ਰਿਸ਼ਤੇ ਪ੍ਰਦੇਸੀਆਂ ਦੇ !

ਜਿਸ ਤੇ ਵਿਦੇਸ਼ ਜਾਣ ਦਾ ਭੂਤ ਸਵਾਰ ਹੋ ਜਾਵੇ,ਉਹ ਕਿਸੇ ਬਾਬੇ ਦੇ ਧਾਗਿਆਂ,ਤਬੀਤਾਂ ਨਾਲ ਨਹੀ ਉਤਰਦਾ।ਉਸ ਨੂੰ ਹਰ ਕੋਈ ਨਕਾਰੀ ਸਲਾਹ ਦੇਣ ਵਾਲਾ ਦੁਸ਼ਮਣ ਲਗਦਾ ਹੈ।ਇਹ ਵਿਦੇਸ਼ੀ ਭੂਤ(ਮਲਿੰਦਰ)”ਮੇਲੇ”ਨੂੰ ਵੀ ਚਿੰਬੜ ਚੁੱਕਿਆ ਸੀ।ਭਾਵੇਂ ਉਹ ਸ਼ਾਦੀ ਸ਼ੁਦਾ ਤੇ ਇੱਕ ਸਾਲ ਦੇ ਬੱਚੇ ਦਾ ਬਾਪ ਸੀ।ਪਰ ਉਸ ਦੀ ਵਿਦੇਸ਼ ਜਾਣ ਵਾਲੀ ਜਿੱਦ ਅੱਗੇ ਮਾਪੇ ਵੀ ਹਾਰ ਗਏ ਸਨ।”ਮੇਲੇ” ਦੇ ਪਿਤਾ ਨੇ ਉਧਾਰੇ ਤੇ ਕੁਝ ਵਿਆਜੂ ਪੈਸੇ ਫੜ੍ਹ ਕੇ ਏਜੰਟ ਨਾਲ ਭੇਜਣ ਦੀ ਗੱਲ ਕਰ ਲਈ।ਏਜੰਟ ਨੇ “ਮੇਲੇ” ਨੂੰ ਦਿੱਲੀ ਤੋਂ ਯੌਰਪ ਲਈ ਜਹਾਜ ਚੜ੍ਹਾ ਦਿੱਤਾ।ਪਰ ਉਸ ਨੂੰ ਯੌਰਪ ਦੀ ਵਜਾਏ ਕਿਸੇ ਨੇੜਲੇ ਦੇਸ ਜਾ ਲਾਹਿਆ।ਉਹ ਜੰਗਲ ਬੇਲੇ,ਨਹਿਰਾਂ ਤੇ ਬਰਫੀਲੇ ਪਹਾੜ੍ਹੀ ਇਲਾਕੇ ਪਾਰ ਕਰਦਾ ਯੌਰਪ ਪਹੁੰਚ ਗਿਆ।ਸਿਆਣੇ ਕਹਿੰਦੇ ਨੇ ਪ੍ਰਦੇਸ ਵਿੱਚ ਘਰ ਤੋਂ ਵਗੈਰ ਆਦਮੀ ਤੁਰਦੀ ਫਿਰਦੀ ਲਾਸ਼ ਵਰਗਾ ਹੁੰਦਾ।ਜੇ ਕਰ ਜੇਬ ਵੀ ਖਾਲੀ ਹੋਵੇ ਫੇਰ ਇਸ ਤੋਂ ਭੈੜੀ ਕਿਸਮਤ ਕਿਸੇ ਦੀ ਨਹੀ ਹੁੰਦੀ।ਇਹੀ ਹਾਲ “ਮੇਲੇ” ਦਾ ਸੀ।ਉਹ ਪਾਰਕਾਂ,ਰੇਲ ਦੇ ਡੱਬੇ ਅਤੇ ਪੁਲਾਂ ਥੱਲੇ ਰਾਤਾਂ ਗੁਜ਼ਾਰਦਾ।ਕਦੇ ਦਿਹਾੜ੍ਹੀ ਭਰ ਕੰਮ ਵੀ ਮਿਲ ਜਾਦਾਂ।ਉਸ ਦੇ ਸਿਰ ਚੜ੍ਹਿਆ ਕਰਜ਼ਾ ਅਮਰ ਵੇਲ ਵਾਂਗ ਵੱਧ ਰਿਹਾ ਸੀ।ਕਹਿੰਦੇ ਨੇ ਜਿਸ ਦਾ ਕੋਈ ਨਹੀ ਉਸ ਦਾ ਰੱਬ ਹੁੰਦਾ ਹੈ।ਅਖੀਰ ਕਈ ਮਹੀਨੇ ਧੱਕੇ ਖਾਣ ਤੋਂ ਬਾਅਦ “ਮੇਲੇ” ਨੂੰ ਕਪੜ੍ਹੇ ਦੀ ਫੈਕਟਰੀ ਵਿੱਚ ਪਰੈਸ ਕਰਨ ਦਾ ਕੰਮ ਮਿਲ ਗਿਆ।

ਅਰਬੀ ਦੀ ਕਹਾਵਤ ਹੈ,”ਮਿਹਨਤ ਹੀ ਚੰਗੀ ਕਿਸਮਤ ਦੀ ਮਾਂ ਹੈ”।ਉਹ ਮਿਹਨਤ ਤੇ ਲ਼ਗਨ ਨਾਲ ਕੰਮ ਕਰਦਾ,ਸਭ ਉਸ ਦੀ ਪ੍ਰਸੰਸਾ ਕਰਦੇ ਸਨ।ਭਾਵੇਂ “ਮੇਲੇ” ਨੂੰ ਵਿਦੇਸ਼ ਆਇਆਂ ਕਈ ਸਾਲ ਹੋ ਗਏ ਸਨ।ਪਰ ਹਾਲੇ ਵੀ ਸਿਰ ਚੜ੍ਹਿਆ ਕਰਜ਼ਾ ਬਾਕੀ ਸੀ।ਅੱਜ ਜਦੋਂ ਉਸ ਨੇ ਟੀ.ਵੀ.ਔਨ ਕੀਤਾ ਤਾਂ ਖਬਰਾਂ ਦੀ ਸੁਰਖੀ ਸੀ।ਪਹਿਲੀ ਅਗਸਤ ਤੋਂ ਕੋਈ ਵੀ ਵਿਦੇਸ਼ੀ ਵਰਕਰ ਕੰਪਨੀ ਨਾਲ ਇੱਕ ਸਾਲ ਦਾ ਕੰਨਟ੍ਰੈਕਟ ਫੋਰਮ ਭਰ ਕੇ ਇੰਮੀਗ੍ਰੇਸ਼ਨ ਅਪਲਾਈ ਕਰ ਸਕਦਾ ਹੈ।ਬੇ-ਸ਼ਰਤੇ ਕਿ ਉਸ ਨੇ ਕੋਈ ਘਿਨਾਉਣਾ ਅਪਰਾਧ ਨਾ ਕੀਤਾ ਹੋਵੇ।ਅਗਲੇ ਦਿੱਨ”ਮੇਲੇ” ਨੇ ਇਹ ਖਬਰ ਮਾਲਕਾਂ ਨੂੰ ਜਾ ਦੱਸੀ।ਕੰਪਨੀ ਵਾਲਿਆਂ ਨੇ ਬਿਨ੍ਹਾਂ ਝਿਜ਼ਕ ਹਾਂ ਕਰ ਦਿੱਤੀ।ਕਿਸਮਤ ਦੇ ਧਨ੍ਹੀ “ਮੇਲੇ” ਦੀ ਕੁਝ ਮਹੀਨਿਆ ਵਿੱਚ ਹੀ ਇੰਮੀਗ੍ਰੇਸ਼ਨ ਪਾਸ ਹੋ ਗਈ।ਪ੍ਰਦੇਸੀ ਦੀ ਅਸਲ ਜਿੰਦਗੀ ਇੰਮੀਗ੍ਰੇਸ਼ਨ ਮਿਲਣ ਤੋਂ ਬਾਅਦ ਸ਼ੁਰੂ ਹੁੰਦੀ ਹੈ।ਪਰ ਉਦੋਂ ਤੱਕ ਉਹ ਆਪਣੇ ਪ੍ਰਵਾਰ ਦੇ ਕਈ ਮੈਂਬਰ ਗੁਆ ਚੁੱਕਿਆ ਹੁੰਦਾ ਹੈ।ਕਈ ਤਾਂ ਮਾਪਿਆ ਦਾ ਸਿਵਾ ਹੀ ਵੇਖਦੇ ਨੇ।ਇਹ ਬੁਰਾ ਵਕਤ”ਮੇਲੇ” ਤੇ ਵੀ ਗੁਜ਼ਰਿਆ ਸੀ।ਉਸ ਦੇ ਵਿਦੇਸ਼ ਜਾਣ ਪਿਛੋਂ ਮਾਪੇ ਗਰੀਬੀ ਦਾ ਦੁੱਖ ਤੇ ਕਰਜ਼ੇ ਦੀ ਪੰਡ ਦਾ ਭਾਰ ਨਾ ਸਹਾਰ ਸਕੇ।ਫਿਕਰਾਂ ਵਿੱਚ ਡੁੰਬੇ,ਆਖਰ ਉਹ ਵੀ ਇਸ ਜਹਾਨ ਤੋਂ ਸਦਾ ਲਈ ਕੂਚ ਕਰ ਗਏ ਸਨ।ਜਿਹਨਾਂ ਦਾ ਉਹ ਆਖਰੀ ਵਕਤ ਮੂੰਹ ਵੀ ਨਾ ਵੇਖ ਸਕਿਆ ਸੀ।ਉਹ ਹਜ਼ਾਰਾਂ ਮੀਲ ਦੂਰ ਬੈਠਾ ਮਜ਼ਬੂਰ ਸੀ।ਪਿੱਛੇ ਘਰਵਾਲੀ “ਮਿੰਦੋ”ਤੇ ਬੱਚਾ ਰਹਿ ਗਏ ਸਨ।ਜਿਹਨਾਂ ਦੀ ਦੇਖ ਭਾਲ ਪੇਕੇ ਪ੍ਰਵਾਰ ਕਰਦਾ ਸੀ।ਉਸ ਦਾ ਪੁੱਤ ਨੂੰ ਵੇਖਣ ਲਈ ਉੱਡ ਕੇ ਜਾਣ ਨੂੰ ਦਿੱਲ ਕਰ ਰਿਹਾ ਸੀ।ਪਰ ਕਰਜ਼ੇ ਤੇ ਗਰੀਬੀ ਨੇ ਉਸ ਦੇ ਪੈਰਾਂ ਨੂੰ ਜਕੜ੍ਹਿਆ ਹੋਇਆ ਸੀ।ਇਹ ਸੋਚ ਕੇ “ਮੇਲੇ” ਨੇ ਪਿੰਡ ਜਾਣ ਦੇ ਵਜਾਏ ਮਿੰਦੋ”ਨੂੰ ਕੋਲ ਸੱਦਣ ਵਾਸਤੇ ਪਾਸਪੋਰਟ ਬਣਾਉਣ ਲਈ ਕਹਿ ਦਿੱਤਾ।ਇਹ ਖਬਰ “ਮਿੰਦੋ” ਦੀ ਵੱਡੀ ਭੈਣ “ਨਿੰਮੋ” ਨੂੰ ਮਿਲ ਗਈ ਸੀ।ਜਿਸ ਤੋਂ ਬਾਹਰ ਜਾਣ ਵੇਲੇ “ਮੇਲੇ” ਨੇ ਉਧਾਰੇ ਪੈਸੇ ਲਏ ਸਨ।ਉਹ ਅਗਲੇ ਹੀ ਦਿੱਨ ਆਪਣੇ ਬੇਟੇ(ਮਨਜੀਤ)”ਮਾਟੂ”ਨੂੰ ਲੈਕੇ ਛੋਟੀ ਭੈਣ ਕੋਲ ਆ ਗਈ।”ਸੁਣ ਭੈਣੇ, ਸਾਨੂੰ ਤਾਂ

ਬਹੁਤ ਖੁਸ਼ੀ ਹੋਈ ਆ,ਸੁਖ ਨਾਲ ਤੁਸੀ ਸਾਰੇ ਬਾਹਰ ਜਾ ਰਹੇ ਹੋ”!”ਨਾਲ ਮੇਰੇ ਮੁੰਡੇ “ਮਾਟੂ” ਦਾ ਵੀ ਬਣਾ ਲਓ”?ਮਿੰਦੋ ਬੋਲੀ,”ਭੈਣੇ ਓਹ ਕਿਵੇਂ ਜਾ ਵੜੂ”?”ਤੁਸੀ ਪੁੱਤ ਬਣਾ ਕੇ ਲੈਜਿਓ”!”ਨਹੀ ਭੈਣੇ ਇਹ ਤਾਂ ਗਲਤ ਕੰਮ ਹੋਇਆ”!” ਨ੍ਹੀ ਬਾਹਰ ਭਲਾ ਮੋਏ ਜਾਣਦੇ ਨੇ”!ਕਾਗਜ਼ਾਂ ਚ ਹੀ ਅਦਲਾ ਬਦਲੀ ਕਰਨੀ ਆ"?"ਨਿੰਮੋ" ਇਕੋ ਸਾਹ ਬੋਲ ਗਈ।ਅੱਜ ਕੱਲ ਤਾਂ ਲੋਕੀਂ ਪੁੱਠੇ ਸਿੱਧੇ ਰਿਸ਼ਤੇ ਬਣਾ ਕੇ ਲੈ ਜਾਂਦੇ ਨੇ!"ਇਹ ਤਾਂ ਤੇਰੀ ਸਕੀ ਭੈਣ ਦਾ ਮੁੰਡਾ"!"ਜਦੋਂ "ਮਲਿੰਦਰ" ਬਾਹਰ ਗਿਆ,ਓਦੋਂ ਇਹੋ ਭੈਣ ਕੰਮ ਆਈ ਸੀ"!ਓਸ ਨੇ ਉਧਾਰ ਦਿੱਤੇ ਪੈਸਿਆ ਦੀ ਟਕੋਰ ਕਰ ਦਿੱਤੀ।"ਮਿੰਦੋਂ" ਚੁੱਪ ਹੋ ਗਈ।ਸਿਆਣੇ ਕਹਿੰਦੇ ਨੇ ਜਿਥੇ ਦੂਰ ਅਦੇਸ਼ੀ ਨਹੀ ਉਥੇ ਬਰਬਾਦੀ ਨਿਸਚਿੰਤ ਹੈ।"ਮਾਟੂ" ਦੀ ਵੀ ਤਿਆਰੀ ਵੀ ਹੋ ਗਈ।"ਮੇਲੇ" ਨੇ "ਮਿੰਦੋਂ" ਦਾ ਦੋਵਂੇ ਬੱਚਿਆਂ ਸਮੇਤ ਵੀਜ਼ਾ ਅਪਲਾਈ ਕਰ ਦਿੱਤਾ।ਉਹ ਤਿੰਨੇ ਜਾਣੇ ਕੁਝ ਮਹੀਨਿਆਂ ਵਿੱਚ "ਮੇਲੇ" ਕੋਲ ਪਹੁੰਚ ਗਏ।ਦੋਵੇਂ ਬੱਚੇ ਸਕੂਲ ਜਾਣ ਲੱਗ ਪਏ ਸਨ।ਕਹਿੰਦੇ ਨੇ ਵੇ-ਵਤਨ ਹੋਇਆ ਇਨਸਾਨ ਖੁਸ਼ੀ ਦੇ ਗੀਤ ਨਹੀ ਗਾ ਸਕਦਾ।ਇੱਕਲੇ "ਮੇਲੇ" ਦੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਚਲਣਾ ਮੁਸ਼ਕਲ ਹੋ ਗਿਆ ਸੀ।ਹੱਥ ਤੰਗ ਹੋਣ ਕਰਕੇ "ਮੇਲੇ" ਨੇ "ਮਿੰਦੋ" ਨੂੰ ਆਪਣੇ ਕੋਲ ਹੀ ਕੰਮ ਤੇ ਲਵਾ ਲਿਆ।ਸਮਾਂ ਗੁਜ਼ਰਦਾ ਗਿਆ ਬੱਚੇ ਪ੍ਰਇਮਰੀ ਤੋਂ ਹਾਈ ਸਕੂਲ ਚਲੇ ਗਏ।ਦੋਵਾਂ ਨੇ ਥੋੜ੍ਹੀ ਪੂੰਜ਼ੀ ਜੋੜ ਕੇ ਘਰ ਵੀ ਮੁੱਲ ਲੈ ਲਿਆ ਸੀ।ਜਿੰਦਗੀ ਦਾ ਪਹ੍ਹੀਆ ਘੁੰਮਦਾ ਰਿਹਾ।ਦੋਵੇਂ ਪੁੱਤ ਗਭਰੂ ਹੋ ਗਏ ਸਨ।"ਮੇਲੇ" ਨੇ ਪੁਤਰਾਂ ਨਾਲ ਮਿਲ ਕੇ ਇੱਕ ਰੈਸਟੋਰੈਂਟ ਖੋਲ ਲਿਆ।"ਮਾਟੂ" ਨੂੰ ਉਸ ਦਾ ਮਾਲਕ ਤੇ ਛੋਟੇ ਬੇਟੇ ਨੂੰ ਮਨੈਜ਼ਰ ਬਣਾ ਦਿੱਤਾ।ਹੁਣ "ਮੇੇਲਾ" ਤੇ "ਮਿੰਦੋਂ"ਬੰੁਢਾਪੇ ਵਾਲੀ ਪਾਉੜ੍ਹੀ ਚੜ੍ਹ ਚੁੱਕੇ ਸਨ।"ਮਾਟੂ" ਬਾਹਰ ਦਾ ਤੇ ਛੋਟਾ ਰੈਸਟੋਰੈਂਟ ਦੇ ਅੰਦਰ ਦਾ ਕੰਮ ਸੰਭਾਲਦਾ।ਦੋਵਾਂ ਦੀ ਮਿਹਨਤ ਰੰਗ ਲਿਆਈ ਪੂਰੇ ਇਲਾਕੇ ਵਿੱਚ ਨਾਮਵਰ ਹੋ ਗਏ।"ਨਿੰਮੋ" ਕਦੇ ਕਦੇ ਫੋਨ ਕਰਕੇ "ਮਾਟੂ" ਦਾ ਹਾਲ ਚਾਲ ਪੁੱਛਦੀ ਰਹਿੰਦੀ।ਪੰਜਾਬ ਵਿੱਚ ਚਿੱਟੇ ਦੀ ਭਰਮਾਰ ਹੋ ਗਈ ਸੀ।"ਨਿੰਮੋਂ"ਕੋਲ ਰਹਿ ਰਿਹਾ ਦੂਸਰਾ ਲੜਕਾ ਨਸ਼ੇ ਦੇ ਜਾਲ ਵਿੱਚ ਫਸ ਗਿਆ।ਉਹ ਨਸ਼ੇ ਵਿੱਚ ਪੈ ਕੇ ਕਮਾਊ ਘੱਟ ਤੇ ਗਵਾਊ ਜਿਆਦਾ ਬਣ ਚੁੱਕਿਆ ਸੀ।ਚਿੱਟੇ ਨੇ ਉਸ ਦੀ ਜਿੰਦਗੀ ਗਲਤਾਨ ਕਰ ਦਿੱਤੀ ਸੀ।ਨਸ਼ੇ ਦੀ ਪੂਰਤੀ ਲਈ ਉਹ ਕੁਝ ਵੀ ਕਰਨ ਨੂੰ ਤਿਆਰ ਸੀ।"ਨਿੰਮੋ" ਨੇ ਇੱਕ ਦਿੱਨ ਦੁਖੀ ਮਨ ਨਾਲ "ਮਾਟੂ" ਨੂੰ ਫੋਨ ਤੇ ਪੂਰੀ ਸਚਾਈ ਬਿਆਨ ਕਰ ਦਿੱਤੀ।"ਪੁੱਤ ਮੈ ਤੇਰੀ ਅਸਲੀ ਮਾਂ ਹਾਂ"!ਜਿਸ ਨੇ ਨੌਂ ਮਹੀਨੇ ਢਿੱਡ ਚ ਰੱਖ ਕੇ ਦੁੱਧ ਚੁਗਾਇਆ”!”ਮਾਂ ਦਾ ਕਰਜ਼ਾ ਤਾਂ ਸੱਤ ਜਨਮ ਨਹੀ ਉਤਰਦਾ”!ਸਾਨੂੰ ਭੁੱਲ ਨਾ ਜਾਂਈ!”ਮਾਂ ਨੂੰ ਭੁੱਲਿਆ ਨਰਕਾਂ ਦਾ ਭਾਗੀ ਹੁੰਦਾ”!ਤਰਕ ਭਰੇ “ਨਿੰਮੋ” ਦੇ ਬੋਲਾਂ ਨੇ,ਉਸ ਦਾ ਸੁਖ ਚੈਨ ਖੋਹ ਲਿਆ ਸੀ।ਕਹਿੰਦੇ ਨੇ ਪੁੱਤ ਕਪੁੱਤ ਹੋ ਸਕਦੇ ਨੇ ਪਰ ਕੁਮਾਪੇ ਨਹੀ ਹੁੰਦੇ।ਹੁਣ ਉਸ ਦਾ ਮਨ ਵੀ ਡਗਮਗਾਉਣ ਲੱਗ ਪਿਆ ਸੀ।ਜਿਵੇਂ ਕਹਿੰਦੇ ਨੇ ਪਿਆਰ ਤੇ ਗਮ ਛੁਤੀ ਮੁੱਕ ਜਾਂਦੇਂ ਨੇ!ਉਸ ਦੇ ਅੰਦਰ ਆਪਣੇ ਤੇ ਪਰਾਏ ਵਾਲੀ ਲਕੀਰ ਖਿੱਚੀ ਗਈ।ਉਹ ਸੋਚਾਂ ਦੀ ਦਲ ਦਲ ਵਿੱਚ ਫਸਿਆ ਰਹਿੰਦਾ।ਅੱਜ ਅਚਾਨਕ ਪੁਲਿਸ, ਹੈਲਥ ਵਿਭਾਗ ਅਤੇ ਇਨਕਮ ਟੈਕਸ ਵਾਲਿਆਂ ਨੇ ਰੈਸਟੋਰੈਂਟ ਵਿੱਚ ਆ ਛਾਪਾ ਮਾਰਿਆ।ਉਹਨਾਂ ਨੇ ਤਲਾਸ਼ੀ ਦੌਰਾਨ ਇੱਕ ਗੈਰ ਕਨੂੰਨੀ ਲੜਕਾ ਜੋ ਕੁਝ ਦਿੱਨਾਂ ਪਹਿਲਾਂ ਹੀ ਆਰਜੀ ਤੌਰ ਤੇ ਕੰਮ ਲਈ ਰੱਖਿਆ ਸੀ,ਗ੍ਰਿਫਤਾਰ ਕਰ ਲਿਆ ਗਿਆ।ਹੈਲਥ ਵਾਲਿਆ ਨੇ ਅਣਗਹਿਲੀ ਵਰਤਣ ਤੇ ਬੇਤੁਕੇ ਪਏ ਸਮਾਨ ਨੂੰ ਵੀ ਜ਼ਬਤ ਕਰ

ਲਿਆ।ਰੈਸਟੋਰੈਂਟ ਦਾ ਮਾਲਕ ਹੋਣ ਦੇ ਨਾਤੇ”ਮਾਟੂ” ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।ਅਗਲੇ ਦਿੱਨ ਅਦਾਲਤ ਵਿੱਚ ਉਸ ਦੀ ਪੇਸ਼ੀ ਹੋਈ।ਜੱਜ ਨੇ ਤਿੰਨ ਦਿੱਨ ਕਸਟੱਡੀ ਵਿੱਚ ਰੱਖਣ ਦਾ ਹੁਕਮ ਸੁਣਾ ਦਿੱਤਾ।ਹਵਾਲਾਤ ਵਿੱਚ ਬੰਦ “ਮਾਟੂ” ਦੇ ਕੰਨਾਂ ਵਿੱਚ ਮਾਂ ਦੇ ਬੋਲ,”ਪੁੱਤ ਖੂਨ ਕਦੇ ਚਿੱਟਾ ਨਹੀ ਹੁੰਦਾ”!”ਕਾਗਜ਼ ਕਾਲੇ ਕਰਨ ਨਾਲ ਖੂਨ ਨਹੀ ਬਦਲਦਾ”ਬੈਚੇਨ ਕਰ ਰਹੇ ਸੀ।”ਕੇਸ ਵੀ ਮੇਰੇ ਉਤੇ,ਜੇਲ੍ਹ ਵੀ ਮੈਂ ਜਾਵਾਂ” ਨਾਲੇ ਮੁਸੀਬਤਾਂ ਵੀ ਝੱਲਾਂ,ਇਹ ਸਭ ਕਿਊਂ?ਮੈਂ ਮੁੰਤਬੰਨਾ ਜਿਊਂ ਹੋਇਆ…?ਉਸ ਦੇ ਦਿਮਾਗ ਵਿੱਚ ਪੁੱਠੇ ਸਿੱਧੇ ਸਵਾਲ ਆਉਣ ਲੱਗ ਪਏ ਸਨ।ਯੌਰਪ ਦੇ ਕਨੂੰਨ ਮੁਤਾਬਕ, ਕਿਸੇ ਗੈਰ ਕਨੂੰਨੀ ਨੂੰ ਕੰਮ ਤੇ ਰੱਖਣਾ ਜੁਰਮ ਹੈ।ਇਸ ਜੁਰਮ ਤਹਿਤ ਇੱਕ ਸਾਲ ਦੀ ਕੈਦ ਅਤੇ ਭਾਰੀ ਜੁਰਮਾਨਾ ਦੀ ਸਜ਼੍ਹਾ ਹੈ।”ਮੇਲਾ” ਇਸ ਡਰ ਤੋਂ “ਮਾਟੂ” ਨੂੰ ਛਡਾਉਣ ਲਈ ਵਕੀਲਾਂ ਦੇ ਦਰ ਖੜਕ੍ਹਾ ਰਿਹਾ ਸੀ।ਚੌਵੀ ਘੰਟੇ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਮਾਨਯੋਗ ਜੱਜ ਨੇ ਅਗਲੀ ਪੇਸ਼ੀ ਤੱਕ ਜਮਾਨਤ ਤੇ ਰਿਹਾ ਕਰ ਦਿੱਤਾ।ਉਹ ਚੁੱਪ ਚੁੱਪ ਰਹਿੰਦਾ,ਉਸ ਨੂੰ ਘਰ ਵੀ ਪਰਾਇਆ ਲੱਗਣ ਲੱਗ ਪਿਆ ਸੀ।ਉਸਦਾ ਪ੍ਰਵਾਰ ਪ੍ਰਤੀ ਮੋਹ ਭੰਗ ਹੋ ਚੁੱਕਿਆ ਸੀ।ਉਹ ਇੱਕ ਦਿੱਨ ਬਿਨ੍ਹਾਂ ਦੱਸੇ ਘਰ ਛੱਡ ਕੇ ਚਲਿਆ ਗਿਆ।”ਮੇਲੇ” ਨੇ ਉਸ ਦੀ ਭਾਲ ਵਿੱਚ ਸਭ ਪਾਸੇ ਫੋਨ ਘੁੰਮਾਏ ਪਰ ਸਭ ਬੇ-ਅਰਥ ਸੀ।ਉਹ ਗੁੰਮ ਸ਼ੁਦਾ ਹੋਣ ਦੀ ਰੀਪੋਰਟ ਦਰਜ਼ ਕਰਵਾਉਣ ਵਾਰੇ ਸੋਚਣ ਲੱਗ ਪਿਆ।ਸਵੇਰੇ ਜਦੋਂ ਉਸ ਨੇ ਲੈਟਰ ਬਾਕਸ ਖੋਲਿਆ,”ਮਾਟੂ” ਦਾ ਵਕੀਲ ਰਾਂਹੀ ਭੇਜਿਆ ਹੋਇਆ ਨੋਟਿਸ ਵੇਖ ਕੇ ਪੈਰਾਂ ਥੱਲਿਓ ਜਮੀਨ ਖਿਸਕ ਗਈ।ਜਿਸ ਵਿੱਚ ਜਾਇਦਾਦ ਵਿੱਚੋਂ ਆਪਣਾ ਹਿੱਸਾ ਲੈਣ ਲਈ ਜਤਾਇਆ ਸੀ।ਬਲੱਡ ਪ੍ਰਸ਼ੈਰ ਤੇ ਸੂਗਰ ਦੇ ਮਰੀਜ਼ “ਮੇਲੇ” ਦਾ ਬਲੱਡ ਹਾਈ ਹੋ ਗਿਆ ਸੀ।ਚਿੰਤਾ ਵਿੱਚ ਡੁੱਬਿਆ “ਮੇਲਾ” ਹੱਥੀ ਲਾਏ ਪੇੜ੍ਹ ਦੀ ਛਾਂ ਤੋਂ ਸੱਖਣਾ ਹੋ ਗਿਆ ਸੀ।ਇੱਕ ਕਾਲੀ ਰਾਤ ਆਈ ਦਿੱਨ ਚੜ੍ਹਣ ਤੋਂ ਪਹਿਲਾਂ ਹੀ “ਮੇਲੇ” ਨੂੰ ਆਪਣੇ ਨਾਲ ਲੈ ਗਈ।”ਮਿੰਦੋਂ”ਉਸ ਦੇ ਜਾਣ ਤੋਂ ਬਾਅਦ ਫ਼ਿਕਰਾਂ ਵਿੱਚ ਪੈ ਕੇ ਡੈਪਰ੍ਰੈਂਸ਼ਨ ਵਿੱਚ ਚਲੀ ਗਈ।ਉਹ ਪਾਗ਼ਲਾਂ ਵਾਂਗ ਗੱਲਾਂ ਕਰਨ ਲੱਗ ਪਈ ਸੀ।ਡਾਕਟਰ ਦੇ ਕਹਿਣ ਤੇ ਉਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ।”ਮਿੰਦੋ” ਜਾਇਦਾਦ ਵਾਲੀ ਵੰਡ ਦਾ ਦੁੱਖ ਦਿੱਲ ਨੂੰ ਲਾ ਬੈਠੀ ਸੀ।ਅਦਾਲਤ ਨੇ “ਮਿੰਦੋਂ” ਦੇ ਡੈਪਰ੍ਰੈਂਸ਼ਨ ਤੋਂ ਬਾਹਰ ਆਉਣ ਤੱਕ ਫੈਸਲਾ ਰਾਖਵਾਂ ਰੱਖ ਲਿਆ।”ਮੇਲੇ” ਤੇ “ਮਿੰਦੋਂ ਦੇ ਨਾਮ ਕਾਗ਼ਜਾਤ ਹੋਣ ਕਾਰਨ ਘਰ ਅੰਦਰ ਕਿਸੇ ਨੂੰ ਜਾਣ ਦੀ ਇਜ਼ਾਜ਼ਤ ਨਹੀ ਸੀ।ਅਦਾਲਤ ਵਿੱਚ ਕੇਸ ਚੱਲਣ ਲੱਗ ਪਿਆ।ਮੁੰਕੱਦਮੇ ਬਾਜ਼ੀ ਦੌਰਾਨ ਕਲਾਇੰਟ ਸੁੰਗੜਦੇ ਨੇ ਤੇ ਵਕੀਲ ਮੋਟੇ ਹੋ ਜਾਂਦੇ ਨੇ।ਵਕੀਲਾਂ ਦੀ ਲੁੱਟ ਸ਼ੁਰੂ ਹੋ ਚੁੱਕੀ ਸੀ।ਘਰ ਦੇ ਮਾਲਕ ਬੇਘਰ ਹੋਏ ਫਿਰਦੇ ਸਨ।ਕਈ ਦਿੱਨਾਂ ਤੋਂ ਬੇਹੋਸ਼ ਪਈ”ਮਿੰਦੋਂ” ਨੇ ਅੱਜ ਆਖਰੀ ਸਾਹ ਲਏ ਤੇ ਉਹ ਵੀ “ਮੇਲੇ” ਦੀ ਆਤਮਾ ਨਾਲ ਲੀਨ ਹੋ ਗਈ।ਘਰ ਤੇ ਰੈਸਟੋਰੈਂਟ ਨੂੰ ਤਾਲੇ ਲੱਗ ਚੁੱਕੇ ਸਨ।ਬੰਦ ਪਏ ਦਰਵਾਜ਼ਿਆਂ ਨੂੰ ਵੇਖ ਕੇ ਅਰਸ਼ਾਂ ਵਿੱਚੋਂ ਦੋਵਾਂ ਦੀ ਆਤਮਾ ਲਾਹਨਤਾਂ ਪਾ ਰਹੀ ਸੀ।ਲੋਕੀਂ ਕਹਿੰਦੇ ਨੇ ਚੰਗੇ ਨਾਲ ਹਰ ਕੋਈ ਚੰਗਾ ਹੁੰਦਾ ਪਰ ਇਹ ਕਹਾਵਤ ਝੂਠੀ ਸਾਬਤ ਹੋ ਰਹੀ ਸੀ।

ਸੁਖਵੀਰ ਸਿੰਘ ਸੰਧੂ ਅਲਕੜਾ (ਪੈਰਿਸ)