ਲੰਡਨ: ਮਰਹੂਮ ਮਹਾਰਾਣੀ ਐਲੀਜ਼ਾਬੈੱਥ-2 ਨੂੰ ਮਾਰਨ ਦੇ ਇਰਾਦੇ ਨਾਲ 2021 ’ਚ ਕ੍ਰਿਸਮਸ ਵਾਲੇ ਦਿਨ ਤੀਰ-ਕਮਾਨ ਲੈ ਕੇ ਵਿੰਡਸਰ ਕੈਸਲ ’ਚ ਘੁਸਪੈਠ ਕਰਨ ਵਾਲੇ ਇਕ ਪੰਜਾਬੀ ਮੂਲ ਦੇ ਬ੍ਰਿਟਿਸ਼ ਨੌਜੁਆਨ ਨੇ ਅਪਣੇ ਇਸ ਕੰਮ ਲਈ ਕਿੰਗ ਚਾਰਲਸ-3 ਅਤੇ ਸ਼ਾਹੀ ਪ੍ਰਵਾਰ ਤੋਂ ਮੁਆਫ਼ੀ ਮੰਗ ਲਈ ਹੈ।
ਗ੍ਰਿਫਤਾਰੀ ਤੋਂ ਤੁਰਤ ਬਾਅਦ ਸਾਹਮਣੇ ਆਈ ਇਕ ਸੋਸ਼ਲ ਮੀਡੀਆ ਵੀਡੀਉ ਅਨੁਸਾਰ 21 ਸਾਲਾਂ ਦੇ ਜਸਵੰਤ ਸਿੰਘ ਚੈਲ ਨੇ ਦਾਅਵਾ ਕੀਤਾ ਸੀ ਕਿ ਉਹ ਅੰਮ੍ਰਿਤਸਰ ਵਿਚ 1919 ਦੇ ਜਲ੍ਹਿਆਂਵਾਲਾ ਬਾਗ ਸਾਕੇ ਦਾ ਬਦਲਾ ਲੈਣ ਲਈ ਮਰਹੂਮ ਮਹਾਰਾਣੀ ਦਾ ‘ਕਤਲ’ ਕਰਨਾ ਚਾਹੁੰਦਾ ਸੀ। ਅਪਣੀ ਇਸ ਕਾਰਵਾਈ ’ਤੇ ‘ਦੁਖ ਅਤੇ ਉਦਾਸੀ’ ਜ਼ਾਹਰ ਕਰਨ ਲਈ ਉਸ ਨੇ ਇਕ ਚਿੱਠੀ ਲਿਖੀ ਹੈ। ਜਸਟਿਸ ਨਿਕੋਲਸ ਹਿਲੀਅਰਡ ਲੰਡਨ ਦੀ ਓਲਡ ਬੇਲੀ ਅਦਾਲਤ ’ਚ ਕੇਸ ’ਚ ਸਬੂਤਾਂ ਦੀ ਸੁਣਵਾਈ ਕਰ ਰਹੇ ਹਨ, ਜਿੱਥੇ ਉਹ ਅਗਲੇ ਮਹੀਨੇ ਦੇ ਸ਼ੁਰੂ ’ਚ ਸਜ਼ਾ ਸੁਣਾਉਣਗੇ।
ਚੈਲ ਦੀ ਬੈਰਿਸਟਰ ਨਾਦੀਆ ਚਬਤ ਨੇ ਅਦਾਲਤ ਨੂੰ ਦਸਿਆ, ‘‘ਉਸਨੇ ਸ਼ਾਹੀ ਪਰਿਵਾਰ ਅਤੇ ਮਹਾਰਾਜਾ ਚਾਰਲਸ ਤੋਂ ਮੁਆਫੀ ਮੰਗੀ ਹੈ। ਉਹ ਸ਼ਰਮਿੰਦਾ ਹੈ ਕਿ ਉਸ ਨੇ ਉਨ੍ਹਾਂ ਸਾਹਮਣੇ ਅਜਿਹੇ ਭਿਆਨਕ ਅਤੇ ਚਿੰਤਾਜਨਕ ਸਮੇਂ ਨੂੰ ਲਿਆਂਦਾ।’’