ਆਸਟ੍ਰੇਲੀਆ ਵਿਖੇ ਖੇਤਰੀ ਵਿਕਟੋਰੀਆ ‘ਚ ਅੱਜ ਸਵੇਰੇ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਸ ਦਾ ਮੰਨਣਾ ਹੈ ਕਿ ਸਵੇਰੇ ਕਰੀਬ 10:30 ਵਜੇ ਚਿਲਟਰਨ ਵਿਚ ਵੈਂਕੇਸ ਰੋਡ ਦੇ ਚੌਰਾਹੇ ‘ਤੇ ਹਿਊਮ ਹਾਈਵੇਅ ‘ਤੇ ਇੱਕ ਕਾਰ ਅਤੇ ਬੀ-ਡਬਲ ਟਰੱਕ ਦੀ ਟੱਕਰ ਹੋ ਗਈ। ਟੱਕਰ ਮਗਰੋਂ ਸੇਡਾਨ ਕਾਰ ‘ਚ ਸਵਾਰ ਚਾਰੇ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵੋਡੋਂਗਾ ਦੇ ਕਾਰਜਕਾਰੀ ਸੀਨੀਅਰ ਸਾਰਜੈਂਟ ਜੋਏਲ ਹਿਊਜ਼ ਨੇ ਕਿਹਾ ਕਿ ਕਾਰ ਨੇ ਵੈਨਕੇਸ ਰੋਡ ਤੋਂ ਫ੍ਰੀਵੇਅ ‘ਤੇ ਖੱਬੇ ਪਾਸੇ ਮੁੜਨ ਦੀ ਕੋਸ਼ਿਸ਼ ਕੀਤੀ ਜਦੋਂ ਇਹ ਟਰੱਕ ਨਾਲ ਟਕਰਾ ਗਈ।
ਉਹਨਾਂ ਨੇ ਇਸ ਹਾਦਸੇ ਨੂੰ ਭਿਆਨਕ ਦੱਸਿਆ। ਜੋਏਲ ਹਿਊਜ਼ ਮੁਤਾਬਕ ਉਹ ਅਜੇ ਵੀ ਇਸ ਟੱਕਰ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।” 30 ਸਾਲਾ ਟਰੱਕ ਡਰਾਈਵਰ ਨੂੰ ਬਿਨਾਂ ਜਾਨਲੇਵਾ ਸੱਟਾਂ ਦੇ ਵੋਡੋਂਗਾ ਹਸਪਤਾਲ ਲਿਜਾਇਆ ਗਿਆ। ਡਰਾਈਵਰ ਦੇ ਮਾਲਕ ਰੋਨ ਫਾਈਨਮੋਰ ਟ੍ਰਾਂਸਪੋਰਟ ਦੇ ਮੈਨੇਜਿੰਗ ਡਾਇਰੈਕਟਰ ਮਾਰਕ ਪੈਰੀ ਨੇ ਕਿਹਾ ਕਿ ਕੰਪਨੀ ਜਾਂਚ ਵਿੱਚ ਪੁਲਸ ਦੀ ਮਦਦ ਕਰੇਗੀ। ਪੈਰੀ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਹਾਦਸੇ ਦੇ ਸਮੇਂ ਡਰਾਈਵਰ ਦੀ ਰਫ਼ਤਾਰ ਤੇਜ਼ ਨਹੀਂ ਸੀ। ਇੱਥੇ ਦੱਸ ਦਈਏ ਕਿ ਚਿਲਟਰਨ ਵੈਲੀ ਮੈਲਬੌਰਨ ਤੋਂ ਲਗਭਗ 292 ਕਿਲੋਮੀਟਰ ਦੂਰ ਵੋਡੋਂਗਾ ਅਤੇ ਯਾਰਾਵੋਂਗਾ ਦੇ ਵਿਚਕਾਰ ਸਥਿਤ ਹੈ। ਮੇਜਰ ਕੋਲੀਜ਼ਨ ਇਨਵੈਸਟੀਗੇਸ਼ਨ ਯੂਨਿਟ ਦੇ ਜਾਸੂਸ ਮੌਕੇ ‘ਤੇ ਹਨ, ਕਿਉਂਕਿ ਪੁਲਸ ਕਰੈਸ਼ ਦੇ ਆਲੇ ਦੁਆਲੇ ਦੇ ਹਾਲਾਤ ਦੀ ਜਾਂਚ ਕਰ ਰਹੀ ਹੈ।