ਪਿੰਡ, ਪੰਜਾਬ ਦੀ ਚਿੱਠੀ (202)

ਹਰੇ-ਹਰੇ ਰੁੱਖਾਂ ਵਰਗੇ ਪੰਜਾਬੀਓ, ਚੜ੍ਹਦੀ ਕਲਾ ਹੋਵੇ। ਅਸੀਂ ਇੱਥੇ ਰਾਜ਼ੀ-ਬਾਜ਼ੀ ਹਾਂ। ਤੁਹਾਡੀ ਖ਼ੈਰ-ਮਿਹਰ ਰੱਬ ਤੋਂ ਹਮੇਸ਼ਾ ਚਾਹੁੰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਛੁੱਟੀਆਂ ਵਿੱਚ ਆਏ, ਜਵਾਕ-ਜੱਲਿਆਂ ਨੇ ਰੌਣਕਾਂ ਲਾ ਰੱਖੀਆਂ ਹਨ। ਬੱਬੂ ਦੇ ਲੀੜੇ ਨਾ ਬਣਦੇ ਵੇਖ ਮੈਂ ਰੋਟੀ ਖਾ ਕੇ ਦੀਪੂ ਟੇਲਰ ਕੋਲ ਪਹਿਰਾ ਲਾ ਲਿਆ। ਤਿਕੋਣੀ ਜੀ ਦੁਕਾਨ ਚ ਉਸਨੇ ਮੇਜ਼, ਮਸ਼ੀਨ ਪੈਰਾਂ ਆਲੀ ਅਤੇ ਦੋ ਕੁ ਸਟੂਲ ਰੱਖੇ ਹਨ। ਕਦੇ ਉਹ ਕੱਪੜਾ ਕੱਟ ਲੇ, ਵਿੱਚੇ ਫੋਨ ਸੁਣ ਲੇ, “ਹਾਂ ਜੀ, ਆਂਟੀ ਜੀ, ਬੱਸ ਕੱਲ੍ਹ ਨੂੰ ਲੈ ਲਿਓ, ਲੈਸ ਵੀ ਲੱਗ ਜੂ। ਹਾਂ-ਜੀ, ਹਾਂ-ਜੀ, ਪੈਸੇ ਕੋਈ ਨੀਂ, ਲੈ ਲਾਂ-ਗੇ, ਹੀਂ-ਹੀਂ-ਹੀਂਅ"। ਫੇਰ ਬਿਜਲੀ ਮਸ਼ੀਨ ਦੀ ਰੇਸ ਉੱਤੇ ਸੱਜਾ ਪੈਰ ਨੱਪ ਕੇ ਕਟ-ਕਟ, ਚਿੜ-ਚਿੜ। ਨਾਲੋ-ਨਾਲ ਗੱਲਾਂ-ਬਾਤਾਂ, ਏਧਰ-ਓਧਰ ਦੀਆਂ ਚੱਲੀ ਜਾਣ। ਗਾਹਕ ਵੀ ਆਈ ਜਾਣ। “ਆਹ ਦੀਪੇ ਪੈਂਟ ਕਰ ਦੇ ਠੀਕ, ਬੱਸ ਇੱਕ ਮਿੰਟ ਯਾਰ, ਆਏਂ ਕਰ ਦੀਂ, ਆਏਂ, ਠੀਕ ਐ ਨਾਂਹ, ਚੰਗਾ, ਪੱਕਾ, ਪਰਸੋਂ" ਕੋਈ ਪੈਂਟ ਆਲਾ ਬੇਲੀ ਦੇ ਗਿਆ ਪੁਰਾਣੀ ਪੈਂਟ। ਫੇਰ ਆ ਕੇ ਦੀਪਾ ਹਿਚਕੋਲੇ ਖਾਂਦੇ ਸਟੂਲ ਉੱਤੇ ਆ ਬੈਂਲਸ ਕਰੇ। ਮੈਂ ਡਰੀ ਜਾਂਵਾਂ। ਖੈਰ, ਮੇਰੇ ਹੁੰਦੇ ਤਾਂ ਨੀਂ ਟੁੱਟਿਆ। ਫੇਰ ਉਹਨੇ ਬਾਹਾਂ ਕੱਟ, ਜੋੜੀਆਂ, ਸਿਉਣਾਂ ਮਾਰੀਆਂ। ਨਿੱਕਾ ਪੱਖਾ ਚੱਲ ਰਿਹਾ ਸੀ।

ਇੱਕ ਪਾਸੇ ਬੈਟਰਾ-ਇਨਵਰਟਰ, ਪਾਣੀ ਦੀ ਕੈਨੀ। ਲੀਰਾਂ, ਉਹ ਇੱਕ ਬਾਲਟੀ ਜੀਚ ਤੁੰਨੀ ਜਾਵੇ। ਇੰਨੇ ਨੂੰ ਪੀਲੇ ਕੇ ਬਾਗ ਚ ਰਹਿੰਦੇ ਮਾਲੀ ਦੀ ਘਰ ਵਾਲੀ ਆ ਗੀ, “ਦੀਪੇ ਬਹੀਆ! ਕੱਪੜੇ?" “ਦੋ ਤੋ ਹੋ ਗਏ, ਏਹ ਦੇਖੋ, ਦੋ ਕੱਲ ਕੋ ਹੋ ਜਾਏਂਗੇ", ਟੇਲਰ ਨੇ ਹਿੰਦੀ-ਪੰਜਾਬੀ ਦਾ ਗਾਹ ਪਾ ਤਾ। “ਪਰਸੋਂ ਲੈ ਜਾਣਾ"। “ਪਹਿਲੇ ਹੀ ਇਤਨੇ ਦਿਨ ਹੋ ਗਏ ਹੈਂ, ਪਰਸੋਂ ਪੱਕਾ", ਬੁੜ-ਬੁੜ ਕਰਦੀ ਉਹ ਚਲੀ ਗਈ। “ਅੰਕਲ ਯਾਰ ਏਹ ਪੈਸੇ ਤਾਂ ਦਿੰਦੇ ਨੀਂ, ਮਗਰੋਂ ਵੀ ਅੱਧੇ ਦਿੰਦੇ ਐ, ਮੈਂ ਵੀ ਤਾਂਹੀਂਏਂ ਰੱਖ ਛੱਡੇ ਐ।" ਦੀਪੇ ਨੇ ਦੁੱਖ-ਸੁੱਖ ਫਰੋਲਿਆ। ਇੰਨੇ ਨੁੰ ਮੈਨੂੰ ਘਰੋਂ ਫ਼ੋਨ ਆ ਗਿਆ, “ਆ ਜੋ ਘਰੇ ਹੁਣ, ਨਹੀਂ ਬਣਦੇ ਤਾਂ ਕਈ ਗੱਲ ਨਹੀਂ।" “ਗਲਾ ਤੇ ਬਾਹਾਂ ਕੱਟ ਦਿੱਤੀਆਂ ਹਨ, ਬੱਸ ਜੇਬ ਕੱਟਣੀ ਹੀ ਬਾਕੀ ਹੈ, ਦੀਪੂ ਆਂਹਦਾ ਦਸ ਮਿੰਟ ਹੋਰ, ਬੱਸ ਅੱਜ ਕੱਟ ਕੇ ਹੀ ਭੇਜੂਗਾ।" ਮੈਂ ਮਾਹੌਲ ਨੂੰ ਸੌਖਾ ਕੀਤਾ। “ਬੱਲੇ ਅੰਕਲ, ਆ ਗਿਆ ਨਜ਼ਾਰਾ, ਆ ਜਿਆ ਕਰੋ, ਘੰਟਾ ਮੇਰੇ ਕੋਲ", ਦੀਪੂ ਨੇ ਕੇਤਲੀਚ ਪਾਣੀ ਪਾ, ਸੁੱਚ ਲਾ ਤੀ। “ਬੱਸ ਹੁਣ ਚਾਹ ਪੀ ਕੇ ਜਾਇਓ, ਝੱਟ ਕੁ ਚ ਨਿਬੇੜ ਦਿੰਨੇ ਆਂ", ਉਸਨੇ ਆਖ, ਕਈ ਕੁੱਝ ਨਿੱਕ-ਸੁੱਕ ਠੀਕ ਕਰਦਿਆਂ ਕੰਮ ਨਿਬੇੜ, ਚਾਹ ਪਿਆ ਕੇ ਮੂੰਹ ਉੱਤੇ ਹੱਥ ਫੇਰਦਿਆਂ, ਚਾਰ ਸੌ ਖਰਚਾ ਲਿਆ। ਵਾਪਸ ਆਂਉਂਦਿਆਂ ਮੈਂ ਸੋਚ ਰਿਹ ਸੀ, ਬੇ-ਜ਼ਮੀਨਾਂ, ਕਿਰਤੀ, ਦੀਪਾ, ਦੂਜੇ ਪਿੰਡ ਆ ਕੇ, ਚੰਗੀ ਦਿਹਾੜੀ ਬਣਾ ਰਿਹੈ, ਸਾਡੇ ਪਿੰਡ ਆਲੇ, ਪਤਾ ਨਹੀਂ ਕਿਹੜੀ ਲਾਟਰੀ ਉਡੀਕੀ ਜਾਂਦੇ ਐ। ਰੱਬ ਖ਼ੈਰ ਕਰੇ। ਹੋਰ, ਮੀਂਹ ਦੀ ਪਹਿਲੀ ਫੁਹਾਰ ਆ ਗਈ ਹੈ। ਮੁੜਕਾ ਸ਼ੁਰੂ। ਛੁੱਟੀਆਂ ਮੁੱਕੀਆਂ ਪਰ ਗੱਲਾਂ ਨਹੀਂ। ਫੋਨ ਉੱਤੇ ਟੋਟਕੇ ਵਾਹਵਾ ਖੁਸ਼ ਕਰਦੇ ਹਨ। ਮੇਹਲੀ ਕੇ ਪੇਹਲੀ ਦਾ ਪੈਰ ਮੁਚ ਗਿਆ ਹੈ। ਸਖਤ ਮਿਹਨਤ, ਝੰਡੇ ਚੱਕ ਕੇ ਵੀ ਕਿਸਾਨਾਂ ਦਾ ਕੁਸ਼ ਨੀ ਵੱਟਿਆ ਜਾਂਦਾ। ਸੱਚ, ਬਾਬੇ ਦਾ ਰੋਟ ਬਹੁਤ ਸਵਾਦ ਸੀ।

ਪਰਮਾ ਬਾਈ ਕਨੇਡੇ ਅੱਪੜ ਗਿਆ। ਪਾਲ, ਪਿੱਪਲ ਸਿੰਘ ਅਤੇ ਪਦਮ ਕਾਇਮ ਹਨ। ਨਰਮੇ ਨੂੰ ਫੇਰ ਖਾ ਗੀ ਸੁੰਡੀ, ਝੋਨਾ ਉੱਚਾ ਹੈ ਅਤੇ ਪਾਣੀ ਨੀਵਾਂ। ਚੰਗਾ, ਖੁਸ਼ ਰਿਹਾ ਕਰੋ, ਏਸੇਚ ਸਫਲਤਾ ਹੈ, ਵਾਹਿਗੁਰੂ ਭਲੀ ਕਰੂ।
ਮਿਲਾਂਗੇ ਅਗਲੇ ਐਤਵਾਰ, ਛਰਾਟਿਆਂ ਚ।

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061