ਸ੍ਰੀਲੰਕਾ ਦਾ ਵੱਡਾ ਫ਼ੈਸਲਾ: ਭਾਰਤ ਸਣੇ 7 ਦੇਸ਼ਾਂ ਲਈ ਮੁਫ਼ਤ ਵੀਜ਼ਾ ਸਕੀਮ ਦਾ ਕੀਤਾ ਐਲਾਨ

ਸ੍ਰੀਲੰਕਾ ਦੀ ਕੈਬਨਿਟ ਨੇ ਕਰਜ਼ੇ ਦੇ ਬੋਝ ਹੇਠ ਦੱਬੇ ਟਾਪੂ ਦੇਸ਼ ਵਿਚ ਸੈਰ-ਸਪਾਟਾ ਖੇਤਰ ਦੇ ਮੁੜ ਨਿਰਮਾਣ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਭਾਰਤ ਅਤੇ ਛੇ ਹੋਰ ਦੇਸ਼ਾਂ ਦੇ ਯਾਤਰੀਆਂ ਨੂੰ ਮੁਫ਼ਤ ਟੂਰਿਸਟ ਵੀਜ਼ਾ ਜਾਰੀ ਕਰਨ ਦੀ ਨੀਤੀ ਨੂੰ ਮਨਜ਼ੂਰੀ ਦੇ ਦਿਤੀ ਹੈ। ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਮੰਗਲਵਾਰ ਨੂੰ ਇਹ ਗੱਲ ਕਹੀ।

ਵਿਦੇਸ਼ ਮੰਤਰੀ ਸਾਬਰੀ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਨੂੰ 31 ਮਾਰਚ 2024 ਤਕ ਪਾਇਲਟ ਪ੍ਰਾਜੈਕਟ ਵਜੋਂ ਲਾਗੂ ਕੀਤਾ ਜਾਵੇਗਾ। ਮੰਤਰੀ ਮੰਡਲ ਨੇ ਤੁਰੰਤ ਪ੍ਰਭਾਵ ਨਾਲ ਭਾਰਤ, ਚੀਨ, ਰੂਸ, ਮਲੇਸ਼ੀਆ, ਜਾਪਾਨ, ਇੰਡੋਨੇਸ਼ੀਆ ਅਤੇ ਥਾਈਲੈਂਡ ਦੇ ਯਾਤਰੀਆਂ ਲਈ ਮੁਫ਼ਤ ਦਾਖਲੇ ਨੂੰ ਮਨਜ਼ੂਰੀ ਦੇ ਦਿਤੀ ਹੈ।

ਇਨ੍ਹਾਂ ਦੇਸ਼ਾਂ ਦੇ ਸੈਲਾਨੀ ਸ੍ਰੀਲੰਕਾ ਜਾਣ ਲਈ ਬਿਨਾਂ ਕਿਸੇ ਫੀਸ ਦੇ ਵੀਜ਼ਾ ਪ੍ਰਾਪਤ ਕਰ ਸਕਣਗੇ। 2019 ਵਿਚ ਈਸਟਰ ਦੇ ਦਿਨ ਹੋਏ ਬੰਬ ਧਮਾਕਿਆਂ ਤੋਂ ਬਾਅਦ ਸ੍ਰੀਲੰਕਾ ਵਿਚ ਸੈਲਾਨੀਆਂ ਦੀ ਆਮਦ ਘੱਟ ਗਈ ਸੀ। ਇਨ੍ਹਾਂ ਧਮਾਕਿਆਂ ਵਿਚ 11 ਭਾਰਤੀਆਂ ਸਮੇਤ 270 ਲੋਕ ਮਾਰੇ ਗਏ ਸਨ ਅਤੇ 500 ਤੋਂ ਵੱਧ ਜ਼ਖ਼ਮੀ ਹੋਏ ਸਨ।