ਲੇਖਕ – ਪਰਮਜੀਤ ਸਿੰਘ ਕੜਿਆਲ
ਮੁਰਝਾਏ ਫੁੱਲਾਂ ਦੀ ਮਹਿਕ ਪਰਮਜੀਤ ਸਿੰਘ ਕੜਿਆਲ ਦਾ ਕਹਾਣੀ ਸੰਗ੍ਰਹਿ ਹੈ, ਜਿਸ ਵਿੱਚ ਉਸਦੀ ਸਮੁੱਚੀ ਰਚਨਾ 9 ਕਹਾਣੀਆਂ ਅਤੇ 22 ਮਿੰਨੀ ਕਹਾਣੀਆਂ ਸ਼ਾਮਲ ਹਨ। ਇਹ ਸਾਰੀਆਂ ਰਚਨਾਵਾਂ ਵੱਖ ਵੱਖ ਅਖ਼ਬਾਰਾਂ ਜਾਂ ਰਸਾਲਿਆਂ ਵਿੱਚ ਛਪ ਚੁੱਕੀਆਂ ਹਨ, ਜਿਹਨਾਂ ਨੂੰ ਉਸਨੇ ਇੱਕ ਜਿਲਦ ਵਿੱਚ ਇਕੱਠੀਆਂ ਕਰਕੇ ਪੁਸਤਕ ਰੂਪ ਦਿੱਤਾ ਹੈ। ਆਪਣੀ ਸਾਰੀ ਰਚਨਾਕਾਰੀ ਨੂੰ ਸਦੀਵੀ ਰੂਪ ਦੇਣ ਦਾ ਲੇਖਕ ਦਾ ਚੰਗਾ ਉੱਦਮ ਹੈ। ਕੜਿਆਲ ਦੀਆਂ ਕਹਾਣੀਆਂ ਵਿੱਚ ਪੇਂਡੂ ਸੱਭਿਆਚਾਰ ਸਮੋਇਆ ਹੋਇਆ ਹੈ। ਉਸਨੂੰ ਕਹਾਣੀ ਕਲਾ ਦੀ ਪੂਰੀ ਜਾਣਕਾਰੀ ਹੈ, ਸਮਾਜਿਕ ਕੁਰੀਤੀਆਂ ਨੂੰ ਉਹ ਕਹਾਣੀਆਂ ਦੇ ਰੂਪ ਵਿੱਚ ਬਹੁਤ ਖੂਬਸੂਰਤੀ ਨਾਲ ਪੇਸ਼ ਕਰਦਾ ਹੈ। ਕਜੋੜ ਵਿਆਹ, ਆੜਤੀਏ ਵੱਲੋਂ ਕਿਸਾਨ ਨਾਲ ਧੱਕਾ, ਪੁਲਿਸ ਤਸ਼ੱਦਦ, ਗਰੀਬੀ, ਧੀ ਵਿਆਹੁਣ ਦੀ ਚਿੰਤਾ, ਆਰਥਿਕ ਕਮਜੋਰੀ ਕਾਰਨ ਟੁੱਟਦੇ ਅਰਮਾਨ ਆਦਿ ਵਿਸ਼ਿਆਂ ਨੂੰ ਪੇਸ਼ ਕਰਕੇ ਉਹ ਪਾਠਕ ਦੇ ਹਿਰਦੇ ਵਿੱਚ ਧੂਅ ਪਾ ਦਿੰਦਾ ਹੈ। ਉਹ ਕਰੀਬ ਸਾਢੇ ਚਾਰ ਦਹਾਕਿਆਂ ਤੋਂ ਸਾਹਿਤ ਰਚਦਾ ਆ ਰਿਹਾ ਹੈ, ਇਸੇ ਕਰਕੇ ਉਹ ਪਿੰਡਾਂ ਵਿੱਚ ਲੰਬਾ ਸਮਾਂ ਪਹਿਲਾਂ ਵਰਤੇ ਜਾਂਦੇ ਸ਼ਬਦਾਂ ਕੱਤੇ ਦਾ ਮਹੀਨਾ, ਪਹਿਲੇ ਪੱਖ, ਕੁੱਤੇ ਝਾਕ, ਮਾਲ ਢਾਂਡਾ, ਤੇਰਵਾਂ ਮਹੀਨਾ, ਭੰਬੂਤਾਰੇ ਅਤੇ ਵੇਖ ਖਾਂ ਨੰੂ ਹੇਖਾਂ ਵਰਤ ਕੇ ਪੁਰਾਣੇ ਸੱਭਿਆਚਾਰ ਨੂੰ ਯਾਦ ਕਰਵਾ ਦਿੰਦਾ ਹੈ। ਉਸਦਾ ਦਿ੍ਰਸ਼ਟੀਕੋਣ ਮਾਨਵਵਾਦੀ ਹੈ, ਉਹ ਲੁੱਟੇ ਜਾਣ ਵਾਲਿਆਂ ਨਾਲ ਤੇ ਕਿਰਤੀਆਂ ਨਾਲ ਖੜਦਾ ਦਿਖਾਈ ਦਿੰਦਾ ਹੈ।
ਔਲਾਦ ਨਾ ਹੋਣ ਦਾ ਦੁਖੜਾ ‘ਚੋਪੜਨ ਲਈ ਜਦ ਉਸਨੇ ਮੱਖਣ ਵਾਲੀ ਕੁੱਜੀ ਵਿੱਚ ਹੱਥ ਪਾਇਆ ਤਾਂ ਉਹ ਕੁੱਜੀ ਉਸਦੀ ਕੁੱਖ ਵਾਂਗ ਸੱਖਣੀ ਸੀ’ (ਕੱਲਰ ਖਾਧੀ ਕੰਧ)। ਕਜੋੜ ਵਿਆਹ ਸਦਕਾ ਔਰਤ ਦੇ ਦੁੱਖ ਨੂੰ ਪ੍ਰਗਟ ਕਰਦੈ ‘ਪੀਤੋ ਮੁੜ ਕੇ ਝਾਕੀ ਜਿਵੇਂ ਕਹਿ ਰਹੀ ਹੋਵੇ ਵੇਖ, ਅਸੀਂ ਕਿਹੋ ਜਿਹੇ ਲਗਦੇ ਐਂ ਜਿਵੇਂ ਸੰਤੇ ਅਮਲੀ ਦੀ ਬੋਤੀ ਨਾਲ ਬਲਦ ਜੋੜਿਆ ਹੋਵੇ’ (ਮੁਰਝਾਏ ਫੁੱਲਾਂ ਦੀ ਮਹਿਕ) ਜਾਂ ‘ਸਵੀਤਾ ਨੇ ਸਹੁਰੇ ਘਰ ਬੰਗਲੇ ਵਰਗੀ ਕੋਠੀ ਵਿੱਚ ਪੈਰ ਪਾਇਆ ਤਾਂ ਉਸਨੂੰ ਇਹ ਸਮਸ਼ਾਨਘਾਟ ਵਰਗੀ ਲੱਗੀ’ (ਚੁੰਨੀ ਲੀਰੋ ਲੀਰ)। ਕਹਾਣੀ (ਬੰਤੋ ਦੀਆਂ ਡੰਡੀਆਂ) ਕਿਸਾਨੀ ਦੀ ਮਾੜੀ ਹਾਲਤ ਦਾ ਬਿਰਤਾਂਤ ਹੈ। ਸ਼ੀਲਾ ਸਾਲਾਂ ਮਗਰੋਂ ਡੰਡੀਆਂ ਲਿਆਇਆ ਤਾਂ ਰੱਖੇ ਸ਼ਾਹ ਦੇ ਬੰਦਿਆਂ ਨੇ ਖੋਹ ਲਈਆਂ, ਕਿਉਂਕਿ ਉਸਨੇ ਸ਼ੀਲੇ ਤੋਂ ਪੈਸੇ ਲੈਣੇ ਸਨ। ਬੰਤੋ ਡੰਡੀਆਂ ਮੰਗਦੀ ਹੈ ਤਾਂ ਉਹ ਹੰਝੂ ਕੇਰਦਾ ਹੈ, ਭੁੱਬੀਂ ਰੋਂਦਾ ਹੈ ਪਰ ਅੱਜ ਵਾਂਗ ਖੁਦਕਸ਼ੀ ਬਾਰੇ ਨਹੀਂ ਸੋਚਦਾ। (ਕੱਚੀਆਂ ਫ਼ਸਲਾਂ, ਪੱਕੀਆਂ ਫ਼ਸਲਾਂ) ਵਿੱਚ ਕਹਾਣੀਕਾਰ ਖੂਹ ਦੀ ਟਿੱਕ ਟਿੱਕ, ਚੀਂ ਚੀਂ ਦਰਖ਼ਤਾਂ ਉੱਪਰ ਬੈਠੇ ਪੰਛੀਆਂ ਦੀ ਚਰਰ ਚਰਰ ਨਾਲ ਦਹਾਕਿਆਂ ਪਹਿਲਾਂ ਦਾ ਖੂਬਸੂਰਤ ਮਹੌਲ ਸਿਰਜਦਾ ਹੈ, ਬਾਅਦ ਵਿੱਚ ਜਦ ਪੱਕੀ ਕਣਕ ਦੇ ਸਿੱਟੇ ਦੀ ਆਵਾਜ਼ ਸੰਤੀ ਨੂੰ ਸੁਣਾਉਂਦਾ ਹੈ ਕਿ ‘‘ਮੈਂ ਤਾਂ ਤੇਰੀ ਸ਼ੀਲਾ ਵਾਂਗ ਪਰਾਇਆ ਧਨ ਹਾਂ’’ ਮਨ ਝੰਜੋੜਦਾ ਹੈ। ਰਕਮ ਵਾਪਸ ਨਾ ਕਰ ਸਕਣ ਸਦਕਾ ਆੜਤੀਆ ਮੱਝ ਖੋਹਲ ਕੇ ਲੈ ਜਾਂਦਾ ਹੈ, ਇੱਥੇ ਸ਼ਾਹ ਅਸਲ ਵਿੱਚ ਸਰਮਾਏਦਾਰੀ ਤੇ ਕਾਰਪੋਰੇਟ ਘਰਾਣਿਆਂ ਦਾ ਪ੍ਰਤੀਕ ਹੈ। ਔਰਤ ਦੇ ਅਜਿਹੇ ਅਰਮਾਨਾਂ ਨੂੰ ਉਹ ਬਾਖੂਬੀ ਪੇਸ਼ ਕਰਕੇ ਪਾਠਕ ਨੂੰ ਧੁਰ ਅੰਦਰ ਤੱਕ ਹਲੂਣ ਦਿੰਦਾ ਹੈ।
ਉਸਦੇ ਪਾਤਰ ਕਿਰਤੀ ਹਨ, ਆਰਥਿਕ ਪੱਖੋਂ ਟੁੱਟੇ ਹੋਏ ਹਨ, ਔਰਤਾਂ ਗਰੀਬੀ ਦੀਆਂ ਮਾਰੀਆਂ ਹਨ, ਸਮਾਜਿਕ ਕੁਰੀਤੀਆਂ ਝੱਲਦੀਆਂ ਹਨ। ਪਰ ਕਈ ਔਰਤ ਪਾਤਰ ਦਲੇਰ ਵੀ ਹਨ ਸਵੀਤਾ ਬਗਾਵਤ ਕਰਦੀ ਹੈ, ਗੇਬੋ ਸਵੈਮਾਨ ਦਿਖਾਉਂਦੀ ਹੈ। ਕਹਾਣੀ ‘ਜਿਉਂਦੀ ਗੈਰਤ’ ਵਿੱਚ ਔਰਤ ਪੈਸੇ ਨਾਲੋਂ ਇੱਜਤ ਰੂਪੀ ਬਾਪ ਦੀ ਪੱਗ ਦਾ ਫਿਕਰ ਕਰਦੀ ਹੋਈ ਸੇਰਨੀ ਦਾ ਰੂਪ ਧਾਰਦੀ ਹੈ। ਸੰਤੀ ਗਰੀਬੀ ਦਾ ਮੁਕਾਬਲਾ ਕਰਦੀ ਹੈ। ਮਿੰਨੀ ਕਹਾਣੀਆਂ ਵਿੱਚ ਜੁਗਤ, ਮੁਸ਼ਕ, ਗਿੰਦੂ ਦੇ ਡੰਗ, ਕਦਰ, ਮਜਬੂਰੀ ਆਦਿ ’ਚ ਪੇਂਡੂ ਹਾਸੇ ਵਾਲੀਆਂ ਪਰ ਸੱਚੀਆਂ ਗੱਲਾਂ ਹਨ। ਚੇਤਨ, ਪੀਰਾਂ ਦੀ ਸਹੁੰ, ਗਊ ਸੇਵਾ, ਅੰਨੀ ਸਰਧਾ, ਬਰਕਤ ਆਦਿ ਕਹਾਣੀਆਂ ਤਰਕਸ਼ੀਲਤਾ ਤੇ ਆਧਾਰਤ ਹਨ। ਕੁਲ ਮਿਲਾ ਕੇ ਕਹਾਣੀਆਂ ਪ੍ਰੇਰਨਾ ਦੇਣ ਵਾਲੀਆਂ ਤੇ ਸੱਚ ਨੂੰ ਉਜਾਗਰ ਕਰਨ ਵਾਲੀਆਂ ਹਨ। ਪੁਸਤਕ ਪੜਣਯੋਗ ਤੇ ਵਿਚਾਰਨਯੋਗ ਦਸਤਾਵੇਜ਼ ਹੈ।
ਬਲਵਿੰਦਰ ਸਿੰਘ ਭੁੱਲਰ
ਮੋਬਾ: 988882 75913