ਪਾਕਿਸਤਾਨ: ਹੋਰ 14 ਦਿਨਾਂ ਲਈ ਹੋਰ ਵਧਾਈ ਗਈ ਇਮਰਾਨ ਖਾਨ ਦੀ ਨਿਆਂਇਕ ਹਿਰਾਸਤ

ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਨੇ ਮੰਗਲਵਾਰ ਨੂੰ ਸਿਫਰ ਮਾਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਨਿਆਂਇਕ ਹਿਰਾਸਤ ਹੋਰ 14 ਦਿਨਾਂ ਲਈ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਜਲਦ ਰਿਹਾਈ ਦੀ ਸੰਭਾਵਨਾ ਵੀ ਘੱਟ ਗਈ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਦੇ ਮੁਖੀ ਇਮਰਾਨ ਖ਼ਾਨ ਨੂੰ ਪਿਛਲੇ ਸਾਲ ਮਾਰਚ ਵਿੱਚ ਅਧਿਕਾਰਤ ਸੀਕਰੇਟ ਐਕਟ ਦੀ ਉਲੰਘਣਾ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ‘ਤੇ ਅਮਰੀਕਾ ਵਿਚ ਸਥਿਤ ਪਾਕਿਸਤਾਨੀ ਦੂਤਘਰ ਵੱਲੋਂ ਭੇਜੇ ਗਏ ਅਧਿਕਾਰਤ ਦਸਤਾਵੇਜ਼ (ਸਿਫਰ) ਦੀ ਗੁਪਤਤਾ ਦੀ ਉਲੰਘਣਾ ਕਰਨ ਦਾ ਦੋਸ਼ ਹੈ।

ਇਹ ਤੀਜੀ ਵਾਰ ਹੈ ਜਦੋਂ ਖਾਨ ਦੀ ਨਿਆਂਇਕ ਹਿਰਾਸਤ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੀ ਪਿਛਲੀ 14 ਦਿਨਾਂ ਦੀ ਹਿਰਾਸਤ ਦੀ ਮਿਆਦ ਅੱਜ ਖ਼ਤਮ ਹੋ ਗਈ ਹੈ। ਵਿਸ਼ੇਸ਼ ਅਦਾਲਤ ਦੇ ਜੱਜ ਅਬੁਲ ਹਸਨਤ ਜੁਲਕਰਨੈਨ ਨੇ ਜ਼ਿਲ੍ਹਾ ਜੇਲ੍ਹ ਅਟਕ ਵਿਖੇ ਸੁਣਵਾਈ ਕੀਤੀ। ਤੋਸ਼ਾਖਾਨਾ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ 5 ਅਗਸਤ ਤੋਂ ਇਮਰਾਨ ਖਾਨ ਇਸ ਜੇਲ ‘ਚ ਨਜ਼ਰਬੰਦ ਹਨ। ਸੁਣਵਾਈ ਤੋਂ ਬਾਅਦ ਅਦਾਲਤ ਨੇ ਜਾਂਚ ਪੂਰੀ ਕਰਨ ਲਈ ਉਨ੍ਹਾਂ ਦੀ ਨਿਆਂਇਕ ਹਿਰਾਸਤ 10 ਅਕਤੂਬਰ ਤੱਕ ਵਧਾ ਦਿੱਤੀ ਹੈ।