ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤ ਦੀ ‘ਸੰਭਾਵਤ’ ਸ਼ਮੂਲੀਅਤ ਦੇ ਕੈਨੇਡਾ ਦੇ ਦੋਸ਼ਾਂ ਤੋਂ ਬਾਅਦ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਨਵੀਂ ਦਿੱਲੀ ਓਟਾਵਾ ਨੂੰ ਦੱਸ ਚੁਕਾ ਹੈ ਕਿ ਇਹ ਭਾਰਤ ਸਰਕਾਰ ਦੀ ਨੀਤੀ ਨਹੀਂ ਹੈ ਅਤੇ ਉਹ ਮਾਮਲੇ ’ਚ ‘ਸਪੱਸ਼ਟ’ ਅਤੇ ‘ਪ੍ਰਾਸੰਗਿਕ’ ਸੂਚਨਾ ’ਤੇ ਵਿਚਾਰ ਕਰਨ ਲਈ ਤਿਆਰ ਹੈ।
ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਮਹਾਸਭਾ ਸੈਸ਼ਨ ਨੂੰ ਸੰਬੋਧਨ ਕਰਨ ਤੋਂ ਬਾਅਦ ਮੰਗਲਵਾਰ ਨੂੰ ਨਿਊਯਾਰਕ ’ਚ ਵਿਦੇਸ਼ ਸਬੰਧ ਕੌਂਸਲ ’ਚ ਗੱਲਬਾਤ ਦੌਰਾਨ ਇਹ ਟਿਪਣੀਆਂ ਕੀਤੀਆਂ।
ਕੈਨੇਡਾ ’ਚ 18 ਜੂਨ ਨੂੰ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤ ਸਰਕਾਰ ਦੇ ‘ਏਜੰਟਾਂ’ ਦੀ ਸ਼ਮੂਲੀਅਤ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ’ਤੇ ਜਦੋਂ ਜੈਸ਼ੰਕਰ ਤੋਂ ਸਵਾਲ ਕੀਤਾ ਗਿਆ ਕਿ ਕੀ ਉਨ੍ਹਾਂ ਨੂੰ ਇਸ ’ਤੇ ਕੁਝ ਕਹਿਣਾ ਹੈ ਤਾਂ ਉਨ੍ਹਾਂ ਕਿਹਾ, ‘‘ਹਾਂ ਮੈਂ ਕਹਿਣਾ ਹੈ। ਅਸੀਂ ਕੈਨੈਡਾ ਨੂੰ ਜੋ ਕਿਹਾ, ਉਸ ਨੂੰ ਮੈਂ ਤੁਹਾਡੇ ਨਾਲ ਬਹੁਤ ਸਪੱਸ਼ਟਤਾ ਨਾਲ ਸਾਂਝਾ ਕਰਾਂਗਾ।’’
ਉਨ੍ਹਾਂ ਭਾਰਤ ’ਚ ਅਮਰੀਕਾ ਦੇ ਸਾਬਕਾ ਰਾਜਦੂਤ ਕੈਨੇਥ ਜਸਟਰ ਨਾਲ ਗੱਲਬਾਤ ਦੌਰਾਨ ਮੁੱਦੇ ’ਤੇ ਅਪਣੀ ਪਹਿਲੀ ਜਨਤਕ ਟਿਪਣੀ ’ਚ ਕਿਹਾ, ‘‘ਪਹਿਲੀ ਗੱਲ ਤਾਂ ਇਹ ਕਿ ਅਸੀਂ ਕੈਨੇਡੀਆਈ ਅਧਿਕਾਰੀਆਂ ਨੂੰ ਦਸਿਆ ਕਿ ਇਹ ਭਾਰਤ ਸਰਕਾਰ ਦੀ ਨੀਤੀ ਨਹੀਂ ਹੈ। ਦੂਜਾ, ਅਸੀਂ ਕੈਨੇਡੀਆਈ ਲੋਕਾਂ ਨੂੰ ਕਿਹਾ ਸੀ ਕਿ ਵੇਖੋ, ਜੇਕਰ ਤੁਹਾਡੇ ਕੋਲ ਕੋਈ ਸਪੱਸ਼ਟ ਸੂਚਨਾ ਹੈ, ਜੇਕਰ ਤੁਹਾਡੇ ਕੋਲ ਕੁਝ ਪ੍ਰਾਸੰਗਿਕ ਜਾਣਕਾਰੀ ਹੈ ਤਾਂ ਸਾਨੂੰ ਦੱਸੋ। ਅਸੀਂ ਇਸ ’ਤੇ ਵਿਚਾਰ ਕਰਨ ਲਈ ਤਿਆਰ ਹਾਂ।’’