ਪਿੰਡ ਪਿੱਥੋ ਦੀ ਲਾਇਬ੍ਰੇਰੀ ਲਈ ਵੱਡੀ ਗਿਣਤੀ ਵਿੱਚ ਪੁਸਤਕਾਂ ਭੇਂਟ ਕੀਤੀਆਂ

ਹਰ ਪਿੰਡ ਵਿੱਚ ਇੱਕ ਲਾਇਬ੍ਰੇਰੀ ਹੋਣੀ ਚਾਹੀਦੀ ਹੈ- ਸ੍ਰ: ਭੁੱਲਰ

(ਬਠਿੰਡਾ, 23 ਅਕਤੂਬਰ, ਬਲਵਿੰਦਰ ਸਿੰਘ ਭੁੱਲਰ) ਕਿਤਾਬਾਂ ਮਨੁੱਖ ਦੇ ਗਿਆਨ ਵਿੱਚ ਵਾਧਾ ਕਰਦੀਆਂ ਹਨ। ਪੁਸਤਕਾਂ ਤੇ ਲਾਇਬ੍ਰੇਰੀਆਂ ਗਿਆਨ ਦੇ ਚਸ਼ਮੇ ਹੀ ਹੁੰਦੇ ਹਨ, ਜਿੱਥੋਂ ਇਨਸਾਨ ਨੂੰ ਗਿਆਨ ਰਸ ਪ੍ਰਾਪਤ ਹੁੰਦਾ ਹੈ। ਹਰ ਪਿੰਡ ਵਿੱਚ ਇੱਕ ਲਾਇਬਰੇਰੀ ਹੋਣੀ ਚਾਹੀਦੀ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਪੰਜਾਬੀ ਦੇ ਉੱਚਕੋਟੀ ਦੇ ਸਾਹਿਤਕਾਰ ਸ੍ਰ: ਗੁਰਬਚਨ ਸਿੰਘ ਭੁੱਲਰ ਨੇ ਪਿੰਡ ਪਿੱਥੋ ਜਿਲਾ ਬਠਿੰਡਾ ਦੀ ਲਾਇਬਰੇਰੀ ਲਈ ਕਰੀਬ ਚਾਲੀ ਹਜ਼ਾਰ ਰੁਪਏ ਦੀ ਕੀਮਤ ਦੀਆਂ ਪੁਸਤਕਾਂ ਭੇਂਟ ਕੀਤੀਆਂ। ਇੱਥੇ ਇਹ ਵਰਨਣਯੋਗ ਹੈ ਕਿ ਪਿੰਡ ਪਿੱਥੋ ਨੂੰ ਸਾਹਿਤਕਾਰਾਂ ਤੇ ਪੱਤਰਕਾਰਾਂ ਦਾ ਪਿੰਡ ਵੀ ਕਿਹਾ ਜਾਂਦਾ ਹੈ, ਭਾਈ ਕਾਨ ਸਿੰਘ ਨਾਭਾ ਦਾ ਵੀ ਜੱਦੀ ਪਿੰਡ ਹੈ ਅਤੇ ਸ੍ਰ: ਗੁਰਬਚਨ ਸਿੰਘ ਭੁੱਲਰ ਵੀ ਇਸੇ ਪਿੰਡ ਦੇ ਜੰਮਪਲ ਹਨ।

ਸ੍ਰ: ਭੁੱਲਰ ਨੇ ਕਿਹਾ ਕਿ ਵਿਦਵਤਾ ਜੋਰ ਜ਼ਬਰਦਸਤੀ ਨਾਲ ਨਹੀਂ, ਸੱਚੀ ਸੁੱਚੀ ਦਿਲਚਸਪੀ ਜਗਾ ਕੇ ਹੀ ਪੈਦਾ ਕੀਤੀ ਜਾ ਸਕਦੀ ਹੈ। ਇਸ ਤੱਥ ਦੀ ਸ਼ਾਹਦੀ ਭਰਦਿਆਂ ਹੀ ਨਵੀਂ ਪੀੜੀ ਦੇ ਨੌਜਵਾਨਾਂ ਵਿੱਚ ਅਜਿਹੀ ਦਿਲਚਸਪੀ ਪੈਦਾ ਕਰਨ ਲਈ ਪਿੰਡ ਦੇ ਨੌਜਵਾਨਾਂ ਨੇ ਲਾਇਬਰ੍ਰੇਰੀ ਖੋਹਲਣ ਦਾ ਉਪਰਾਲਾ ਕੀਤਾ, ਜੋ ਸਲਾਘਾਯੋਗ ਕਦਮ ਹੈ। ਉਹਨਾਂ ਵੱਲੋਂ ਭੇਂਟ ਕੀਤੀਆਂ ਪੁਸਤਕਾਂ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਪੁਸਤਕਾਂ ਤੋਂ ਇਲਾਵਾ ਨਾਨਕ ਸਿੰਘ ਦੇ ਨਾਵਲਾਂ ਦਾ ਮੁਕੰਮਲ ਸੈੱਟ, ਦੁਨੀਆਂ ਪੱਧਰ ਦੀਆਂ ‘ਮੇਰਾ ਦਾਗਸਤਾਨ’ ਵਰਗੀਆਂ ਪੁਸਤਕਾਂ ਸਮੇਤ ਪੰਜਾਬ ਦੇ ਪ੍ਰਸਿੱਧ ਨਾਵਲਕਾਰਾਂ, ਕਹਾਣੀਕਾਰਾਂ, ਕਵੀਆਂ ਤੇ ਗਜ਼ਲਗੋਆਂ ਦੀਆਂ ਕਿਤਾਬਾਂ ਹਨ। ਇਸ ਤੋਂ ਇਲਾਵਾ ਕਰੀਬ ਇੱਕ ਦਰਜਨ ਅੰਗਰੇਜੀ ਦੀਆਂ ਪੁਸਤਕਾਂ ਵੀ ਹਨ। ਲਾਇਬਰ੍ਰੇਰੀ ਦੇ ਇੰਚਾਰਜ ਪ੍ਰੋ: ਬੇਅੰਤ ਸਿੰਘ ਗਿੱਲ ਤੇ ਕਾਲਾ ਸਿੰਘ ਨੇ ਸ੍ਰ: ਭੁੱਲਰ ਦਾ ਧੰਨਵਾਦ ਕਰਦਿਆਂ ਵਿਸਵਾਸ ਦਿਵਾਇਆ ਕਿ ਪੁਸਤਕ ਸੱਭਿਆਚਾਰ ਦੇ ਪ੍ਰਚਾਰ ਨਾਲ ਨੌਜਵਾਨਾਂ ਵਿੱਚ ਪੜਣ ਦੀ ਰੁਚੀ ਪੈਦਾ ਕਰਨ ਦਾ ਯਤਨ ਕੀਤਾ ਜਾਵੇਗਾ, ਤਾਂ ਜੋ ਜਵਾਨੀ ਨੂੰ ਨਸ਼ਿਆਂ ਤੇ ਸਮਾਜਿਕ ਕੁਰੀਤੀਆਂ ਤੋਂ ਬਚਾਇਆ ਜਾ ਸਕੇ।