ਧੀ ਨੂੰ ਜਿੰਦਗੀ ਕਿਉਂ ਨਹੀਂ

ਅੱਜ ਦੀ ਪੀੜ੍ਹੀ ਜਿੱਥੋਂ ਸ਼ੁਰੂ ਹੁੰਦੀ ਹੈ ਉੱਥੋਂ ਹੀ ਜਲਦ ਖਤਮ। ਮਾਪੇ ਆਪਣੇ ਬੱਚਿਆਂ ਨੂੰ ਇਹ ਸਭ ਸਿਖਾ ਦਿੰਦੇ ਹਨ ਕਿ ਜਿੰਦਗੀ ਵਿੱਚ ਕੋਈ ਵੀ ਫ਼ੈਸਲਾ ਕਰੋ ਉਹ ਦਿਲ ਤੋਂ ਕਰੋ ਤੇ ਜਿੰਦਗੀ ਜਿਊਣ ਦਾ ਸਹੀ ਸਲੀਕਾ ਰੱਖੋ। ਇਸ ਵਿੱਚ ਮਾਪਿਆ ਦਾ ਕੋਈ ਕਸੂਰ ਨਹੀਂ ਹੈ। ਉਹਨਾਂ ਦੀ ਪਰਵਰਿਸ਼ ਸਿਰਫ਼ ਤੇ ਸਿਰਫ਼ ਸਾਂਭ ਸੰਭਾਲ ਕਰਨ ਦੀ ਹੈ ਤੇ ਕੁਝ ਜਿੰਮੇਵਾਰੀ ਨੂੰ ਸਮਝਾਉਣ ਦੀ,ਜਿਸ ਨਾਲ ਬੱਚਾ ਕਦੇ ਵੀ ਰਾਹ ਤੋਂ ਭਟਕਦਾ ਨਹੀਂ ਲੇਕਿਨ ਅੱਜ ਦੀ ਪੀੜ੍ਹੀ ਜੋ ਨਜਰ ਆਉਂਦੀ ਹੈ ਉਸ ਵਿੱਚ ਬੱਚਿਆ ਦਾ ਸਹੀ ਰਾਹ ਵੱਲ ਜਾਣਾ ਦਿਖਾਈ ਨਹੀਂ ਦਿੰਦਾ। ਬੱਚੇ ਤੋਂ ਲੈ ਕੇ ਜੁਆਨੀ ਉਮਰ ਤੱਕ ਉਹ ਸਭ ਗ਼ਲਤੀਆਂ ਦੇ ਪਾਤਰ ਬਣ ਚੁੱਕੇ ਹੁੰਦੇ ਹਨ ਜੋ ਉਹਨਾਂ ਦੇ ਮਾਪੇ ਵੀ ਅੰਦਾਜ਼ਾ ਨਹੀਂ ਲਗਾ ਸਕਦੇ।

ਇੱਕ ਧੀ ਲਈ ਪਿਆਰ ਮਾਪਿਆ ਤੋਂ ਵੱਧ ਕੇ ਨਹੀਂ ਹੁੰਦਾ ਪਰ ਕੁਝ ਅਜਿਹਾ ਜਰੂਰ ਹੁੰਦਾ ਹੈ ਕਿ ਇੱਕ ਧੀ ਕਿਸੇ ਅਣਜਾਣ ਸ਼ਖ਼ਸ਼ ਦੇ ਹਵਾਲੇ ਹੋ ਕੇ ਤੇ ਉਸਦੇ ਪਿਆਰ ਵਿੱਚ ਫੱਸਕੇ ਆਪਣੇ ਹੀ ਮਾਪਿਆ ਦਾ ਸਾਥ ਛੱਡ ਜਾਂਦੀਆਂ ਹਨ। ਜਿੱਥੇ ਧੀ ਦਾ ਮਾਪਿਆ ਲਈ ਪਿਆਰ ਨਹੀਂ ਹੁੰਦਾ। ਇਹ ਬਿਲਕੁੱਲ ਆਮ ਗੱਲ ਬਣ ਕੇ ਰਹਿ ਗਈ ਹੈ। ਜੋ ਸਮਾਂ ਪੁਰਾਣਾ ਹੁੰਦਾ ਸੀ ਉਸ ਵਿੱਚ ਅਜਿਹਾ ਬਿਲਕੁੱਲ ਵੀ ਨਜਰ ਨਹੀਂ ਆਉਂਦਾ ਸੀ। ਇੱਜਤਦਾਰ ਧੀਆਂ ਸਦਾ ਹੀ ਸਿਰ ਢੱਕ ਕੇ ਰੱਖਦੀਆਂ ਸੀ ਪਰ ਹੁਣ ਉਹ ਰਿਵਾਜ ਵੀ ਨਜਰ ਨਹੀਂ ਆਉਂਦਾ ਹੈ।

ਸਮਾਂ ਸਾਰਾ ਹੀ ਬਦਲ ਗਿਆ ਹੈ ਜਿੱਥੇ ਹਰ ਧੀ ਆਪਣੇ ਆਪ ਨੂੰ ਦਲਦਲ ਵਿੱਚ ਧਕੇਲ ਰਹੀ ਹੈ। ਘੱਟ ਉਮਰ ਦੀ ਧੀ ਸਕੂਲ ਵਿੱਚ ਪੜ੍ਹਦੀ ਹੈ। ਇੱਕ ਦੋ ਸਾਲ ਦਾ ਫ਼ਰਕ ਮੁੰਡੇ ਦਾ ਹੋਣ ਦੇ ਬਾਵਜੂਦ ਉਹ ਉਸ ਧੀ ਦੇ ਮਗਰ ਲੱਗਦਾ ਹੈ ਤੇ ਉਸਨੂੰ ਆਪਣੇ ਜਾਲ ਵਿੱਚ ਫਸਾਉਂਦਾ ਹੈ। ਪਿਆਰ ਦਾ ਦਿਖਾਵਾ ਕਰਕੇ ਉਸ ਧੀ ਨੂੰ ਆਪਣਾ ਬਣਾ ਲੈਂਦਾ ਹੈ। ਹੌਲੀ ਹੌਲੀ ਸਮਾਂ ਲੰਘ ਜਾਣ ਮਗਰੋਂ ਉਸ ਨਾਲ ਸ਼ਰੀਰਕ ਸਬੰਧ ਵੀ ਬਣਾਉਂਦਾ ਹੀ ਜਿਸ ਨਾਲ ਉਸਦਾ ਪਿਆਰ ਵਧੇਰੇ ਗੂੜ੍ਹਾ ਹੁੰਦਾ ਹੈ। ਧੀ ਆਪਣੇ ਹੀ ਮਾਪਿਆ ਦੀ ਲਾਡਲੀ ਨਹੀਂ ਕਹਾਉਂਦੀ ਕਿਉਕਿ ਉਹ ਉਸ ਸਖਸ਼ ਨੂੰ ਪਿਆਰ ਕਰਦੀ ਹੈ ਜੋ ਉਸਦੀ ਜਿੰਦਗੀ ਵਿੱਚ ਹੈ। ਧੀ ਆਪਣੇ ਆਪ ਨੂੰ ਸਹੀ ਉਦੋਂ ਤੱਕ ਸਮਝਦੀ ਹੈ ਜਦੋਂ ਤੱਕ ਉਹ ਸਖ਼ਸ਼ ਉਸ ਨਾਲ ਹੈ। ਮਾਪਿਆ ਲਈ ਇਹ ਗੱਲ ਵਧੇਰੇ ਚਿੰਤਤ ਹੈ।

ਇੱਕ ਅਜਿਹਾ ਦਿਨ ਵੀ ਆਉਂਦਾ ਹੈ,ਜਿੱਥੇ ਇੱਕ ਧੀ ਮਾਂ ਬਣਨ ਵਾਲੀ ਹੁੰਦੀ ਹੈ ਤੇ ਉਸ ਵਕਤ ਉਹ ਘਰ ਵੀ ਛੱਡ ਚੁੱਕੀ ਹੁੰਦੀ ਹੈ। ਉਸ ਸਖਸ਼ ਨੂੰ ਪਤਾ ਹੈ ਇਹ ਜਿੰਦਗੀ ਮੇਰੀ ਹੈ ਪਰ ਉਹ ਉਸ ਧੀ ਨੂੰ ਆਪਣੀ ਔਲਾਦ ਸੁੱਟ ਦੇਣ ਲਈ ਆਖ ਦਿੰਦਾ ਹੈ ਤੇ ਧੀ ਹੀ ਆਪਣੀ ਇੱਕ ਧੀ ਨੂੰ ਸੜਕ ਦੇ ਕਿਨਾਰੇ ਸੁੱਟ ਕੇ ਚਲੀ ਜਾਂਦੀ ਹੈ। ਅੱਜ ਦੀ ਇਸ ਪੀੜ੍ਹੀ ਨੂੰ ਸਮਝ ਕਿਉਂ ਨਹੀਂ ਲੱਗਦੀ ਕਿ ਜਿਹੜੀ ਔਲਾਦ ਨੂੰ ਜਨਮ ਦਿੱਤਾ…ਉਹ ਤੁਸੀ ਵੀ ਹੋ ਤੇ ਉਸ ਵਿੱਚ ਤੁਹਾਨੂੰ ਨਹੀਂ ਤੁਹਾਡੇ ਮਾਪਿਆ ਨੇ ਇੰਝ ਸੁੱਟਿਆ। ਜੋ ਵੀ ਧੀ ਮਾਂ ਬਣਨ ਮਗਰੋਂ ਧੀ ਨੂੰ ਹੀ ਸੁੱਟ ਦਿੰਦੀ ਹੈ ਉਸਨੂੰ ਜਿੰਦਗੀ ਦੀ ਹਰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਮੁਸ਼ਕਿਲਾਂ ਵਧੇਰੇ ਵੱਧ ਜਾਂਦੀਆਂ ਹਨ। ਜਿਸ ਨਾਲ ਮਾਪੇ ਵੀ ਤੁਹਾਡਾ ਸਾਥ ਛੱਡ ਦਿੰਦੇ ਹਨ।
ਸੜਕ ਕਿਨਾਰੇ ਨੰਨ੍ਹੀ ਜਾਨ ਜਿਸਦੀ ਜਿੰਦਗੀ ਵਿੱਚ ਹੁਣ ਹਨ੍ਹੇਰਾ ਹੈ। ਉਸਦੇ ਆਸ ਪਾਸ ਗੰਦ – ਮੰਦ ਤੋਂ ਇਲਾਵਾ ਕੁਝ ਵੀ ਨਹੀਂ ਹੈ। ਆਵਾਰਾ ਫਿਰਦੇ ਕੁੱਤੇ ਜੋ ਕਿ ਗੰਦ – ਮੰਦ ਵਿੱਚ ਹੀ ਫਿਰਦੇ ਹਨ। ਨੰਨ੍ਹੀ ਜਾਨ ਜੋ ਛੱਡ ਕੇ ਚਲਾ ਗਿਆ ਹੈ। ਸਮਾਂ ਬੀਤਦਾ ਜਾਂਦਾ ਹੈ ਤੇ ਮਗਰੋਂ ਕੁੱਤੇ ਉਸਨੂੰ ਨੋਚਦੇ ਹਨ। ਨੰਨ੍ਹੀ ਜਾਨ ਦੀ ਜਿੰਦਗੀ ਕੁਝ ਸਕਿੰਟਾਂ ਮਿੰਟਾਂ ਲਈ ਰਹਿੰਦੀ ਹੈ। ਹਰ ਥਾਂ ਲਿਖਿਆ ਜਾਂਦਾ ਹੈ ‘ ਬੇਟੀ ਬਚਾਓ,ਬੇਟੀ ਬਚਾਓ ‘ ਕਿੱਥੇ ਗਏ ਉਹ ਲੋਕ ਜੋ ਐਵੇਂ ਦੀ ਗੱਲ ਅਕਸਰ ਕਿਹਾ ਵੀ ਕਰਦੇ ਸੀ। ਕਿਉਂ ਨਹੀਂ ਇੱਥੇ ਇਨਸਾਫ਼ ਮਿਲਦਾ। ਕੀ ਇੱਕ ਧੀ ਨੂੰ ਜਿਊਣ ਦਾ ਕੋਈ ਹੱਕ ਨਹੀਂ। ਇਸ ਵਿੱਚ ਸਭ ਤੋਂ ਵੱਡੀ ਗਲਤੀ ਉਸ ਸਖਸ਼ ਦੀ ਹੈ ਜੋ ਆਪਣੇ ਪਿਆਰ ਵਿੱਚ ਫਸਾ ਕੇ ਇੱਜਤ ਨੂੰ ਨੋਚਦਾ ਹੈ ਤੇ ਇੱਜਤ ਨੂੰ ਹੀ ਮਿੱਟੀ ਵਿੱਚ ਮਿਲਾ ਕੇ ਸੁੱਟਦਾ ਹੈ।

ਅੱਜ ਕੱਲ੍ਹ ਦੇ ਰਿਸ਼ਤੇ ਸਿਰਫ਼ ਜਿਸਮਾਂ ਦੀ ਭੁੱਖ ਤੱਕ ਹੀ ਸੀਮਿਤ ਰਹਿ ਗਏ ਹਨ। ਅੱਜ ਦੀ ਪੀੜ੍ਹੀ ਦੇ ਅਜਿਹੇ ਨੌਜਵਾਨ ਹਨ ਜੋ ਨਸ਼ੇ ਦੇ ਨਾਲ ਨਾਲ ਹੈਵਾਨੀਅਤ ਨੂੰ ਵੀ ਪੂਰਾ ਜੋਰ ਦਿੰਦੇ ਹਨ। ਇੱਕ ਆਮ ਪਿੰਡ ਦੀ ਕੁੜੀ ਨਾਲ ਪਿਆਰ ਪਾ ਲੈਂਦੇ ਹਨ ਤੇ ਉਸਦੀ ਜਿੰਦਗੀ ਨੂੰ ਉਜਾੜ ਦਿੰਦੇ ਹਨ। ਧੀ ਨੂੰ ਬਹਾਦੁਰ ਹੋਣ ਦੀ ਲੋੜ ਹੈ। ਇਸ ਜਿੰਦਗੀ ਵਿੱਚ ਅਗਰ ਜਿਉਣਾ ਹੈ ਤਾਂ ਡਰ ਨੂੰ ਖ਼ਤਮ ਕਰਕੇ ਤੇ ਪਿਆਰ ਦੇ ਨਾਮ ਨੂੰ ਮਿਟਾ ਕੇ ਚੱਲਣਾ ਹੋਵੇਗਾ। ਜਿਸ ਨਾਲ ਕਿਸੇ ਵੀ ਮਾਪਿਆ ਦੀ ਧੀ ਬਦਨਾਮ ਨਹੀਂ ਹੋਵੇਗੀ। ਇੱਕ ਧੀ ਦਾ ਮਾਪੇ ਪ੍ਰਤੀ ਵੀ ਵਧੇਰੇ ਪਿਆਰ ਹੁੰਦਾ ਹੈ ਪਰ ਨੌਜਵਾਨ ਪਿਆਰ ਦਾ ਵਾਸਤਾ ਦੇ ਕੇ ਉਸਨੂੰ ਭਟਕਾ ਦਿੰਦੇ ਹਨ। ਹੱਦ ਤੋਂ ਵੱਧ ਕੀਤਾ ਵਿਸ਼ਵਾਸ਼ ਹੀ ਇੱਕ ਧੀ ਦੀ ਇੱਜ਼ਤ ਨੂੰ ਰੋਲ ਸਕਦਾ ਹੈ। ਧੀਆਂ ਧਿਆਣੀਆਂ ਗਲਤ ਨਹੀਂ ਹੁੰਦੀਆਂ ਬਸ ਗ਼ਲਤ ਦੇ ਨਾਲ ਰਹਿ ਕੇ ਗ਼ਲਤ ਬਣ ਜਾਂਦੀਆਂ ਹਨ।

ਥਾਂ ਥਾਂ ਇਹ ਗੱਲ ਜਰੂਰ ਸੁਣਨ ਵਿੱਚ ਆਵੇਗੀ ,’ ਫ਼ਲਾਣੇ ਦੀ ਧੀ ਨੇ ਦੂਜੇ ਮੁੰਡੇ ਨਾਲ ਭੱਜ ਆਹ ਕਾਰਾ ਕਰਤਾ,ਨਿਆਣੀ ਉਮਰੇ ਵਿਆਹ ਕਰ ਲਿਆ,ਨਿਆਣੀ ਉਮਰੇ ਧੀ ਜੰਮਤੀ…ਇਹੋ ਜਿਹੀਆਂ ਗੱਲਾਂ ਆਮ ਹੁੰਦੀਆਂ ਮਿਲਣਗੀਆਂ। ਜੋ ਵੀ ਤੁਸੀ ਸੁਣਿਆ ਉਹ ਸਭ ਸੱਚ ਹੈ। ਅੱਜ ਦੀ ਪੀੜ੍ਹੀ ਵਿੱਚ ਇੰਝ ਹੁੰਦਾ ਪਿਆ ਹੈ। ਮਾਪਿਆ ਦੀ ਲਾਡਲੀ ਧੀ ਸਦਾ ਹੀ ਮਾਪਿਆ ਦੀ ਬਣ ਕੇ ਰਹੇ। ਇਹ ਹਰ ਮਾਪਿਆ ਦਾ ਬੋਲ ਹੁੰਦਾ ਹੈ। ਧੀਆਂ ਧਿਆਣੀਆਂ ਕਿਉਂ ਨਾ ਹੋਣ ਇਹਨਾਂ ਬਿਨ ਵੀ ਜੱਗ ਸੁੰਨਾ ਹੈ। ਇੱਕ ਧੀ ਨੂੰ ਜਿੰਦਗੀ ਕਿਉਂ ਨਹੀਂ…ਉਸਨੂੰ ਜਿੰਦਗੀ ਜਿਊਣ ਦਾ ਪੁਰਾ ਪੁਰਾ ਹੱਕ ਹੈ। ਜੋ ਮਾਂ ਆਪਣੀ ਧੀ ਨੂੰ ਇੰਝ ਸੜਕ ਕਿਨਾਰੇ ਸੁੱਟ ਜਾਂਦੀਆਂ ਹਨ,ਉਸਨੂੰ ਆਪਣਾ ਭਵਿੱਖ ਕਦੇ ਵੀ ਨਸੀਬ ਨਹੀਂ ਹੁੰਦਾ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਸਪੰਰਕ : 7626818016