ਪਿੰਡ, ਪੰਜਾਬ ਦੀ ਚਿੱਠੀ (161)

ਪਿੰਡੋਂ ਦੂਰ ਵਸੇਂਦੇ ਸੱਜਣੋਂ, ਸਾਡੀ ਸਾਰਿਆਂ ਨੂੰ ਸਤ ਸ਼੍ਰੀ ਅਕਾਲ। ਅਸੀਂ ਮੌਜਾਂ ਕਰਦੇ ਹਾਂ, ਤੁਹਾਡੀ ਰਾਜ਼ੀ-ਖੁਸ਼ੀ ਸੱਚੇ ਪਾਤਸ਼ਾਹ ਤੋਂ, ਸਦਾ ਭਲੀ ਮੰਗਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਪਾਛੀ ਕਾ ਗੁਰਾ, ਚੰਨਣ ਸਿੰਹੁ ਅਤੇ ਘੋਗੜ, ਸੱਥ ਵਿੱਚ ਆ ਕੇ, ਪਹਿਲਾਂ, ਆਏ-ਗਏ ਨੂੰ ਤੱਕਦੇ ਰਹੇ ਫੇਰ ਗੁਰਾ ਆਂਹਦਾ, “ਓਏ ਘੋਗੜਾ! ਥੋਨੂੰ ਸਿਆਣਿਆਂ ਦਾ ਲਾਣਾ ਕਿਉਂ ਆਂਹਦੇ ਆ?” “ਏਹਨੇ ਕੀ ਦੱਸਣਾਂ ਘੋਗੇ ਨੇ, ਮੈਂ ਦੱਸਦਾਂ, ਏਹਨਾਂ ਦਾ ਵੱਡਾ ਬਾਬਾ, ਰਣਜੀਤ ਸਿੰਹੁ ਸੀ ਪਸੂਆਂ ਦੀਆਂ ਬੀਮਾਰੀਆਂ ਦਾ ਦੇਸੀ ਡਾਕਦਾਰ। ਪਿੰਡ ਕੀ ਪੂਰੇ ਪੰਦਰਾਂ-ਪਿੰਡਾਂ ਚ ਸਿਆਣਾ ਮਸ਼ਹੂਰ ਸੀ।ਕੇਰਾਂ ਅੱਪੜ ਜਾਂਦਾ ਪਸੂ ਕੋਲੇ, ਬੱਸ ਫੇਰ ਨਹੀਂ ਸੀ ਭੁਰਨ ਦਿੰਦਾ। ਉਦੋਂ ਪਸੂ ਵੀ ਬਹੁਤ ਸੀ, ਵੱਗ ਵੀ ਅਤੇ ਘਰ-ਘਰ ਵੀ। ਬਾਹਲੇ ਪਸੂ ਬਾਹਲੀਆਂ ਬੀਮਾਰੀਆਂ। ਕੋਈ ਨਾ ਕੋਈ ਘੋੜੀ ਜਾਂ ਗੱਡੇ ਉੱਤੇ ਆਇਆ ਖੜਾ ਹੁੰਦਾ ਬਾਰ ਅੱਗੇ। ਰਣਜੀਤ ਸਿੰਹੁ ਝੱਟ ਜਾਂਦਾ, ਪਸੂ ਦਾ ਕੰਨ ਵੇਂਹਦਾ, ਗੋਹਾ ਵੇਂਹਦਾ, ਧਿਆਨ ਨਾਲ ਜਾਂਚ ਕੇ ਚਾਰ ਕੁ ਗੱਲਾਂ ਪੁੱਛਦਾ, ‘ਉਗਾਲਾ ਕਰਨ, ਖਾਣ-ਪੀਣ ਅਤੇ ਗੋਹੇ ਆਦਿ ਬਾਰੇ। ਫੇਰ ਬਿਰਜ ਲਾਲ ਸੇਠ ਦੀ ਹੱਟੀ ਤੋਂ ਮੰਗਾਉਂਦਾ, ਜਵੈਣ, ਸੌਂਫ਼, ਗੁੜ ਨਸ਼ਾਦਰ, ਤੇ ਹੋਰ ਨਿੱਕ-ਸੁੱਕ। ਇੱਕ ਲੰਮੀ ਜੀ ਚਿੱਟੀ-ਮੋਟੀ ਗੋਲੀ ਅਤੇ ਅਖੀਰੀ ਟੀਕਾ। ਫੇਰ ਆਪ ਸਾਰਾ ਸਾਮਾਨ, ਸਾਹਮਣੇ ਕੁਟਾ-ਪੁਣਾ ਕੇ, ਕਾਹੜਾ ਬਣਾ, ਲੱਕੜ ਦੀ ਨਾਲ ਰਾਹੀਂ ਦਿੰਦਾ। ਕੋਲੇ ਬੈਠ, ਘਰ ਵਾਲਿਆਂ ਨੂੰ ਹੌਂਸਲਾ ਦਿੰਦਾ। ਬੱਸ ਬਿੰਦ ਝੱਟ ਚਾਹ-ਦੁੱਧ ਪੀਂਦਿਆਂ, ਪਸੂ ਉਗਾਲਾ ਕਰਨ ਲੱਗ ਪੈਂਦਾ। ਲੋਕੀਂ ਉਹਦੇ ਪੈਰੀਂ ਹੱਥ ਲਾਉਂਦੇ। ਕੋਈ ਫੀਸ, ਖ਼ਰਚਾ ਮਤਲਬ ਹੀ ਨਹੀਂ। ਮਗਰੋਂ ਲੋਕੀਂ ਦਿਨ-ਦਿਹਾਰ ਉੱਤੇ, ਉਹਦੇ ਘਰ, ਖੇਸ ਵਿੱਚ ਵਲ੍ਹੇਟ, ਕਈ ਕੁਸ ਮੱਲੋ-ਮੱਲੀ ਦੇ ਜਾਂਦੇ। ਆਂਏਂ ਉਹਨੇ ਸੱਠ ਸਾਲ, ਲੱਖਾਂ, ਮੱਝਾਂ-ਗਾਂਵਾਂ, ਭੇਡਾਂ-ਬੱਕਰੀਆਂ, ਬਲਦ ਅਤੇ ਘੋੜੇ ਆਦਿ ਬਚਾਏ। ਧੱਤੂ, ਜਗਰਾਜ, ਤਾਰਾ ਵਾਗੀ ਅਤੇ ਭੂਰੀਆ ਵੀ ਉਹਤੋਂ ਸਿੱਖ ਕੇ ਪਸੂਆਂ ਦੀ ਸੇਵਾ ਕਰਦੇ ਰਹੇ। ਉਹਦੀ ਸ਼ਰਤ ਸੀ, ਪੈਸਾ-ਟਕਾ ਕੋਈ ਨੀਂ ਲੈਣਾ ਬੱਸ ਪੁੰਨ ਸਮਝ ਕੇ ਸੇਵਾ ਕਰਨੀ ਐਂ। ਲਾਲਚ ਕੀਤਾ ਤਾਂ ਵਾਹਿਗੁਰੂ, ਸ਼ਫ਼ਾ ਨਹੀਂ ਕਰੂਗਾ। ਸਤਨਾਮ-ਵਾਗਗੁਰੂ ਆਖ ਕੇ ਰੱਬ ਤੋਂ ਪਸੂ-ਜੀਅ ਦਾ, ‘ਜੀਅ-ਦਾਨ ਮੰਗਣਾ, ਭਲੀ ਹੋਊਗੀ। ਬੱਸ ਇਹ ਸੀ ਸਿਆਣਿਆਂ ਦਾ ਲਾਣਾ। ਫੇਰ, ਪਸੂ ਘਟ ਗੇ। ਡਾਕਟਰ ਆ ਗੇ। ਹੁਣ ਘੋਗੜ ਵਰਗੇ ਐਥੇ ਥੋਡੇ ਸਾਹਮਣੇ ਬੈਂਚ ਘਸਾਈ ਜਾਂਦੇ ਐ। ਐਨੀ ਮੇਰੀ ਬਾਤ ਅੱਗੋ ਸਾਖੀ ਹੋਰ ਚੱਲੀ।”

ਹੋਰ, ਸੇਕ ਬੜਾ ਵਧਿਐ, ਆਂਹਦੇ ਮੀਂਹ ਆਊਗਾ। ਰਾਮੂ ਭਈਏ ਦੀ ਕੁੜੀ ਨਰਸ ਦੀ ਪੜ੍ਹਾਈ ਕਰਨ ਲੱਗ ਗੀ। ਪੰਚੈਤੀ ਵੋਟਾਂ ਲਈ ਖੁਸਰ-ਫੁਸਰ, ਕੰਨ ਕੱਢ ਰਹੀ ਹੈ। ਰਾਜੂ, ਪੱਥਰ ਦੀਆਂ ਚੁਗਾਠਾਂ ਦਾ ਕੰਮ ਸਿੱਖ ਗਿਐ। ਕੁਲਜੀਤ ਮਾਸਟਰ ਜੀ ਨੇ, ਪਿੰਡ ਚ ਕੋਚਿੰਗ ਲਈ ਸਸਤੀ ਅਕੈਡਮੀ ਚਲਾ ਦਿੱਤੀ ਹੈ। ਮਾਨਵ ਸੇਵਾ ਵਾਲੇ ਬੂਟੇ ਅਤੇ ਮੁਫ਼ਤ ਕੈਂਪ ਲਾ ਰਹੇ ਹਨ। ਖੇਤੀ ਮੇਲਿਆਂ ਵੱਲ, ਕਿਸਾਨ, ਵਾਹਵਾ ਰੁਚਿਤ ਹਨ। ਕਈ ਘਰ ਭੁਰ ਰਹੇ ਹਨ। ਕਈ ਨਵੇਂ ਡੀਜ਼ਾਈਨ ਦੇ ਬਣ ਗਏ ਹਨ। ਹੁਣ ਆਂਓਂਗੇ ਤਾਂ ਨਕਸ਼ਾ ਬਦਲਿਆ ਪਾਉਂਗੇ। ਸ਼ਹਿਰਾਂ ਵੱਲ ਸਵੇਰੇ-ਸ਼ਾਮ ਮੋਟਰਸਾਈਕਲਾਂ ਉੱਤੇ ਹੇੜ ਜਾਂਦੀ ਹੈ। ਵਿਦੇਸ਼ ਜਾਣ ਦਾ ‘ਚਾਅ ਅਜੇ ਕਾਇਮ ਹੈ। ਮੁਫ਼ਤ ਸਫ਼ਰ, ਬਿਜਲੀ, ਆਟਾ-ਦਾਲ, ਪੜ੍ਹਾਈ ਅਤੇ ਲਾਰੇ ਅਜੇ ਜਾਰੀ ਹਨ। ਬਾਬਾ ਪੰਡਤ, ਗਿੱਲ ਮਾਸਟਰ ਅਤੇ ਨਰੰਜਣ ਸਿੰਹੁ ਚੜ੍ਹਦੀ ਕਲਾ ਵਿੱਚ ਹਨ। ਸੱਚ, ਮੂਲੀਆਂ ਆ ਗਈਆਂ ਹਨ, ਸਾਗ ਦੀ ਤਿਆਰੀ ਹੈ। ਆ ਜੋ ਸਿਆਲ `ਚ, ਮੌਜ਼ ਕਰਾਂਵਾਂਗੇ। ਚੰਗਾ, ਬੋਲੇ ਸੋ ਨਿਹਾਲ, ਬਾਕੀ ਅਗਲੇ ਐਤਵਾਰ।

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ,
ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061