ਅਮਰੀਕਾ ’ਚ ਵਧਿਆ ਪੰਜਾਬੀ ਭਾਈਚਾਰੇ ਦਾ ਮਾਣ; ਡਾ. ਦੀਪ ਸਿੰਘ ਨੂੰ ਮਿਲਿਆ ਵ੍ਹਾਈਟ ਹਾਊਸ ਦਾ ਵੱਕਾਰੀ ਅਵਾਰਡ

ਅਮਰੀਕਾ ਵਿਚ ਪੰਜਾਬੀ ਮੂਲ ਦੇ ਡਾ. ਦੀਪ ਸਿੰਘ ਨੂੰ ਵ੍ਹਾਈਟ ਹਾਊਸ ਦੇ ਵੱਕਾਰੀ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ।

ਦਰਅਸਲ ਹਾਲ ਹੀ ਵਿਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਦੀਪ ਸਿੰਘ ਵਲੋਂ ਵੱਖ-ਵੱਖ ਖੇਤਰਾਂ ਵਿਚ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਮਾਨਤਾ ਦਿਤੀ ਹੈ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਵ੍ਹਾਈਟ ਹਾਊਸ ਵਲੋਂ ਵੱਕਾਰੀ ਅਵਾਰਡ ‘ਪ੍ਰੈਜ਼ੀਡੈਂਸ਼ੀਅਲ ਲਾਈਫ ਟਾਈਮ ਅਚੀਵਮੈਂਟ ਅਵਾਰਡ’ ਨਾਲ ਸਨਮਾਨਤ ਕੀਤਾ ਗਿਆ।

ਦੀਪ ਸਿੰਘ ਇਨ੍ਹੀਂ ਦਿਨੀਂ ਈ.ਐਚ.ਐਸ. ਪੇਸ਼ੇਵਰ ਵਜੋਂ ਅਮਰੀਕਾ ਦੇ ਨਿਊਯਾਰਕ ਵਿਚ ਸੇਵਾਵਾਂ ਦੇ ਰਹੇ ਹਨ। ਸਿੱਖੀ ਦੇ ਫਲਸਫੇ ਤੋਂ ਪ੍ਰੇਰਿਤ ਹੋ ਕੇ ਉਹ ਕਾਫੀ ਲੰਮੇ ਸਮੇਂ ਤੋਂ ਬਲੱਡ ਅਤੇ ਫੂਡ ਡਰਾਈਵਾਂ ਵਿਚ ਯੋਗਦਾਨ ਦਿੰਦੇ ਆ ਰਹੇ ਹਨ। ਇਸ ਤੋਂ ਇਲਾਵਾ ਕਈ ਦਹਾਕਿਆਂ ਤੋਂ ਉਹ ਦੇਸੀ ਖੇਡਾਂ ਦੇ ਪ੍ਰਮੋਟਰ ਵਜੋਂ ਅਤੇ ਦੇਸੀ ਖੇਡਾਂ ਦੇ ਵਿਸਥਾਰ ਲਈ ਵੀ ਲਗਾਤਾਰ ਕਾਰਜਸ਼ੀਲ ਹਨ।

ਇਸ ਤੋਂ ਇਲਾਵਾ ਉਹ ਵਿਦੇਸ਼ ਵਿਚ ਵਸਦੇ ਨੌਜਵਾਨਾਂ ਨੂੰ ਅਮੀਰ ਵਿਰਸੇ ਨਾਲ ਜੋੜਨ ਲਈ ਉਪਰਾਲੇ ਕਰਦੇ ਰਹਿੰਦੇ ਹਨ। ਡ. ਦੀਪ ਸਿੰਘ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਜੰਮਪਲ ਹਨ ਅਤੇ ਉਨ੍ਹਾਂ ਨੇ ਅਪਣੀ ਉਚੇਰੀ ਸਿੱਖਿਆ ਪੰਜਾਬ ਅਤੇ ਜੰਮੂ ਯੂਨੀਵਰਸਿਟੀ ਤੋਂ ਹਾਸਲ ਕੀਤੀ ਹੈ।