ਸਿਰ ‘ਤੇ ਡਿੱਗਿਆ ਕੱਚ ਦਾ ਦਰਵਾਜ਼ਾ, ਔਰਤ ਨੂੰ 250 ਕਰੋੜ ਰੁਪਏ ਮੁਆਵਜ਼ਾ ਦੇਣ ਦਾ ਅਦਾਲਤ ਨੇ ਕੀਤਾ ਹੁਕਮ ਜਾਰੀ

ਨਿਊਯਾਰਕ, 6 ਅਪ੍ਰੈਲ (ਰਾਜ ਗੋਗਨਾ)-ਚੋਟੀ ਦੀ ਅਮਰੀਕੀ ਕੰਪਨੀ ਜੇ.ਪੀ. ਮੋਰਗਨ ਦੀ ਸਾਬਕਾ ਮਹਿਲਾ ਅਧਿਕਾਰੀ ਦੇ ਸਿਰ ‘ਤੇ ਕੱਚ ਦਾ ਦਰਵਾਜ਼ਾ ਡਿੱਗਣ ਦੇ ਮਾਮਲੇ ‘ਚ ਅਦਾਲਤ ਨੇ ਮਹਿਲਾ ਅਧਿਕਾਰੀ ਨੂੰ 35 ਮਿਲੀਅਨ ਡਾਲਰ ਯਾਨੀ ਭਾਰਤੀ ਕਰੰਸੀ ਦੀ ਬਣਦੀ ਰਕਮ ਕਰੀਬ 250 ਕਰੋੜ ਰੁਪਏ ਮੁਆਵਜ਼ੇ ਵਜੋਂ ਅਦਾ ਕਰਨ ਦਾ ਹੁਕਮ ਜਾਰੀ ਕੀਤਾ ਹੈ। ਦੱਸਣਯੋਗ ਹੈ ਸੰਨ 2015 ਵਿੱਚ, ਜੇਪੀ ਮੋਰਗਨ ਵਿੱਚ ਇੱਕ ਵਿਸ਼ਲੇਸ਼ਕ ਵਜੋਂ ਕੰਮ ਕਰਦੀ 36 ਸਾਲਾ ਦੀ ਔਰਤ ਮੇਗਨ ਬ੍ਰਾਊਨ ਇੱਕ ਡਾਕਟਰ ਦੀ ਨਿਯੁਕਤੀ ਤੋਂ ਵਾਪਸ ਆ ਰਹੀ ਸੀ ਜਦੋਂ ਉਹ ਬਿਲਡਿੰਗ ਦੀ ਲਾਬੀ ਦਾ 7.5 ਫੁੱਟ ਦਾ ਕੱਚ ਦਾ ਦਰਵਾਜ਼ਾ ਅਚਾਨਕ ਮੇਗਨ ਉੱਤੇ ਡਿੱਗ ਗਿਆ ਅਤੇ ਇਸ ਦਾ ਕੱਚ ਉਸ ਦੇ ਸਿਰ ਵਿੱਚ ਵੱਜਿਆ।

ਇਸ ਘਟਨਾ ਦੀ ਵੀਡੀਓ ਵੀ ਉਸ ਸਮੇਂ ਵਾਇਰਲ ਹੋਈ ਸੀ। ਜਿਸ ‘ਚ ਇਹ ਦਰਵਾਜ਼ਾ ਮੇਗਨ ‘ਤੇ ਡਿੱਗਦਾ ਨਜ਼ਰ ਆ ਰਿਹਾ ਸੀ। ਅਦਾਲਤ ‘ਚ ਸੁਣਵਾਈ ਦੌਰਾਨ ਮੇਗਨ ਨੇ ਕਿਹਾ ਕਿ ਮੈਨੂੰ ਯਾਦ ਹੈ, ਉਸ ਸਮੇਂ ਮੇਰੇ ਆਲੇ-ਦੁਆਲੇ ਸ਼ੀਸ਼ਾ ਖਿੱਲਰ ਗਿਆ ਸੀ ਅਤੇ ਉਹ ਫਰਸ਼ ‘ਤੇ ਡਿੱਗ ਗਈ ਸੀ। ਆਲੇ-ਦੁਆਲੇ ਦੇ ਲੋਕ ਉਸ ਦੀ ਮਦਦ ਕਰ ਰਹੇ ਸਨ। ਇਸ ਹਾਦਸੇ ਕਾਰਨ ਉਸ ਦੇ ਸਿਰ ‘ਤੇ ਸੱਟ ਲੱਗ ਗਈ ਸੀ। ਜਿਸ ਕਾਰਨ ਉਸ ਨੇ ਜੇਪੀ ਮੋਰਗਨ ਵਿਖੇ ਵਿਸ਼ਲੇਸ਼ਕ ਵਜੋਂ ਆਪਣੀ ਨੌਕਰੀ ਗੁਆ ਦਿੱਤੀ। ਕਿਉਂਕਿ ਕੰਪਨੀ ਨੂੰ ਲੱਗਾ ਕਿ ਉਸ ਦੇ ਸਿਰ ‘ਤੇ ਸੱਟ ਲੱਗਣ ਕਾਰਨ ਸਹੀ ਤਰੀਕੇ ਨਾਲ ਫੈਸਲੇ ਨਹੀਂ ਲੈ ਸਕਦਾ। ਸਿਰ ਦੀ ਸੱਟ ਕਾਰਨ ਉਸ ਦੀ ਯਾਦਦਾਸ਼ਤ ਕਮਜ਼ੋਰ ਹੋ ਗਈ ਸੀ।

ਮੇਗਨ ਨੇ ਅਦਾਲਤ ਨੂੰ ਦੱਸਿਆ ਕਿ ਸੱਟ ਤੋਂ ਉਭਰਨ ਤੋਂ ਬਾਅਦ ਮੈਂ ਕੰਮ ‘ਤੇ ਵਾਪਸ ਆ ਗਈ ਪਰ ਕੰਪਨੀ ਨੇ 2021 ‘ਚ ਉਸ ਦੀ ਨੌਕਰੀ ਖੋਹ ਲਈ ਕਿਉਂਕਿ ਉਸ ਦਾ ਕੰਮ ਪਹਿਲਾਂ ਵਰਗਾ ਸੱਟ ਲੱਗਣ ਕਾਰਨ ਨਹੀਂ ਰਿਹਾ ਸੀ। ਇਸ ਦੌਰਾਨ, ਇਮਾਰਤ ਦੇ ਮਾਲਕ ਦੇ ਵਕੀਲ ਨੇ ਦਲੀਲ ਦਿੱਤੀ ਕਿ ਇਹ ਇੱਕ ਭਿਆਨਕ ਹਾਦਸਾ ਸੀ ਅਤੇ ਕਿਸੇ ਦੇ ਵੱਸ ਤੋਂ ਬਾਹਰ ਸੀ। ਮੁਆਵਜ਼ਾ ਦੇਣ ਲਈ, ਮੇਗਨ ਬ੍ਰਾਊਨ ਆਪਣੀ ਸੱਟ ਨੂੰ ਇਸ ਤੋਂ ਵੱਧ ਗੰਭੀਰ ਸਮਝ ਰਹੀ ਹੈ।ਹਾਲਾਕਿ , ਜਿਊਰੀ ਨੇ ਮੇਗਨ ਬ੍ਰਾਊਨ ਦੇ ਹੱਕ ਵਿੱਚ ਫੈਸਲਾ ਸੁਣਾਇਆ ਅਤੇ ਇਮਾਰਤ ਦੇ ਮਾਲਕ ਨੂੰ 35 ਮਿਲੀਅਨ ਦਾ ਹਰਜਾਨਾ ਦਿੱਤਾ। ਜਿਊਰੀ ਨੇ ਮੁਕੱਦਮੇ ਦੌਰਾਨ ਵਾਇਰਲ ਹੋਈ ਇੱਕ ਵੀਡੀਓ ਨੂੰ ਵੀ ਕੋਰਟ ਵਿੱਚ ਦੇਖਿਆ। ਜਿਊਰੀ ਦੀ ਸਿਫਾਰਿਸ਼ ਦੇ ਆਧਾਰ ‘ਤੇ ਅਦਾਲਤ ਨੇ ਔਰਤ ਨੂੰ ਮੁਆਵਜ਼ਾ ਦੇਣ ਦਾ ਹੁਕਮ ਸੁਣਾਇਆ।