ਕਮਲਾ ਨਹਿਰੂ ਕਲੋਨੀ ਦੇ ਨਿਵਾਸੀਆਂ ਨੇ ਦਿੱਤੀ ਸ਼ਹੀਦ-ਏ-ਆਜ਼ਮ ਸ ਭਗਤ ਸਿੰਘ ਨੂੰ ਸ਼ਰਧਾਂਜਲੀ
ਬਠਿੰਡਾ, 29 ਸਿਤੰਬਰ ਬਠਿੰਡਾ ਸ਼ਹਿਰ ਦੀ ਕਮਲਾ ਨਹਿਰੂ ਕਲੋਨੀ ਦੇ ਨਿਵਾਸੀਆਂ ਵੱਲੋਂ ਮਿਲ ਕੇ ਉਤਸ਼ਾਹ ਪੂਰਵਕ ਨੌਜਵਾਨਾਂ ਦੇ ਚਹੇਤੇ ਨਾਇਕ ਸ਼ਹੀਦ-ਏ-ਆਜ਼ਮ ਸ ਭਗਤ ਸਿੰਘ ਦਾ 116ਵਾਂ ਜਨਮ ਦਿਹਾੜਾ ਮੇਜਰ ਰਾਜਿੰਦਰ ਸਿੰਘ ਦੀ ਅਗੁਵਾਈ ਵਿਚ ਮਨਾਇਆ ਗਿਆ। ਇਸ ਮੌਕੇ ਨਿੱਕੇ ਬੱਚਿਆਂ ਵੱਲੋਂ ਜਦੋਂ ਦੇਸ਼ ਭਗਤੀ ਭਰਪੂਰ ਕਵਿਤਾਵਾਂ, ਗੀਤ ਅਤੇ ਕੋਰੀਓਗ੍ਰਾਫੀ ਪੇਸ਼ ਕਰਕੇ ਦੇਸ਼ਪ੍ਰੇਮ ਵਿਚ ਸਭ ਨੂੰ ਝੂਮਣ ਲਾ ਦਿੱਤਾ ਉੱਥੇ ਹੀ ਕਲੋਨੀ ਦੀਆਂ ਔਰਤਾਂ ਵੱਲੋਂ ਭਗਤ ਸਿੰਘ ਦੀ ਘੋੜੀ ਗਾਉਂਦੇ ਹੋਏ ਮਹਾਨ ਸ਼ਹੀਦ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ ਗਏ।
ਇਸ ਦੌਰਾਨ ਦਸਤਕ ਮੰਚ ਵੱਲੋਂ ਗਾਇਕ ਅਰਸ਼ ਨੇ ਸ਼ਰਧਾਂਜਲੀ ਗੀਤ ਰਾਹੀਂ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ। ਪ੍ਰੋਗਰਾਮ ਦੌਰਾਨ ਦਰਸ਼ਕਾਂ ਨੂੰ ਸ਼ਹੀਦ ਭਗਤ ਸਿੰਘ ਦੇ ਨਾਲ ਹੋਰ ਵੀ ਨੇੜੇ ਤੋਂ ਜੋੜਨ ਦੇ ਲਈ ਐਡਵੋਕੇਟ ਸੁਦੀਪ ਸਿੰਘ ਵੱਲੋਂ ਇੱਕ ਕੁੰਜੀਵਤ ਭਾਸ਼ਣ ਦਿੱਤਾ ਗਿਆ, ਜਿਸ ਰਾਹੀਂ ਉਸ ਵੱਲੋਂ ਸ਼ਹੀਦ ਦੇ ਪਰਿਵਾਰਕ ਪਿਛੋਕੜ ਨਾਲ ਜਾਂ ਪਹਿਚਾਣ ਕਰਾਉਂਦੇ ਹੋਏ, ਸ਼ਹੀਦ ਭਗਤ ਸਿੰਘ ਦੀ ਸੋਚ ‘ਤੇ ਚੱਲਦੇ ਹੋਏ ਵਰਤਮਾਨ ਚੁਣੌਤੀਆਂ ਦਾ ਟਾਕਰਾ ਕਰਨ ਲਈ ਵੀ ਹੋਕਰਾ ਦਿੱਤਾ ਗਿਆ। ਪ੍ਰੋਗਰਾਮ ਦੇ ਅੰਤ ਵਿਚ ਦਸਤਕ ਮੰਚ ਦੇ ਨੌਜਵਾਨ ਕਲਾਕਾਰਾਂ ਵੱਲੋਂ ਕਲਾਕਾਰ ਗੁਰਵਿੰਦਰ ਅਤੇ ਸ੍ਰਿਸ਼ਟੀ ਦੀ ਅਗੁਵਾਈ ਵਿਚ ਗੁਰਸ਼ਰਨ ਭਾਅ ਜੀ ਦਾ ਲਿਖਿਆ ਹੋਇਆ ਨਾਟਕ ਇਨਕਲਾਬ ਜ਼ਿੰਦਾਬਾਦ ਪੇਸ਼ ਕੀਤਾ ਗਿਆ, ਜਿਸਨੂੰ ਦੇਖ ਦੇ ਸਭ ਦੇ ਲੂਹ ਕੰਡੇ ਖੜੇ ਹੋ ਗਏ ਅਤੇ ਪੰਡਾਲ ਸ਼ਹੀਦਾਂ ਦੇ ਨਾਮ ਦੇ ਨਾਅਰਿਆਂ ਨਾਲ ਗੂੰਝ ਉੱਠਿਆ।
ਪ੍ਰੋਗਰਾਮ ਦੌਰਾਨ ਨੌਜਵਾਨ ਲੇਖਕ ਜਸਪ੍ਰੀਤ ਸਿੰਘ ਨੇ ਮੰਚ ਸੰਚਾਲਕ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਪ੍ਰਬੰਧਕਾਂ ਵਿਚ ਸੁਖਵਿੰਦਰ ਸ਼ਰਮਾਂ. ਰਾਜਿੰਦਰ ਸਿੰਘ ਮੌੜ, ਸੁਰਜੀਤ ਸ਼ਰਮਾਂ, ਦਰਸ਼ਨ ਸਿੰਘ ਤੱਗੜ, ਐਮ ਐਸ ਖਾਕ, ਪੁਸ਼ਪ ਲਤਾ, ਸ਼ੰਤੋਸ਼ ਰਿਸ਼ੀ, ਰੇਖਾ ਰਿਸ਼ੀ ਅਤੇ ਪੁਸ਼ਪਾ ਬਾਸਲ ਦੇ ਨਾਮ ਸ਼ਾਮਿਲ ਸਨ। ਜਦੋਕਿ ਮੁਹੱਲਾ ਨਿਵਾਸੀ ਬਲਵਿੰਦਰ ਸਿੰਘ, ਰਾਜ ਕੁਮਾਰ, ਰਾਕੇਸ਼ ਕੁਮਾਰ, ਕ੍ਰਿਸ਼ਨ ਕੁਮਾਰ, ਡਾ ਹਰਜਿੰਦਰ, ਡਾ ਫੁਲਇੰਦਰ, ਅਤੇ ਹੋਰ ਪਰਿਵਾਰ ਸਹਿਤ ਹਾਜ਼ਿਰ ਸਨ।