵਪਾਰੀ ਐ, ਹਥਿਆਰ ਵੇਚ ਕੇ, ਦੋਹਾਂ ਨੂੰ ਕਮਜੋਰ ਕਰ, ਮਗਰੋਂ ਆਪ ਤਾੜੀ ਵਜਾ ਕੇ ਹੱਸ ਛੱਡਦੈ।

ਭਾਰਤ-ਪਾਕਿਸਤਾਨ, ਅਫਗਾਨਿਸਤਾਨ, ਵੀਅਤਨਾਮ, ਕੋਰੀਆ, ਯੂਗਾਂਡਾ, ਯੂਕਰੇਨ, ਗੱਲ ਕੀ, ਹੁਣ ਇਜ਼ਰਾਈਲ-ਫਸਲਤੀਨ ਵਿੱਚ, ਫਾਨਾ ਬਣ ਕੇ ਐਸਾ ਫਸਿਆ ਕਿ, ਸਭ ਨੂੰ ਮੰਗਣ ਖਾਣ ਜੋਗੇ ਕਰ ਦਿੰਦੈ। ਦਸ-ਵੀਹ ਲੱਖ ਮਰ ਜਾਣ, ਕਰੋੜਾਂ ਉੱਜੜ ਜਾਣ, ਹੰਕਾਰੀ ਮਨ ਨੂੰ ਕੋਈ ਫ਼ਰਕ ਨੀਂ ਪੈਂਦਾ। ਹੁਣ ਵੀ ਅਜੇਹੀ ਕਹਾਣੀ ਹੀ ਹੈ। ਦੋ ਗੁਆਂਢੀ ਅੱਧੀ-ਅੱਧੀ ਨੀਂ ਖਾਂਦੇ, ਬਾਂਦਰ ਨੂੰ ਸਾਰੀ ਦੇ ਦਿੰਦੇ ਐ। ਲੋਕਾਂ ਨੂੰ ਵੀ ਆਪਣੇ ਝਗੜੇ ਆਪ ਬੈਠ ਕੇ ਨਿਬੇੜ ਲੈਣੇ ਚਾਹੀਦੇ ਐ ਨਹੀਂ ਤਾਂ ਇਹ ਸ਼ਾਹ ਅਤੇ ਗਰੀਬੂ ਕੇ ਲਾਣਿਆਂ ਤੋਂ ਆਪਦੇ ਝੁੱਗੇ ਚੌੜ ਕਰਾਂਉਂਦੇ ਰਹਿਣਗੇ। ਹੋਰ ਕੋਈ ਤੋੜ ਨੀਂ।" ਬਾਬਾ ਅਜੇ ਹੋਰ ਵੀ ਪੁੱਛਦਾ ਪਰ ਚਾਹ ਆ ਗੀ ਅਤੇ ਸੁਰਕੜਿਆਂ ਨਾਲ ਕਈ ਕੁੱਝ ਅੰਦਰ ਲੰਘ ਗਿਆ। ਹੋਰ, ‘ਜੱਗ-ਸੀਰਾ ਘਰੇ ਐ, ਚਾਚੀ, ਪੁੱਛਣ ਵਾਲਾ ਅਮਰ ਸਿੰਹੁ ਲਿਬਨਾਨ ਅੱਪੜ ਗਿਆ ਹੈ। ਕਾਲਾ, ਅਜੇ ਵੀ ਤਕਲੀਫ ਨੂੰ ਤਕਲੀਪ ਹੀ ਕਹਿੰਦਾ ਹੈ।

ਧਰਾਂਗਵਾਲਾ, ਧੀਰ ਦੀ ਸੈਨ, ਧਾਰੀਵਾਲ, ਧਿੰਗਾਣਾ, ਧਰਮਪੁਰਾ, ਪਿੰਡਾਂ ਵਾਲੇ ਸਾਰੇ ਠੀਕ ਹਨ। ਆਕੜੂ, ਕੋਠੀ ਵਾਲਿਆਂ ਦੇ, ਚੌਂਟੇ ਚੱਕੇ ਗਏ ਹਨ। ਬਲ ਅਤੇ ਤੂਰ ਹੁਣਾਂ ਦਾ ਸਿਆਟਲ ਤੋਂ ਲੰਮਾਂ ਫ਼ੋਨ ਆਇਆ ਸੀ। ਛਾਬੜਾ ਡਾਕਟਰ ਭਾਈ ਨੂੰ ਵੀ, ਬਿਮਾਰੀ ਨੇ ਸਿੱਟ ਲਿਆ ਹੈ। ਸ਼੍ਰੋਮਣੀ ਕਮੇਟੀ ਵੋਟਾਂ ਬਣਾਉਣ ਚ, ਸਿੱਖਾਂ ਦੀ ਸੁਸਤੀ ਉੱਤੇ ਹੈਰਾਨੀ ਹੋ ਰਹੀ ਹੈ। ਪਾਰਟੀਆਂ, ਵਿਆਹਾਂ, ਸ਼ਗਨਾਂ ਅਤੇ ਭੋਗਾਂ ਉੱਪਰ ਖੁੱਲ੍ਹ ਦਿਲੀ ਨਾਲ ਖਾਣਾ-ਦਾਣਾ ਚੱਲ ਰਿਹਾ ਹੈ। ਅਗੇਤਾ ਸਰ੍ਹੋਂ, ਪਾਲਕ, ਮੇਥਰੇ ਦਾ ਸਾਗ ਖਾ ਲਿਆ ਹੈ। ਕਈ ਭਾਈਵਾਲ, ਅਜੇ ਵੀ, ਵਿਦੇਸ਼ ਜਾਣ ਲੱਗਿਆਂ ਭਾਂਡੇ-ਟੀਂਡਿਆਂ ਦੀਆਂ ਬੋਰੀਆਂ ਭਰ ਕੇ ਲਿਜਾ ਰਹੇ ਹਨ। ਦਵਾਈ ਆਲੇ ਬੂਟੇ, ਘਰਾਂਚ ਲਾਉਣ ਦਾ ਸਿਲਸਿਲਾ ਵੱਧ ਰਿਹੈ। ਪਟਾਕੇ ਚਲਾ ਜਵਾਕ, ਪੈਸੇ ਫੂਕਣ ਲੱਗ ਪਏ ਹਨ।

ਮਿਲਾਂਗੇ ਅਗਲੇ ਐਤਵਾਰ। ਜਿੰਦਾਬਾਦ।

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061