ਬੁੱਕਮਾਈਸ਼ੋਅ ਨੇ ਪੰਜਾਬੀ-ਕੈਨੇਡੀਅਨ ਗਾਇਕ ਸ਼ੁਭਨੀਤ ਸਿੰਘ ਦਾ ਭਾਰਤ ਦੌਰਾ ਉਸ ਸਮੇਂ ਰੱਦ ਕਰ ਦਿੱਤਾ ਜਦੋਂ ਸੋਸ਼ਲ ਮੀਡੀਆ ’ਤੇ ਟਿਕਟ ਬੁਕਿੰਗ ਐਪ ਨੂੰ ਬਾਈਕਾਟ ਦੀ ਧਮਕੀ ਮਿਲਣੀ ਸ਼ੁਰੂ ਹੋ ਗਈ। ਸ਼ੁਭ ’ਤੇ ਖਾਲਿਸਤਾਨੀਆਂ ਦਾ ਪੱਖ ਪੂਰਨ ਦੇ ਦੋਸ਼ ਲਾਏ ਗਏ ਹਨ।
ਬੁੱਕਮਾਈਸ਼ੋਅ ਨੇ ‘ਐਕਸ’ ’ਤੇ ਕਿਹਾ ਕਿ ਉਹ 7 ਤੋਂ 10 ਦਿਨਾਂ ਦੇ ਅੰਦਰ ਵਿਕੀਆਂ ਹੋਈਆਂ ਟਿਕਟਾਂ ਦੇ ਪੈਸੇ ਮੋੜ ਦੇਣਗੇ। ਉਨ੍ਹਾਂ ਕਿਹਾ,‘‘ਗਾਇਕ ਸ਼ੁਭਨੀਤ ਸਿੰਘ ਦਾ ਭਾਰਤ ਦੌਰਾ ਸਟਿਲ ਰੌਲਿਨ ਰੱਦ ਕੀਤਾ ਜਾਂਦਾ ਹੈ। ਬੁੱਕਮਾਈਸ਼ੋਅ ਨੇ ਸ਼ੋਅ ਲਈ ਖ਼ਰੀਦੀਆਂ ਟਿਕਟਾਂ ਦੇ ਸਾਰੇ ਪੈਸੇ ਮੋੜਨ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਲੋਕਾਂ ਦੇ ਪੈਸੇ ਉਨ੍ਹਾਂ ਦੇ ਖ਼ਾਤਿਆਂ ’ਚ 7 ਤੋਂ 10 ਦਿਨਾਂ ਦੇ ਅੰਦਰ ਮੋੜ ਦਿੱਤੇ ਜਾਣਗੇ। ਪੰਜਾਬੀ ਗਾਇਕ ਦਾ ਦੌਰਾ ਉਸ ਸਮੇਂ ਰੱਦ ਹੋਇਆ ਹੈ ਜਦੋਂ ਭਾਰਤ ਅਤੇ ਕੈਨੇਡਾ ਵਿਚਕਾਰ ਪਹਿਲਾਂ ਤੋਂ ਹੀ ਤਣਾਅ ਵਧਿਆ ਹੋਇਆ ਹੈ।
ਪੰਜਾਬੀ ਰੈਪਰ ਸ਼ੁਭ ਇੰਸਟਾਗ੍ਰਾਮ ’ਤੇ ‘ਸਟਿਲ ਰੌਲਿਨ’ ਗੀਤ ਦੀਆਂ ਰੀਲਾਂ ਵੱਡੀ ਗਿਣਤੀ ’ਚ ਬਣਨ ਮਗਰੋਂ ਮਸ਼ਹੂਰ ਹੋਇਆ ਸੀ। ਉਸ ਦਾ ਪਹਿਲਾ ਗੀਤ ‘ਵੀ ਰੌਲਿਨ’ 2021 ’ਚ ਰਿਲੀਜ਼ ਹੋਇਆ ਸੀ ਅਤੇ ਇਸ ਨੂੰ ਯੂਟਿਊਬ ’ਤੇ 20 ਕਰੋੜ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਉਸ ਦੀ ਪਹਿਲੀ ਐਲਬਮ ‘ਸਟਿਲ ਰੌਲਿਨ’ ਹਾਲ ’ਚ ਰਿਲੀਜ਼ ਹੋਈ ਸੀ ਅਤੇ ਉਸ ਨੇ ਭਾਰਤ ਦੇ 10 ਵੱਖੋ ਵੱਖਰੇ ਸ਼ਹਿਰਾਂ ’ਚ ਟੂਰ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਸ਼ੁਭ ਨੇ 23 ਤੋਂ 25 ਸਤੰਬਰ ਤੱਕ ਮੁੰਬਈ ’ਚ ਸ਼ੋਅ ਕਰਨੇ ਸਨ। ਉਥੇ ਵੀ ਉਸ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਹਨ। ਭਾਜਪਾ ਦੇ ਯੁਵਾ ਮੋਰਚੇ ਨੇ ਸ਼ੁਭ ’ਤੇ ਵੱਖਵਾਦੀ ਅਨਸਰਾਂ ਦੀ ਹਮਾਇਤ ਕਰਨ ਦੇ ਦੋਸ਼ ਲਾਉਂਦਿਆਂ ਉਸ ਦੇ ਪੋਟਰ ਫਾੜ ਦਿੱਤੇ ਸਨ।