ਅਮਰੀਕੀ ਡਾਕਟਰਾਂ ਨੇ ਬੰਦੇ ਦੇ ਸਰੀਰ ’ਚ ਲਾਇਆ ਸੂਰ ਦਾ ਦਿਲ

ਅਮਰੀਕਾ ਦੇ ਸਰਜਨਾਂ ਨੇ ਦਿਲ ਦੀ ਬਿਮਾਰੀ ਦੇ ਅੰਤਮ ਪੜਾਅ ’ਤੇ ਪੁੱਜੇ ਮਰੀਜ਼ ਦੀ ਜਾਨ ਬਚਾਉਣ ਲਈ ਉਸ ਦੇ ਸਰੀਰ ’ਚ ਸੂਰ ਦਾ ਦਿਲ ਟਰਾਂਸਪਲਾਂਟ ਕੀਤਾ ਹੈ। ਇਹ ਅਜਿਹਾ ਸਿਰਫ਼ ਦੂਜਾ ਇਤਿਹਾਸਕ ਟਰਾਂਸਪਲਾਂਟ ਹੈ।

ਦੋਵੇਂ ਇਤਿਹਾਸਕ ਸਰਜਰੀਆਂ ਯੂਨੀਵਰਸਿਟੀ ਆਫ਼ ਮੈਰੀਲੈਂਡ ਮੈਡੀਕਲ ਸੈਂਟਰ (ਯੂ.ਐਮ.ਐਮ.ਸੀ.) ਵਿਖੇ ਯੂਨੀਵਰਸਿਟੀ ਆਫ਼ ਮੈਰੀਲੈਂਡ ਸਕੂਲ ਆਫ਼ ਮੈਡੀਸਨ (ਯੂ.ਐਮ.ਐਸ.ਓ.ਐਮ.) ਫੈਕਲਟੀ ਵਲੋਂ ਕੀਤੀਆਂ ਗਈਆਂ ਸਨ।

ਟਰਮੀਨਲ ਦਿਲ ਦੀ ਬਿਮਾਰੀ ਵਾਲਾ 58 ਵਰ੍ਹਿਆਂ ਦਾ ਮਰੀਜ਼ 20 ਸਤੰਬਰ ਨੂੰ ਜੈਨੇਟਿਕ ਤੌਰ ’ਤੇ ਸੋਧੇ ਹੋਏ ਸੂਰ ਦੇ ਦਿਲ ਦਾ ਇਤਿਹਾਸਕ ਟ੍ਰਾਂਸਪਲਾਂਟ ਪ੍ਰਾਪਤ ਕਰਨ ਵਾਲਾ ਦੁਨੀਆਂ ਦਾ ਦੂਜਾ ਮਰੀਜ਼ ਬਣ ਗਿਆ। ਡਾਕਟਰਾਂ ਅਨੁਸਾਰ ਉਹ ਠੀਕ ਹੋ ਰਿਹਾ ਹੈ ਅਤੇ ਅਪਣੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰ ਰਿਹਾ ਹੈ। ਪਹਿਲੀ ਇਤਿਹਾਸਕ ਸਰਜਰੀ, ਜਨਵਰੀ, 2022 ’ਚ ਡੇਵਿਡ ਬੇਨੇਟ ’ਤੇ ਮੈਰੀਲੈਂਡ ਯੂਨੀਵਰਸਿਟੀ ਦੇ ਮੈਡੀਸਨ ਸਰਜਨਾਂ ਵਲੋਂ ਕੀਤੀ ਗਈ ਸੀ।

ਨਵੇਂ ਮਰੀਜ਼ ਲਾਰੈਂਸ ਫੌਸੇਟ ਨੂੰ ਦਿਲ ਦੀ ਬਿਮਾਰੀ ਸੀ। ਉਸ ਦੀ ਪਹਿਲਾਂ ਤੋਂ ਮੌਜੂਦ ਪੈਰੀਫਿਰਲ ਵੈਸਕੁਲਰ ਬਿਮਾਰੀ ਅਤੇ ਅੰਦਰੂਨੀ ਖੂਨ ਵਹਿਣ ਵਾਲੀਆਂ ਪੇਚੀਦਗੀਆਂ ਦੇ ਕਾਰਨ, ਯੂ.ਐਮ.ਐਮ.ਸੀ. ਅਤੇ ਕਈ ਹੋਰ ਪ੍ਰਮੁੱਖ ਟ੍ਰਾਂਸਪਲਾਂਟ ਹਸਪਤਾਲਾਂ ਨੇ ਉਸ ਨੂੰ ਇਕ ਰਵਾਇਤੀ ਮਨੁੱਖੀ ਦਿਲ ਟ੍ਰਾਂਸਪਲਾਂਟ ਲਈ ਅਯੋਗ ਸਮਝਿਆ। ਡਾਕਟਰਾਂ ਅਨੁਸਾਰ, ਇਹ ਟਰਾਂਸਪਲਾਂਟ ਫੌਸੇਟ ਲਈ ਉਪਲਬਧ ਇੱਕੋ ਇਕ ਬਦਲ ਸੀ ਜਿਸ ਦਿਲ ਕੰਮ ਕਰਨ ਬੰਦ ਕਰਨ ਵਾਲਾ ਸੀ ਅਤੇ ਉਹ ਮੌਤ ਦਾ ਸਾਹਮਣਾ ਕਰ ਰਿਹਾ ਸੀ।

ਅਪਣੀ ਸਰਜਰੀ ਤੋਂ ਕੁਝ ਦਿਨ ਪਹਿਲਾਂ ਅਪਣੇ ਹਸਪਤਾਲ ਦੇ ਕਮਰੇ ਤੋਂ ਇਕ ਇੰਟਰਵਿਊ ਦੌਰਾਨ ਫੌਸੇਟ ਨੇ ਕਿਹਾ, ‘‘ਮੇਰੀ ਇਕੋ-ਇਕ ਉਮੀਦ ਸੂਰ ਦਾ ਦਿਲ ਅਪਣੇ ਸਰੀਰ ’ਚ ਲਾਉਣ ਦੀ ਹੈ।’’ ਉਸ ਨੇ ਅੱਗੇ ਕਿਹਾ, ‘‘ਡਾ ਗ੍ਰਿਫਿਥ, ਡਾ. ਮੋਹੀਉਦੀਨ ਅਤੇ ਉਨ੍ਹਾਂ ਦਾ ਪੂਰਾ ਸਟਾਫ ਸ਼ਾਨਦਾਰ ਰਿਹਾ ਹੈ, ਪਰ ਇਸ ਤੋਂ ਅੱਗੇ ਕੀ ਹੋਵੇਗਾ ਕੋਈ ਨਹੀਂ ਜਾਣਦਾ। ਘੱਟੋ-ਘੱਟ ਹੁਣ ਮੇਰੇ ਕੋਲ ਇਕ ਮੌਕਾ ਤਾਂ ਹੈ।’’

ਉਹ ਇਸ ਵੇਲੇ ਖ਼ੁਦ ਸਾਹ ਲੈ ਰਿਹਾ ਹੈ, ਅਤੇ ਉਸ ਦਾ ਦਿਲ ਸਹਾਇਕ ਉਪਕਰਣਾਂ ਤੋਂ ਬਿਨਾਂ ਕਿਸੇ ਸਹਾਇਤਾ ਦੇ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ।
ਯੂ.ਐਮ.ਐਮ.ਸੀ. ਵਿਖੇ ਸੂਰ ਦਾ ਦਾ ਦਿਲ ਪਹਿਲੇ ਅਤੇ ਦੂਜੇ ਮਰੀਜ਼ ਦੋਹਾਂ ’ਚ ਟਰਾਂਸਪਲਾਂਟ ਕਰਨ ਵਾਲੇ ਡਾਕਟਰ ਬਾਰਟਲੇ ਪੀ. ਗ੍ਰਿਫਿਥ ਨੇ ਕਿਹਾ, ‘‘ਅਸੀਂ ਇਕ ਵਾਰ ਫਿਰ ਇਕ ਮਰ ਰਹੇ ਮਰੀਜ਼ ਨੂੰ ਲੰਮੀ ਉਮਰ ਜੀਣ ਦਾ ਇਕ ਮੌਕਾ ਦੇ ਕਰ ਰਹੇ ਹਾਂ ਅਤੇ ਅਸੀਂ ਇਸ ਖੇਤਰ ਬਾਰੇ ਸਾਡੇ ਗਿਆਨ ਨੂੰ ਅੱਗੇ ਵਧਾਉਣ ’ਚ ਮਦਦ ਕਰਨ ਲਈ ਉਸ ਦੀ ਬਹਾਦਰੀ ਲਈ ਧੰਨਵਾਦੀ ਹਾਂ।’’