ਕਰਾਚੀ— ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਇਕ ਮਸਜਿਦ ਨੇੜੇ ਸ਼ੁੱਕਰਵਾਰ ਨੂੰ ਹੋਏ ਜ਼ਬਰਦਸਤ ਬੰਬ ਧਮਾਕੇ ‘ਚ ਘੱਟੋ-ਘੱਟ 52 ਲੋਕਾਂ ਦੀ ਮੌਤ ਹੋ ਗਈ ਅਤੇ 130 ਤੋਂ ਵੱਧ ਜ਼ਖਮੀ ਹੋ ਗਏ। ਈਦ ਮੌਕੇ ‘ਤੇ ਜਦੋਂ ਧਮਾਕਾ ਹੋਇਆ ਤਾਂ ਵੱਡੀ ਗਿਣਤੀ ‘ਚ ਲੋਕ ਮਸਜਿਦ ਦੇ ਬਾਹਰ ਰੈਲੀ ਲਈ ਇਕੱਠੇ ਹੋਏ ਸਨ। ਇਹ ਜਾਣਕਾਰੀ ਸਥਾਨਕ ਮੀਡੀਆ ‘ਚ ਚੱਲ ਰਹੀਆਂ ਖਬਰਾਂ ਤੋਂ ਸਾਹਮਣੇ ਆਈ ਹੈ। ਜੀਓ ਨਿਊਜ਼ ਦੀ ਖ਼ਬਰ ਮੁਤਾਬਕ ਇਹ ਧਮਾਕਾ ਮਸਤਾਂਗ ਜ਼ਿਲ੍ਹੇ ਵਿੱਚ ਹੋਇਆ। ਇਕ ਅਧਿਕਾਰੀ ਨੇ ਦੱਸਿਆ ਕਿ ਮਸਜਿਦ ਨੇੜੇ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਈਦ-ਮਿਲਾਦ-ਉਨ-ਨਬੀ ਦੇ ਮੌਕੇ ‘ਤੇ ਇਕੱਠੇ ਹੋਏ ਸਨ। ਈਦ ਮਿਲਾਦ ਉਨ ਨਬੀ ਪੈਗੰਬਰ ਮੁਹੰਮਦ ਦੇ ਜਨਮ ਦਿਨ ‘ਤੇ ਮਨਾਇਆ ਜਾਂਦਾ ਹੈ।
ਮੁਸਤਾਂਗ ਦੇ ਸਹਾਇਕ ਕਮਿਸ਼ਨਰ ਅਤਾ ਉਲ ਮੁਨੀਮ ਨੇ ਦੱਸਿਆ ਕਿ ਮਦੀਨਾ ਮਸਜਿਦ ਦੇ ਨੇੜੇ ਹੋਇਆ ਧਮਾਕਾ ਬਹੁਤ ਸ਼ਕਤੀਸ਼ਾਲੀ ਜਾਪਦਾ ਹੈ। ਡਾਨ ਅਖਬਾਰ ਦੀ ਖਬਰ ਮੁਤਾਬਕ ਧਮਾਕੇ ‘ਚ ਘੱਟੋ-ਘੱਟ 52 ਲੋਕਾਂ ਦੀ ਮੌਤ ਹੋ ਗਈ ਅਤੇ 130 ਤੋਂ ਜ਼ਿਆਦਾ ਜ਼ਖਮੀ ਹੋ ਗਏ। ਥਾਣਾ ਇੰਚਾਰਜ ਜਾਵੇਦ ਲਹਿਰੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਮੈਡੀਕਲ ਸੈਂਟਰਾਂ ‘ਚ ਭਰਤੀ ਕਰਵਾਇਆ ਜਾ ਰਿਹਾ ਹੈ ਜਦਕਿ ਹਸਪਤਾਲਾਂ ‘ਚ ਐਮਰਜੈਂਸੀ ਲਗਾ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਕਿਹਾ, ‘ਕੁਝ ਜ਼ਖਮੀਆਂ ਦੀ ਹਾਲਤ ਬਹੁਤ ਗੰਭੀਰ ਹੈ।’ ਧਮਾਕੇ ‘ਚ ਮਰਨ ਵਾਲਿਆਂ ‘ਚ ਇਕ ਡਿਪਟੀ ਸੁਪਰਡੈਂਟ ਆਫ ਪੁਲਿਸ (DSP) ਵੀ ਸ਼ਾਮਲ ਹੈ।