ਜ਼ੇਬਕਤਰਾ

ਜ਼ਿੰਦਗੀ ਵਿੱਚ ਕਈ ਅਜਿਹੇ ਬੰਦੇ ਮਿਲਦੇ ਹਨ ਜੋ ਸਾਨੂੰ ਬਹੁਤ ਵੱਡੇ ਸ਼ੁਭਚਿੰਤਕ ਲੱਗਦੇ ਹਨ, ਪਰ ਬਾਅਦ ਵਿੱਚ ਪਤਾ ਚਲਦਾ ਹੈ ਕਿ ਹੁਣ ਤੱਕ ਸਾਡੀਆਂ ਜੜ੍ਹਾਂ ਵੱਢਣ ਵਾਲਾ ਉਹ ਕੱਥਿਤ ਸ਼ੁੱਭਚਿੰਤਕ ਹੀ ਸੀ। ਅਜਿਹੀ ਹੀ ਇੱਕ ਜੱਗਬੀਤੀ ਹੈ ਕਿ ਦੇਬਾ ਨਾਮ ਦਾ ਇੱਕ ਬੰਦਾ ਅੰਮ੍ਰਿਤਸਰ ਤੋਂ ਤਰਨ ਤਾਰਨ ਜਾਣ ਵਾਲੀ ਬੱਸ ਵਿੱਚ ਬੈਠ ਗਿਆ। ਜਦੋਂ ਕੰਡਕਟਰ ਨੇ ਟਿਕਟ ਕਟਾਉਣ ਲਈ ਕਿਹਾ ਤਾਂ ਉਸ ਨੇ ਆਪਣੀ ਪੈਂਟ ਦੀ ਪਿੱਛਲੀ ਜ਼ੇਬ ਵਿੱਚ ਹੱਥ ਮਾਰਿਆ ਤਾਂ ਪਤਾ ਲੱਗਾ ਕਿ ਬਟੂਆ ਗਾਇਬ ਹੈ। ਜਦੋਂ ਉਸ ਨੇ ਕੰਡਕਟਰ ਨੂੰ ਦੱਸਿਆ ਕਿ ਮੇਰੀ ਜ਼ੇਬ ਕੱਟੀ ਗਈ ਹੈ ਤਾਂ ਅੱਗੋਂ ਕੰਡਕਟਰ ਉਸ ਨੂੰ ਖਿਝ੍ਹ ਕੇ ਪਿਆ ਕਿ ਸਾਡਾ ਰੋਜ਼ਾਨਾ ਤੇਰੇ ਵਰਗਿਆਂ ਨਾਲ ਹੀ ਵਾਹ ਪੈਂਦਾ ਹੈ, ਜਾਂ ਤਾਂ ਪੈਸੇ ਕੱਢ ਨਹੀਂ ਥੱਲੇ ਉੱਤਰ। ਕਿਉਂਕਿ ਰਾਤ ਦਾ ਸਮਾਂ ਹੋਣ ਕਾਰਨ ਤਰਨ ਤਾਰਨ ਜਾਣ ਵਾਲੀ ਇਹ ਆਖਰੀ ਬੱਸ ਸੀ, ਇਸ ਲਈ ਉਸ ਨੇ ਕੰਡਕਟਰ ਦੇ ਬਹੁਤ ਤਰਲੇ ਕੱਢੇ ਪਰ ਉਹ ਨਾ ਮੰਨਿਆਂ। ਇਹ ਵੇਖ ਕੇ ਉਸ ਦੇ ਨਾਲ ਬੈਠੇ ਬੰਦੇ ਨੇ ਕਿਹਾ ਕਿ ਕੋਈ ਗੱਲ ਨਹੀਂ, ਇਸ ਦਾ ਕਿਰਾਇਆ ਮੈਂ ਦੇ ਦਿੰਦਾ ਹਾਂ।

ਉਸ ਨੇ ਕੰਡਕਟਰ ਨੂੰ ਪੈਸੇ ਦੇ ਦਿੱਤੇ ਤੇ ਦੇਬੇ ਨੇ ਉਸ ਦਾ ਬਹੁਤ ਬਹੁਤ ਧੰਨਵਾਦ ਕੀਤਾ। ਨਾਲ ਬੈਠੀਆਂ ਸਵਾਰੀਆਂ ਵਿੱਚ ਵੀ ਘੁਸਰ ਮੁਸਰ ਹੋਣ ਲੱਗ ਪਈ ਕਿ ਕਿੰਨਾ ਚੰਗਾ ਬੰਦਾ ਹੈ, ਧਰਤੀ ਅਜਿਹੇ ਦਾਨਵੀਰਾਂ ਦੇ ਸਿਰ ‘ਤੇ ਹੀ ਖੜੀ ਹੈ। ਜਦੋਂ ਬੱਸ ਨੇ ਚਾਟੀਵਿੰਡ ਗੇਟ ਅੱਡੇ ‘ਤੇ ਸਵਾਰੀਆਂ ਲੈਣ ਲਈ ਕੁਝ ਮਿੰਟਾਂ ਲਈ ਬਰੇਕ ਮਾਰੀ ਤਾਂ ਇੱਕ ਮੁਰਮੁਰਾ ਵੇਚਣ ਵਾਲਾ ਬੱਸ ਵਿੱਚ ਚੜ੍ਹ ਗਿਆ। ਦੇਬੇ ਦੀ ਟਿਕਟ ਕਟਾਉਣ ਵਾਲੇ ਬੰਦੇ ਨੇ ਬਟੂਆ ਕੱਢਿਆ ਤੇ ਵੀਹ ਰੁਪਏ ਦਾ ਮੁਰਮੁਰਾ ਲੈ ਲਿਆ। ਬਟੂਆ ਵੇਖ ਕੇ ਦੇਬਾ ਅੱਗ ਬਬੂਲਾ ਹੋ ਗਿਆ। ਉਸ ਨੇ ਇੱਕ ਹੱਥ ਨਾਲ ਬਟੂਆ ਖੋਹ ਲਿਆ ਤੇ ਦੂਸਰੇ ਹੱਥ ਨਾਲ ਦੇ ਥੱਪੜ ‘ਤੇ ਥੱਪੜ। ਟਿਕਟ ਕਟਾਉਣ ਵਾਲਾ ਬੰਦਾਕੁੱਟ ਖਾਂਦਾ ਖਾਂਦਾ ਬੱਸ ‘ਚੋਂ ਨਿਕਲ ਕੇ ਫਰਾਰ ਹੋ ਗਿਆ। ਆਸ ਪਾਸ ਦੀਆਂ ਸਵਾਰੀਆਂ ਦੇਬੇ ਨੂੰ ਲਾਹਨਤਾਂ ਪਾਉਣ ਲੱਗੀਆਂ ਕਿ ਤੂੰ ਕਿੰਨਾ ਘਟੀਆ ਬੰਦਾ ਆਂ। ਜਿਸ ਨੇ ਰਹਿਮ ਕਰ ਕੇ ਤੇਰੀ ਟਿਕਟ ਕਟਵਾਈ ਸੀ, ਉਸ ਨੂੰ ਹੀ ਕੁੱਟ ਦਿੱਤਾ। ਲੋਕਾਂ ਦੀਆਂ ਗੱਲਾਂ ਸੁਣ ਕੇ ਦੇਬੇ ਨੇ ਬਟੂਏ ਵਿੱਚੋਂ ਆਪਣਾ ਅਧਾਰ ਕਾਰਡ ਕੱਢ ਕੇ ਵਿਖਾਇਆ ਤੇ ਬੋਲਿਆ, “ਇਹ ਦਾਨਵੀਰ ਕਰਣ ਹੀ ਜ਼ੇਬਕਤਰਾ ਸੀ। ਭੂਤਨੀ ਦੇ ਨੇ ਮੇਰੀ ਹੀ ਜ਼ੇਬ ਕੱਟ ਕੇ, ਮੇਰੀ ਟਿਕਟ ਕਟਾ ਕੇ ਮੇਰੇ ‘ਤੇ ਹੀ ਅਹਿਸਾਨ ਕਰ ਦਿੱਤਾ।”

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062