ਭਾਰਤ ’ਚ ਅੱਜ ਦਾ ਦੌਰ ਫਿਰਕੂ ਫਾਸ਼ੀਵਾਦ ਦਾ ਹੈ -ਡਾ: ਸਿਰਸਾ

ਬਠਿੰਡਾ, 25 ਫਰਵਰੀ, ਬਲਵਿੰਦਰ ਸਿੰਘ ਭੁੱਲਰ
ਪੰਜਾਬੀ ਦੀ ਵਿਸ਼ਵ ਪੱਧਰ ਦੀ ਸੰਸਥਾ ਪ੍ਰਗਤੀਸ਼ੀਲ ਲੇਖਕ ਸੰਘ ਦੀ ਜਿਲਾ ਇਕਾਈ ਬਠਿੰਡਾ ਵੱਲੋਂ ਮੈਗਜੀਨ ‘ਪਰਵਾਜ਼’ ਦੇ ਫਾਸ਼ੀਵਾਦ ਵਿਸ਼ੇਸ਼ ਅੰਕ ਉੱਪਰ ਵਿਚਾਰ ਚਰਚਾ ਕਰਵਾਈ ਗਈ। ਚਰਚਾ ਦੇ ਮੁੱਖ ਵਕਤਾ ਡਾ: ਸੁਖਦੇਵ ਸਿੰਘ ਸਿਰਸਾ, ਮੁੱਖ ਮਹਿਮਾਨ ਡਾ: ਪਰਮਿੰਦਰ ਸਿੰਘ, ਟਿੱਪਣੀਕਾਰ ਪ੍ਰੋ: ਮਨਜੀਤ ਸਿੰਘ ਸਨ ਅਤੇ ਸਮਾਗਮ ਦੀ ਪ੍ਰਧਾਨ ਸ੍ਰੀ ਸਤਨਾਮ ਸਿੰਘ ਸ਼ੌਕਰ ਨੇ ਕੀਤੀ।
ਸਮਾਗਮ ਦੀ ਸੁਰੂਆਤ ਕਰਦਿਆਂ ਸੀ ਦਮਜੀਤ ਦਰਸ਼ਨ ਨੇ ਮਹਿਮਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ। ਇਸ ਉਪਰੰਤ ਮੈਗਜੀਨ ਪਰਵਾਜ਼ ਦੇ ਬਾਨੀ ਸੰਪਾਦਕ ਸ੍ਰੀ ਅਤਰਜੀਤ ਕਹਾਣੀਕਾਰ ਨੇ ਮੈਗਜੀਨ ਦੇ ਸਫ਼ਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਇਸਦੇ 28 ਅੰਕ ਪ੍ਰਕਾਸ਼ਿਤ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਦੁਨੀਆਂ ਭਰ ਵਿੱਚ ਫਾਸ਼ੀਵਾਦ ਵਧ ਰਿਹਾ ਹੈ, ਇਸਦਾ ਮੁਕਾਬਲਾ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਜਰੂਰਤ ਹੈ ਅਤੇ ਇਸ ਕਾਰਜ ਵਿੱਚ ਹਿੱਸਾ ਲੈਂਦਿਆਂ ਪਰਵਾਜ਼ ਦਾ ਫਾਸ਼ੀਵਾਦ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਗਿਆ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ: ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਫਾਸ਼ੀਵਾਦ ਨੂੰ ਰੋਕਣ ਲਈ ਚੰਗੇ, ਧਰਮ ਨਿਰਪੱਖ ਅਤੇ ਲੋਕ ਪੱਖੀ ਰਾਸ਼ਟਰ ਦੀ ਲੋੜ ਹੁੰਦੀ ਹੈ। ਭਾਰਤ ਦਾ ਰਾਸ਼ਟਰ ਉਸਾਰਨ ਵੇਲੇ ਧਰਮ ਨਿਰਪੱਖਤਾ ਦੀ ਦਿੱਖ ਤਾਂ ਪੇਸ਼ ਕੀਤੀ ਗਈ ਪਰ ਅਮਲ ਵਿੱਚ ਅਜਿਹਾ ਨਹੀਂ ਸੀ, ਇਸ ਵਿੱਚ ਧਾਰਮਿਕ ਵਖ਼ਰੇਵੇਂ, ਨਸਲਵਾਦ, ਜਾਤ ਪਾਤ ਆਦਿ ਸ਼ਾਮਲ ਸੀ। ਜੋ ਭਾਰਤ ਦੇ ਸੰਵਿਧਾਨ ਵਿੱਚ ਲਿਖਿਆ ਗਿਆ ਹੈ ਅਮਲ ਵਿੱਚ ਉਸਦੇ ਉਲਟ ਹੋ ਰਿਹਾ ਹੈ। ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜਿਹਾ ਕੀਤਾ ਨਹੀਂ ਜਾ ਸਕੇਗਾ। ਉਹਨਾਂ ਕਿਹਾ ਕਿ ਫਾਸ਼ੀਵਾਦ ਵਰਤਾਰੇ ਪਿੱਛੇ ਕੰਮ ਕਰਦੀਆਂ ਤਾਕਤਾਂ ਨੂੰ ਪਛਾਣਨ ਦੀ ਲੋੜ ਹੈ, ਵਿਵਹਾਰ ’ਚ ਲੜਾਈ ਸਿਧਾਤਾਂ ਨਾਲ ਨਹੀਂ ਲੜੀ ਜਾ ਸਕਦੀ, ਲੋਕਾਂ ਦੀ ਭਾਸ਼ਾ ਨੂੰ ਸਮਝ ਕੇ ਚੇਤਨ ਕਰਕੇ ਇੱਕ ਮੋਰਚੇ ਵਿੱਚ ਲਿਆਉਣਾ ਚਾਹੀਦਾ ਹੈ। ਅੱਜ ਰਾਸ਼ਟਰ ਨੂੰ ਭਾਸ਼ਾ ਨਾਲ ਨਹੀਂ ਅਧਿਆਤਮ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਅਤੇ ਭਾਰਤ ਨੂੰ ਹਿੰਦੂ ਰਾਸ਼ਟਰ ਮੰਨਿਆਂ ਜਾ ਰਿਹਾ ਹੈ ਜਿਸ ਵਿੱਚ ਫਿਰਕਾਪ੍ਰਸਤੀ ਭਾਰੂ ਪੈ ਰਹੀ ਹੈ। ਉਹਨਾਂ ਕਿਹਾ ਕਿ ਭਾਰਤ ਦਾ ਰਾਸ਼ਟਰਵਾਦ ਹਿੰਦੂਤਵ ਤੇ ਟਿਕਿਆ ਹੋਇਆ ਹੈ, ਇਸ ਕਰਕੇ ਹੀ ਇਸਲਾਮ, ਈਸਾਈਅਤ ਅਤੇ ਖੱਬੀ ਸੋਚ ਵਾਲਿਆਂ ਤੇ ਹਮਲੇ ਹੋ ਰਹੇ ਹਨ, ਜਿਸਤੋਂ ਸਪਸ਼ਟ ਹੁੰਦਾ ਹੈ ਕਿ ਅੱਜ ਦਾ ਦੌਰ ਫਿਰਕੂ ਫਾਸ਼ੀਵਾਦ ਦਾ ਹੈ।
ਡਾ: ਪਰਮਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਸ਼ਟਰਵਾਦ ਮੂਲ ਵਜੋਂ ਸਾਮਰਾਜਵਾਦੀ ਵਿਰੋਧੀ ਅਤੇ ਇਸਦੇ ਸਤਾਏ ਦੱਬੇ ਕੁਚਲੇ ਲੋਕਾਂ ਦੀ ਸਾਂਝ ਦੀ ਤਰਜਮਾਨੀ ਕਰਨ ਵਾਲਾ ਹੁੰਦਾ ਹੈ। ਹਿੰਦੁਸਤਾਨ ਵਿੱਚ ਰਾਸ਼ਟਰਵਾਦ ਦੀ ਮੁੱਖ ਧਾਰਾ ਦੇ ਸੰਕਲਪ ਦੀ ਉਸਾਰੀ ਵਿੱਚ ਸਾਮਰਾਜਵਾਦ ਦੇ ਵਿਰੋਧ ਦੀ ਖਰੀ ਝਲਕ ਮਿਲਣ ਦੀ ਬਜਾਏ ਸਾਮਰਾਜਵਾਦ ਰਾਜ ਦੁਆਰਾ ਰਚੇ ਪ੍ਰਵਚਨ ਦੇ ਅਸਰ ਹੇਠ ਕੁੱਝ ਫ਼ਰਕ ਵੇਖਣ ਨੂੰ ਮਿਲਦਾ ਹੈ। ਉਹਨਾਂ ਕਿਹਾ ਕਿ ਅੱਜ ਭਾਰਤ ਦੇ ਲੋਕ ਪੱਖੀ ਹਲਕਿਆਂ ਵਿੱਚ ਇਹ ਮੁੱਦਾ ਬਹਿਸ ਦਾ ਕੇਂਦਰ ਬਣਿਆ ਹੋਇਆ ਹੈ ਕਿ ਕੀ ਹਿੰਦੁਸਤਾਨ ਦੀ ਇਸ ਵੇਲੇ ਦੀ ਹਕੂਮਤ ਫਾਸ਼ੀਵਾਦੀ ਹੈ ਜਾਂ ਸੰਵਿਧਾਨ ਤੋਂ ਬਾਹਰ ਜਾ ਕੇ ਜਾਬਰ ਅਧਿਕਾਰਾਂ ਦੀ ਵਰਤੋਂ ਹੋ ਰਹੀ ਹੈ? ਇਹੋ ਕਾਰਨ ਹੈ ਕਿ ਲੋਕਾਂ ਦੇ ਬੁਨਿਆਦੀ ਜਮਹੂਰੀ ਅਧਿਕਾਰਾਂ ਤੇ ਲਗਾਤਾਰ ਹਮਲੇ ਹੋ ਰਹੇ ਹਨ। ਉਹਨਾਂ ਕਿਹਾ ਕਿ ਹਕੁਮਤਾਂ ਵੱਲੋਂ ਜ਼ੁਲਮ ਤੇ ਹਿੰਸਾ ਦਾ ਮਾਹੌਲ ਸਿਰਜਿਆ ਗਿਆ ਹੈ ਅਤੇ ਮੁਸਲਮਾਨਾਂ, ਈਸਾਈਆਂ, ਆਦਿਵਾਸੀਆਂ, ਦਲਿਤਾਂ ਉੱਪਰ ਹਮਲੇ ਹੋ ਰਹੇ ਹਨ। ਉਹਨਾਂ ਕਿਹਾ ਕਿ ਰਾਸ਼ਟਰਵਾਦ ਕਿਸੇ ਧਰਮ ਨਾਲ ਸਬੰਧਤ ਨਹੀਂ ਸਗੋਂ ਜਗੀਰੂ ਸੋਚ ਵਿਰੋਧੀ ਹੋਣਾ ਚਾਹੀਦਾ ਹੈ। ਉਹਨਾਂ ਜਮਹੂਰੀਅਤ ਪ੍ਰਤੀ ਹਾਂ ਪੱਖੀ ਵਰਤਾਰਾ ਸਿਰਜਣ ਦੀ ਜਰੂਰਤ ਤੇ ਜੋਰ ਦਿੱਤਾ ਜੋ ਆਰ ਐੱਸ ਐੱਸ ਦੇ ਏਜੰਡੇ ਦਾ ਵਿਰੋਧੀ ਹੋਵੇ।
ਪ੍ਰੋ: ਮਨਜੀਤ ਸਿੰਘ ਨੇ ਟਿੱਪਣੀ ਕਰਦਿਆਂ ਕਿਹਾ ਕਿ ਭਾਰਤ ਦਾ ਰਾਸ਼ਟਰਵਾਦ ਤੇ ਫਾਸ਼ੀਵਾਦ ਅੰਤਰ ਸਬੰਧਿਤ ਹਨ। ਭਾਰਤ ਵਿੱਚ ਅਸਿੱਧੇ ਰੂਪ ਵਿੱਚ ਫਾਸ਼ੀਵਾਦ ਹੈ ਅਤੇ ਵਿਰੋਧ ਕਰਨ ਵਾਲਿਆਂ ਉੱਪਰ ਦੇਸ਼ ’ਚ ਅਸਿੱਧੇ ਤੌਰ ਤੇ ਹਮਲੇ ਹੋ ਰਹੇ ਹਨ, ਜਿਸਨੂੰ ਸਮਝਣ ਦੀ ਲੋੜ ਹੈ। ਉਹਨਾਂ ਇਸ ਸਮਾਗਮ ਤੇ ਤੱਸਲੀ ਪ੍ਰਗਟ ਕਰਦਿਆਂ ਕਿਹਾ ਕਿ ਬਠਿੰਡਾ ਚਿੰਤਨ ਤੇ ਚੇਤਨਾ ਦਾ ਗੜ ਬਣ ਰਿਹਾ ਹੈ ਅਤੇ ਸਮੁੱਚਾ ਪੰਜਾਬ ਬਠਿੰਡੇ ਵੱਲ ਵੇਖਦਾ ਹੈ। ਨਾਵਲਕਾਰ ਸ੍ਰੀ ਜਸਪਾਲ ਮਾਨਖੇੜਾ ਨੇ ਕਿਹਾ ਕਿ ਫਾਸ਼ੀਵਾਦ ਵਿਰੁੱਧ ਜਾਗਰੂਤਾ ਅਤੀ ਜਰੂਰੀ ਹੈ ਅਤੇ ਲੇਖਕਾਂ ਵੱਲੋਂ ਇਸ ਕਾਰਜ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ। ਆਖ਼ਰ ਵਿੱਚ ਸਭਨਾਂ ਦਾ ਧੰਨਵਾਦ ਕਰਦਿਆਂ ਸ੍ਰੀ ਬਲਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਫਾਸ਼ੀਵਾਦ ਵਧ ਰਿਹਾ ਹੈ ਪਰ ਇਸ ਮਾੜੇ ਰੁਝਾਨ ਵਿਰੁੱਧ ਪੈਦਾ ਹੋ ਰਹੀ ਚੇਤਨਤਾ ਤੇ ਵੀ ਤਸੱਲੀ ਪ੍ਰਗਟ ਹੁੰਦੀ ਹੈ।