ਬ੍ਰਾਜ਼ੀਲ ‘ਚ ਲੈਂਡਿੰਗ ਸਮੇਂ ਜਹਾਜ਼ ਕ੍ਰੈਸ਼, ਸਾਰੇ ਯਾਤਰੀਆਂ ਦੀ ਮੌਤ

ਬ੍ਰਾਜ਼ੀਲ ਦੇ ਉੱਤਰੀ ਰਾਜ ਅਮੇਜ਼ਨ (Amazon state) ਵਿੱਚ ਸ਼ਨੀਵਾਰ ਨੂੰ ਇੱਕ ਜਹਾਜ਼ ਹਾਦਸੇ ਵਿੱਚ 14 ਲੋਕਾਂ ਦੀ ਮੌਤ ਹੋ ਗਈ। ਰਾਜ ਦੇ ਗਵਰਨਰ ਨੇ ਦੱਸਿਆ ਕਿ ਇਹ ਹਾਦਸਾ ਸੂਬੇ ਦੀ ਰਾਜਧਾਨੀ ਮਨੌਸ ਤੋਂ ਕਰੀਬ 400 ਕਿਲੋਮੀਟਰ ਦੂਰ ਬਾਰਸੀਲੋਸ ਵਿੱਚ ਵਾਪਰਿਆ।

ਅਮੇਜ਼ਨਸ ਰਾਜ ਦੇ ਗਵਰਨਰ ਵਿਲਸਨ ਲੀਮਾ ਨੇ ਟਵਿੱਟਰ ‘ਤੇ ਕਿਹਾ, ‘ਮੈਂ ਸ਼ਨੀਵਾਰ ਨੂੰ ਬਾਰਸੀਲੋਨਾ ‘ਚ ਜਹਾਜ਼ ਹਾਦਸੇ ਦਾ ਸ਼ਿਕਾਰ ਹੋਏ 12 ਯਾਤਰੀਆਂ ਅਤੇ ਚਾਲਕ ਦਲ ਦੇ ਦੋ ਮੈਂਬਰਾਂ ਦੀ ਮੌਤ ‘ਤੇ ਡੂੰਘਾ ਅਫਸੋਸ ਪ੍ਰਗਟ ਕਰਦਾ ਹਾਂ। ਸਾਡੀਆਂ ਟੀਮਾਂ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਸ਼ੁਰੂ ਤੋਂ ਹੀ ਕੰਮ ਕਰ ਰਹੀਆਂ ਹਨ। ਮੇਰੀ ਹਮਦਰਦੀ ਅਤੇ ਪ੍ਰਾਰਥਨਾਵਾਂ ਪੀੜਤ ਪਰਿਵਾਰਾਂ ਨਾਲ ਹਨ।

ਮਨੌਸ ਐਰੋਟੈਕਸੀ ਏਅਰਲਾਈਨ ਨੇ ਇੱਕ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਕਿ ਇੱਕ ਹਾਦਸਾ ਵਾਪਰਿਆ ਹੈ, ਪਰ ਉਸ ਨੇ ਮੌਤਾਂ ਜਾਂ ਜ਼ਖਮੀਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਜਦਕਿ ਬ੍ਰਾਜ਼ੀਲ ਦੇ ਕੁਝ ਮੀਡੀਆ ਆਉਟਲੈਟਸ ਨੇ ਦੱਸਿਆ ਕਿ ਮਰਨ ਵਾਲਿਆਂ ‘ਚ ਅਮਰੀਕੀ ਨਾਗਰਿਕ ਵੀ ਸ਼ਾਮਲ ਹਨ। ਹਾਲਾਂਕਿ, ਰਾਇਟਰਜ਼ ਨੇ ਉਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਕਰਨ ਵਿੱਚ ਅਸਮਰੱਥਾ ਜ਼ਾਹਰ ਕੀਤੀ।

ਰਿਪੋਰਟ ਮੁਤਾਬਕ ਜਹਾਜ਼ ‘ਚ 12 ਯਾਤਰੀ ਅਤੇ ਇਕ ਪਾਇਲਟ ਅਤੇ ਕੋ-ਪਾਇਲਟ ਸਵਾਰ ਸਨ। ਬ੍ਰਾਜ਼ੀਲ ਦੇ ਸਿਵਲ ਡਿਫੈਂਸ ਨੇ ਕਿਹਾ ਕਿ ਜਹਾਜ਼ ‘ਚ ਸਵਾਰ ਕੋਈ ਵੀ ਯਾਤਰੀ ਨਹੀਂ ਬਚਿਆ। ਇਹ ਜਹਾਜ਼ ਹਾਦਸਾ ਲੈਂਡਿੰਗ ਸਮੇਂ ਭਾਰੀ ਮੀਂਹ ਕਾਰਨ ਵਾਪਰਿਆ। ਅਧਿਕਾਰੀਆਂ ਨੇ ਮ੍ਰਿਤਕਾਂ ਬਾਰੇ ਵੇਰਵੇ ਨਹੀਂ ਦਿੱਤੇ ਹਨ। ਪਰ ਕਈ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਵਿੱਚ ਅਮਰੀਕੀ ਨਾਗਰਿਕ ਵੀ ਸ਼ਾਮਲ ਸਨ।