ਸਾਰਿਆਂ ਨੂੰ ਸਤਿਕਾਰ ਭਰੀ, ਸਤਿ ਸ਼੍ਰੀ ਅਕਾਲ। ਇੱਥੇ ਸਾਡੀ ਜਿੰਦਾਬਾਦ ਹੈ, ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਵੀ, ਆਧੀਆਂ-ਬਿਆਧੀਆਂ ਤੋਂ ਬਚਾਵੇ। ਬਾਬੇ ਟਹਲ ਦਾਸ ਦੀ ਜੈ, ਬੋਲ ਕੇ, ਅੱਗੇ ਸਮਾਚਾਰ ਇਹ ਹੈ ਕਿ ਟਾਈਮ ਚੋਂ ਟਾਈਮ ਕੱਢ ਕੇ, ਰਾਜੂ ਮਿਸਤਰੀ ਮਸਾਂ ਈ ਕਾਬੂ ਆਇਆ। ਗੱਲ ਇਉਂ ਬਣੀਂ ਕਿ ਬਕਾਇਆ ਕੀ ਆਇਆ, ਮਾਸ਼ਟਰਾਂ ਦੇ ਪੈਸੇ ਉਕਲਣ ਲੱਗੇ। ਰੋਜ ਆਥਣ-ਉੱਗਣ ਫੂਨ
ਤੇ ਮਿਸਤਰੀ ਦਾ ਸਿਰ ਖਾਣ ਲੱਗਾ। ਖੈਰ! ਕਰਦਿਆਂ-ਕਰਾਂਉਂਦਿਆਂ, ਮੱਸਿਆ ਆਲੇ ਦਿਨ ਤੜਕੇ ਈ ਆ ਗਿਆ ਬੰਦਾ, ਸੰਦ-ਸੰਦੌੜਾ ਲੈ ਕੇ। “ਚਾਹ ਧਰੋ, ਮਾਸ਼ਟਰ ਜੀ ਅੱਸੀ ਮੀਲ ਆਲੀ, ਥੋਡਾ ਨਿਬੇੜੀਏ, ਲਾਹੀਏ ਲਾਂਭਾ।” ਵੱਡੇ ਕਾਲੇ, ਭਾਰੇ ਬੈਗ ਚੋਂ, ਸਾਮਾਨ ਨੂੰ ਕੱਢਦਿਆਂ ਵੇਖ, ਸਾਰਾ ਟੱਬਰ, ਬਾਗੋ-ਬਾਗ ਹੋ ਗਿਆ। ‘ਲੈ ਬਈ, ਦਰਵਾਜੇ ਦੀ ਚਿਟਕਣੀ ਨੀ ਲੱਗਦੀ
, ਖੋਲ ਦਰਵਾਜਾ, ਰੰਦਾ ਫੇਰ, ਕਟਰ ਨਾਲ, ਚਰਰ-ਚਰਰ, ਧੂੜ ਉੱਡੀ, ਭਰ ਗਿਆ ਸਾਰਾ ਘਰ, ਧੂੜੋ-ਧੂੜ ਪਰਦੇ। ‘ਆਹ ਬੈਡ ਦੀ ਚੂਲ ਹਿੱਲਦੀ ਐ, ‘ਆਹ ਲਵੋ
, ਠੋਕੋ, ਲੰਮੀ ਮੇਖ, ਮਸ਼ੀਨ ਨਾਲ, ਕਰਰਰ-ਕਰਰਰ। ਫੇਰ ਭਰਾਵੋ ਕੀ-ਕੀ ਦੱਸਾਂ? ਸਨਮਾਈਕਾ ਉਖੜੇ ਤੋਂ, ਫੈਵੀਕੋਲ ਲਾ, ਟੇਪਕਸ, ਮੇਖਾਂ ਲਾ, ਨਵਾਂ ਬਣਾਤਾ। ‘ਆਹ ਗੇਟ ਆਂਡ੍ਹਾ ਜਾ ਹੋ ਗਿਆ, ਉਹ ਠੱਕ-ਠਕਾ। ਕਦੇ ਸਵਾ ਇੰਚੀ ਬਰੰਜੀਆਂ ਲਿਆ, ਕਦੇ ਗੁੱਲ-ਮੇਖ, ਜਾਲੀ, ਗਿੱਟੀਆਂ! ਲੋਹੇ ਦੀ ਦੁਕਾਨ ਉੱਤੇ ਫੇਰੇ ਲਾਂਉਂਦਿਆਂ, ਆਵਦਾ ਸਰੀਰ ਹਿੱਲ ਗਿਆ। ਦੁਪਹਿਰੇ ਮਾਸ਼ਟਰਾਂ ਨੂੰ ਰੋਟੀ ਖਾ ਕੇ, ਘੰਟਾ ਏ.ਸੀ.
ਚ ਠੌਂਕਾ ਲਾਉਣ ਦੀ ਆਦਤ। ਅੱਖਾਂ ਮਿਚਣ, ਮਿਸਤਰੀ ਦਾ ਵੀ ਲਾਲਚ, ਮਸਾਂ ਮਿਲਿਐ। ਦੁਪਹਿਰੇ ਫੇਰ ਕਰਾਰੀ ਚਾਹ ਬਣਾਈ। ਰਾਜੂ ਆਂਹਦਾ, “ਮਾਸ਼ਟਰ ਜੀ ਕੀ ਆਰਾਮ ਕਰੀਏ? ਤਿੰਨ ਜਵਾਕ ਪੜ੍ਹਦੇ ਐ, ਨਿਰਾ ਖਰਚੇ ਦਾ ਘਰ। ਮੈਂ ਸੋਚਦਾ, ਮਸਾਂ ਔਖਾ-ਸੌਖਾ ਖਿੱਚੀ ਆ ਕੰਮ। ਇੱਕ ਵੀ ਕਮਾਉਣ ਲੱਗ ਗਿਐ ਤਾਂ ਆਸਰਾ ਹੋ-ਜੂ। ਕੁੜੀ ਈ.ਟੀ.ਟੀ. ਕਰਦੀ ਐ, ਮੁੰਡਾ ਸਕੂਲ ਐ, ਦੂਜੀ ਕੁੜੀ ਕਾਲਜ ਚ ਆ। ਆਹ ਲੱਕੜ-ਪੱਥਰ ਦਾ ਮਿੱਟ-ਖਾਨਾ ਝੱਲੀ ਜਾਂਨੇਂ ਆਂ, ਸ਼ੈਂਤ ਰੱਬ ਸੁਣ ਲੇ। ਆਪ ਤਾਂ ਪਸੂਆਂ ਅਰਗੇ ਰਹਿਗੇ। ਜਵਾਕਾਂ ਨੂੰ ਈਂ। ਏਨੇਂ ਨੂੰ ਰਾਜੂ ਦੀ ਕੁੜੀ ਦਾ ਫ਼ੋਨ ਆ ਗਿਆ। “ਪਾਪਾ ਪੇਪਰ ਹੋ ਗਿਆ, ਲੈ ਜਾਓ", ਰਾਜੂ ਮੋਟਰ-ਸਾਈਕਲ ਲੈ, ਸਪੀਡ ਫੜ ਗਿਆ, ਪਰ ਰਾਜੂ ਦੀ ਕਬੀਲਦਾਰੀ ਸੋਚ ਮਾਸ਼ਟਰ ਦੀ ਥੱਕੇ ਦੀ ਵੀ ਅੱਖ ਨਾ ਲੱਗੀ। ਹੋਰ, ਵੀਜ਼ਾ ਵਾਪਾਰ ਵਿੱਚ ਹੁਣ, ਸੁੱਖ-ਸੁੱਖਣ ਅਤੇ ਲਾਹੁਣ ਦਾ ਖ਼ਰਚਾ ਵੱਧ ਗਿਆ ਹੈ। ਕਈ, ਗੁਲਾਬ ਸਿੰਘ ਵੈਦ ਦੀ ਮੰਨ ਕੇ, ਰਾਤ ਦੀ ਰੋਟੀ ਸਵੇਰੇ ਦੁੱਧ ਨਾਲ ਖਾਣ ਲੱਗ ਪਏ ਹਨ। ਵਧੇ ਖ਼ਰਚਿਆਂ ਅਤੇ ਘਟਦੀ ਆਮਦਨ ਨੇ ਗਰੀਬ ਲੋਕਾਂ ਦੇ ਰੰਘਾਟ ਕੱਢ ਦਿੱਤੇ ਹਨ। ਭੋਲੋ ਮਾਸੀ ਵੀ ‘ਮੁਫ਼ਤਖੋਰੀ
ਦੇ ਵਿਰੁੱਧ ਪ੍ਰਚਾਰ ਕਰਨ ਲੱਗ ਪਈ ਹੈ। ਮੰਡੀਆਂ ਵਿੱਚ ਨਰਮਾ ਅਤੇ ਬਾਸਮਤੀ ਆਉਣ ਲੱਗ ਪਈ ਹੈ। ਕੈਲੂ-ਕਵਾਡੇ ਦਾ ਚੋਰੀ ਹੋਇਆ, ਮੋਟਰਸਾਈਕਲ ਅਜੇ ਨਹੀਂ ਲੱਭਾ। ਸੁੱਖਾ ਹੌਲਦਾਰ ਦੱਸਦੈ, ‘ਬਈ, ਚਿੱਟੇ ਆਲਾ ਕੰਮ ਹੋਰ ਕਾਲਾ ਹੋ ਗਿਐ। ਰਿਸ਼ਵਤ ਦਾ ਕੀੜਾ, ਅਜੇ ਸਾਡੇ ਲਹੂ ਵਿੱਚ ਜਿਉਂਦਾ ਹੈ। ਪਾਰਟੀਆਂ, ਵੋਟਾਂ ਲਈ, ਘਰੂਟੋ-ਘਰੂਟੀ ਹੋਈ ਜਾਂਦੀਆਂ। ਰਾਜੇਸ਼ ਡੀ.ਪੀ., ਭਤੀਜੇ ਨੂੰ ਘੱਲ ਕੇ, ਹੌਲਾ ਹੋ ਗਿਐ। ਖੇਤਾਂ
ਚ, ਹਰ ਪਾਸੇ ਹਰਿਆਵਲ ਹੈ। ਸੱਚ, ਮੀਂਹ ਨਾਲ ਮੌਸਮ ਮਿੱਠਾ ਹੋ ਰਿਹੈ। ਸਰਦੀਆਂ ਦੀਆਂ ਸਬਜ਼ੀਆਂ ਬੀਜਣ ਦੀ ਤਿਆਰੀ ਹੈ। ਮੈਂਬਰਾਂ ਤੋਂ ਸਰਪੰਚ ਬਣਨ ਦੀ ਅਵਾਈ ਨੇ ਕਈਆਂ ਦਾ ਰੰਗ ਫੱਕ ਕਰ ਦਿੱਤੈ। ਟਾਂਡੂੰ-ਟਾਂਡਾ, ਮਿੱਠੂ-ਮੋਠਾ ਅਤੇ ਭੋਲਾ-ਭਿੰਡਾ, ਕਾਇਮ ਹਨ। ਦੀਵਾਲੀ ਦੇ ਰੰਗ-ਰੋਗਨ, ਧੋਵਾ-ਧਵਾਈ, ਸ਼ੁਰੂ ਹਨ। ਬੱਸ, ਸਾਉਣੀ ਆ ਰਹੀ ਹੈ, ਹੋ ਜਾਂ ਗੇ, ਵਧੀਆ, ਤੁਸੀਂ ਵੀ ਹੌਂਸਲੇ ਵਿੱਚ ਰਹਿਓ, ਸਭ ਠੀਕ ਹੋ ਜਾਏਗਾ। ਚੰਗਾ, ਛੇਤੀ ਮਿਲਾਂਗੇ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ,
ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061