ਨਿਊਯਾਰਕ: ਅਮਰੀਕਾ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਉਨ੍ਹਾਂ ਦੇ ਉਤਪਾਦਨ ਵਿਚ ਸ਼ਾਮਲ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿਚ ਭਾਰਤ ਦਾ ਨਾਂਅ ਵੀ ਸ਼ਾਮਲ ਹੈ। ਸੂਚੀ ਵਿਚ ਕੁੱਲ 23 ਦੇਸ਼ਾਂ ਦੇ ਨਾਂਅ ਹਨ। ਹਾਲਾਂਕਿ ਰੀਪੋਰਟ ‘ਚ ਕਿਹਾ ਗਿਆ ਹੈ ਕਿ ਇਸ ਸੂਚੀ ‘ਚ ਕਿਸੇ ਵੀ ਦੇਸ਼ ਦਾ ਨਾਂਅ ਆਉਣ ਦਾ ਮਤਲਬ ਇਹ ਨਹੀਂ ਹੈ ਕਿ ਉਥੋਂ ਦੀ ਸਰਕਾਰ ਨਸ਼ੇ ਦੇ ਕਾਰੋਬਾਰ ਨੂੰ ਰੋਕਣ ਲਈ ਕਦਮ ਨਹੀਂ ਚੁੱਕ ਰਹੀ ਜਾਂ ਉਹ ਇਸ ਮਾਮਲੇ ‘ਚ ਅਮਰੀਕੀ ਸਰਕਾਰ ਨਾਲ ਸਹਿਯੋਗ ਨਹੀਂ ਕਰ ਰਹੀ।
ਇਸ ਸੂਚੀ ਵਿਚ ਉਹ ਦੇਸ਼ ਵੀ ਸ਼ਾਮਲ ਹਨ ਜੋ ਨਸ਼ੀਲੇ ਪਦਾਰਥ ਬਣਾਉਣ ਲਈ ਵਰਤੇ ਜਾਣ ਵਾਲੇ ਰਸਾਇਣਾਂ ਦਾ ਗੈਰ-ਕਾਨੂੰਨੀ ਤੌਰ ‘ਤੇ ਨਿਰਮਾਣ ਕਰਦੇ ਹਨ। ਅਜਿਹੇ ਰਸਾਇਣਾਂ ਤੋਂ ਬਣੇ ਨਸ਼ੀਲੇ ਪਦਾਰਥ ਅਮਰੀਕਾ ਨੂੰ ਵੀ ਪ੍ਰਭਾਵਤ ਕਰ ਰਹੇ ਹਨ। ਰੀਪੋਰਟ ਵਿਚ ਚੀਨ ਨੂੰ ਨਸ਼ੀਲੇ ਪਦਾਰਥਾਂ ਲਈ ਲੋੜੀਂਦੇ ਰਸਾਇਣਾਂ ਦਾ ਮੁੱਖ ਸਰੋਤ ਦਸਿਆ ਗਿਆ ਹੈ।
ਭਾਰਤ ਤੋਂ ਇਲਾਵਾ ਅਫ਼ਗਾਨਿਸਤਾਨ, ਮਿਆਂਮਾਰ, ਪਾਕਿਸਤਾਨ, ਚੀਨ, ਪਨਾਮਾ, ਪੇਰੂ, ਮੈਕਸੀਕੋ, ਜਮੈਕਾ, ਹੋਂਡੁਰਸ, ਨਿਕਾਰਾਗੁਆ, ਇਕਵਾਡੋਰ, ਬਹਾਮਾਸ, ਹੈਤੀ ਵਰਗੇ ਦੇਸ਼ ਸ਼ਾਮਲ ਹਨ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਭਾਵੇਂ ਸਰਕਾਰਾਂ ਨਸ਼ਿਆਂ ਦੇ ਕਾਰੋਬਾਰ ਨੂੰ ਰੋਕਣ ਲਈ ਸਖ਼ਤ ਕਦਮ ਚੁੱਕ ਰਹੀਆਂ ਹਨ, ਪਰ ਭੂਗੋਲਿਕ, ਵਪਾਰਕ ਅਤੇ ਆਰਥਕ ਕਾਰਨਾਂ ਕਰਕੇ ਇਨ੍ਹਾਂ ਦੇਸ਼ਾਂ ਵਿਚ ਨਸ਼ਿਆਂ ਦਾ ਉਤਪਾਦਨ ਅਤੇ ਵਪਾਰ ਹੋ ਰਿਹਾ ਹੈ।