ਕੈਨੇਡਾ ਨੇ ਭਾਰਤ ’ਚ ਅਪਣੇ ਨਾਗਰਿਕਾਂ ਲਈ ਨਵੀਂ ਸਲਾਹ ਕੀਤੀ ਜਾਰੀ

ਕੈਨੇਡਾ ਨੇ ਭਾਰਤ ’ਚ ਸਫ਼ਰ ਕਰ ਰਹੇ ਅਪਣੇ ਨਾਗਰਿਕਾਂ ਲਈ ਸਫ਼ਰ ਸਲਾਹ ਨੂੰ ਅਪਡੇਟ ਕੀਤਾ ਹੈ ਜਿਸ ’ਚ ਉਨ੍ਹਾਂ ਨੂੰ ਹਾਲੀਆ ਘਟਨਾਵਾਂ ਦੇ ਸੰਦਰਭ ’ਚ ਸੋਸ਼ਲ ਮੀਡੀਆ ’ਤੇ ਕੈਨੇਡਾ ਵਿਰੁਧ ਪ੍ਰਦਰਸ਼ਨ ਕਰਨ ਦੀ ਮੰਗ ਅਤੇ ਕੁਝ ‘ਨਕਾਰਾਤਮਕ ਭਾਵਨਾਵਾਂ’ ਨੂੰ ਵੇਖਦਿਆਂ ‘ਚੌਕਸ ਰਹਿਣ ਅਤੇ ਸਾਵਧਾਨੀ ਵਰਤਣ’ ਲਈ ਕਿਹਾ ਗਿਆ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਬ੍ਰਿਟਿਸ਼ ਕੋਲੰਬੀਆ ’ਚ 18 ਜੂਨ ਨੂੰ ਅਪਣੇ ਦੇਸ਼ ਦੀ ਧਰਤੀ ’ਤੇ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤੀ ਏਜੰਟਾਂ ਦੀ ‘ਸੰਭਾਵੀ’ ਸ਼ਮੂਲੀਅਤ ਦੇ ਵਿਸਫੋਟਕ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਦਰਮਿਆਨ ਤਣਾਅ ਵਧ ਗਿਆ ਹੈ। ਭਾਰਤ ਨੇ 2020 ’ਚ ਨਿੱਝਰ ਨੂੰ ਅਤਿਵਾਦੀ ਐਲਾਨਿਆ ਸੀ।

ਭਾਰਤ ਨੇ ਗੁੱਸੇ ਭਰੇ ਸ਼ਬਦਾਂ ’ਚ ਦੋਸ਼ਾਂ ਨੂੰ ‘ਬੇਤੁਕਾ’ ਅਤੇ ‘ਪ੍ਰੇਰਿਤ’ ਕਹਿ ਕੇ ਰੱਦ ਕਰ ਦਿਤਾ ਸੀ ਅਤੇ ਓਟਾਵਾ ਵਲੋਂ ਇਸ ਮਾਮਲੇ ’ਚ ਇਕ ਭਾਰਤੀ ਅਧਿਕਾਰੀ ਨੂੰ ਕੱਢਣ ਦੇ ਜਵਾਬ ’ਚ ਇਕ ਸੀਨੀਅਰ ਕੈਨੇਡੀਅਨ ਸਫ਼ੀਰ ਨੂੰ ਭਾਰਤ ਤੋਂ ਜਾਣ ਲਈ ਕਿਹਾ ਸੀ।

ਕੈਨੇਡੀਅਨ ਸਰਕਾਰ ਨੇ ਐਤਵਾਰ ਨੂੰ ਜਾਰੀ ਇਕ ਅਪਡੇਟ ’ਚ ਕਿਹਾ, ‘‘ਕੈਨੇਡਾ ਅਤੇ ਭਾਰਤ ’ਚ ਹਾਲ ਹੀ ਦੇ ਘਟਨਾਕ੍ਰਮ ਦੇ ਸੰਦਰਭ ’ਚ, ਕੈਨਡਾ ਵਿਰੁਧ ਸੋਸ਼ਲ ਮੀਡੀਆ ’ਤੇ ਵਿਰੋਧ ਪ੍ਰਦਰਸ਼ਨਾਂ ਦੀ ਮੰਗ ਅਤੇ ਕੈਨੇਡਾ ਪ੍ਰਤੀ ਕੁਝ ਨਕਾਰਾਤਮਕ ਭਾਵਨਾਵਾਂ ਹਨ। ਕਿਰਪਾ ਕਰ ਕੇ ਚੌਕਸ ਰਹੋ ਅਤੇ ਸਾਵਧਾਨੀ ਵਰਤੋ।’’

ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ, ਇਹ ਸਲਾਹ ਅਜਿਹੇ ਸਮੇਂ ਜਾਰੀ ਕੀਤੀ ਗਈ ਹੈ ਜਦੋਂ ਭਾਰਤ ਨੇ ਕੈਨੇਡਾ ’ਚ ਰਹਿ ਰਹੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਲਈ ਇਸੇ ਤਰ੍ਹਾਂ ਦੀ ਸਲਾਹ ਜਾਰੀ ਕੀਤੀ ਸੀ ਅਤੇ ਪਿਛਲੇ ਹਫ਼ਤੇ ਕੈਨੇਡਾ ’ਚ ਅਪਣੀਆਂ ਵੀਜ਼ਾ ਸੇਵਾਵਾਂ ਨੂੰ ਰੋਕ ਦਿਤਾ ਸੀ।