ਪੰਜਾਬ ਭਰ ਵਿੱਚ NIA ਦੀਆਂ ਦੋ ਟੀਮਾਂ ਵੱਲੋਂ ਛਾਪੇਮਾਰੀ, ਕਈ ਕੀਤੇ ਗ੍ਰਿਫ਼ਤਾਰ

ਪੰਜਾਬ ਭਰ ਵਿੱਚ NIA ਦੀਆਂ ਦੋ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਬਠਿੰਡਾ ‘ਚ ਬੁੱਧਵਾਰ ਸਵੇਰੇ ਕਰੀਬ 6 ਵਜੇ NIA ਦੀਆਂ ਦੋ ਟੀਮਾਂ ਰਾਮਪੁਰਾ ਅਤੇ ਮੋੜ ਮੰਡੀ ਪਹੁੰਚੀਆਂ। ਟੀਮ ਵੱਲੋਂ ਪਿੰਡ ਜੇਠੂਕੇ ਵਿੱਚ ਗੁਰਪ੍ਰੀਤ ਸਿੰਘ ਉਰਫ਼ ਗੁਰੀ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਦੱਸ ਦਈਏ ਕਿ ਇਹ ਦੋਵੇਂ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਅਰਸ਼ ਡੱਲਾ ਦੇ ਸਮਰਥਕ ਹਨ। ਗੈਂਗਸਟਰ ਗੁਰਪ੍ਰੀਤ ਸਿੰਘ ਬਠਿੰਡਾ ਪੁਲਿਸ ਨੂੰ ਕਤਲ ਸਮੇਤ ਕਈ ਮਾਮਲਿਆਂ ਵਿੱਚ ਲੋੜੀਂਦਾ ਮੁਲਜ਼ਮ ਹੈ। ਉੱਥੇ ਹੀ ਇੱਕ ਟੀਮ ਹੈਰੀ ਮੋਰ ਦੇ ਘਰ ਪਹੁੰਚੀ ਹੈ। ਹੈਰੀ ਦਾ ਵੀ ਕਈ ਮਾਮਲਿਆਂ ਵਿੱਚ ਨਾਮ ਸ਼ਾਮਲ ਹੈ।

NIA ਮੁਤਾਬਕ 3 ਮਾਮਲਿਆਂ ‘ਚ ਲਾਰੈਂਸ ਬੰਬੀਹਾ ਅਤੇ ਅਰਸ਼ ਡੱਲਾ ਗੈਂਗ ਦੇ ਸਾਥੀਆਂ ਨਾਲ ਸਬੰਧਤ 6 ਸੂਬਿਆਂ ‘ਚ ਕਰੀਬ 51 ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਫ਼ਿਰੋਜ਼ਪੁਰ ‘ਚ ਛਾਪੇਮਾਰੀ ਦੌਰਾਨ NIA ਨੇ ਅੱਜ ਸਵੇਰੇ 5 ਵਜੇ ਅੱਤਵਾਦੀ ਅਰਸ਼ਦੀਪ ਡੱਲਾ ਦੇ ਸਾਥੀ ਜੋਨਸ ਉਰਫ਼ ਜ਼ੋਰਾ ਦੇ ਘਰ ਛਾਪਾ ਮਾਰਿਆ। ਜਿਸ ਤੋਂ ਬਾਅਦ ਏਜੰਸੀ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਗੈਂਗਸਟਰ ਅਤੇ ਖਾਲਿਸਤਾਨੀ ਗਠਜੋੜ ਦੇ ਸਾਹਮਣੇ ਆਉਣ ਤੋਂ ਬਾਅਦ NIA ਦੀ ਟੀਮ ਨੇ ਅੱਜ ਫਰੀਦਕੋਟ ‘ਚ ਛਾਪੇਮਾਰੀ ਕੀਤੀ ਹੈ। ਫਰੀਦਕੋਟ ‘ਚ ਸੁਖਜੀਤ ਸਿੰਘ ਉਰਫ ਭੋਲਾ ਨਿਹੰਗ ਦੇ ਭਰਾ ਕਰਮਜੀਤ ਸਿੰਘ ਦੇ ਘਰ ਤਲਾਸ਼ੀ ਲਈ ਜਾ ਰਹੀ ਹੈ। ਇਸ ਤੋਂ ਪਹਿਲਾਂ NIA ਨੇ ਪਿੰਡ ਜਿਊਣ ਸਿੰਘ ਵਾਲਾ ‘ਚ ਵੀ ਛਾਪੇਮਾਰੀ ਕੀਤੀ ਸੀ। ਸੂਤਰਾਂ ਮੁਤਾਬਕ ਕਰਮਜੀਤ ਸਿੰਘ ਦੇ ਖਾਲਿਸਤਾਨੀਆਂ ਨਾਲ ਸੰਬੰਧ ਹਨ।