ਔਰਤਾਂ ਪ੍ਰਤੀ ਰਵੱਈਏ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਸਭ ਤੋਂ ਫਾਡੀ

ਬਲਵਿੰਦਰ ਸਿੰਘ ਭੁੱਲਰ
ਦੇਸ਼ ਦੀਆਂ ਰਾਜਸੀ ਪਾਰਟੀਆ ਲੰਬੇ ਸਮੇਂ ਤੋਂ ਔਰਤਾਂ ਨੂੰ ਬਰਾਬਰ ਹੱਕ ਅਧਿਕਾਰ ਦੇਣ ਦੇ ਦਮਗਜੇ ਮਾਰ ਰਹੀਆਂ ਹਨ। ਲੋਕ ਸਭਾ ਜਾਂ ਵਿਧਾਨ ਸਭਾ ’ਚ ਔਰਤਾਂ ਨੂੰੰ ਪੰਜਾਹ ਫੀਸਦੀ ਸੀਟਾਂ ਦੇਣ ਦੇ ਵਾਅਦੇ ਕਰਦੀਆਂ ਹਨ, ਪਰ ਟਿਕਟਾਂ ਦੀ ਵੰਡ ਕਰਨ ਸਮੇਂ ਆਪਣੇ ਇਸ ਅੰਕੜੇ ਦੇ ਨੇੜੇ ਵੀ ਨਹੀਂ ਢੁਕਦੀਆਂ। ਉਂਜ ਜੇਕਰ ਬੀਤੇ ਤੇ ਨਿਗਾਹ ਮਾਰੀਏ ਤਾਂ ਕੁੱਝ ਪਾਰਟੀਆਂ ਨੇ ਔਰਤਾਂ ਨੂੰ ਭਾਵੇਂ ਪੰਜਾਹ ਫੀਸਦੀ ਸੀਟਾਂ ਤਾਂ ਨਹੀਂ ਦਿੱਤੀਆਂ, ਪਰ ਮਾਣ ਸਨਮਾਨ ਜਰੂਰ ਦਿੱਤਾ। ਇਸ ਮਾਮਲੇ ਤੇ ਆਮ ਆਦਮੀ ਪਾਰਟੀ ਸਭ ਤੋਂ ਫਾਡੀ ਰਹੀ ਹੈ। ਪਿਛਲੇ ਸਮੇਂ ਤੇ ਝਾਤ ਮਾਰੀਏ ਤਾਂ ਕਾਂਗਰਸ ਨੇ ਆਪਣੀ ਪਾਰਟੀ ਦੀ ਪ੍ਰਧਾਨਗੀ ਸ੍ਰੀਮਤੀ ਸੋਨੀਆਂ ਗਾਂਧੀ ਨੂੰ, ਰਾਸ਼ਟਰਪਤੀ ਦਾ ਆਹੁਦਾ ਸ੍ਰੀਮਤੀ ਪ੍ਰਤਿਭਾ ਪਾਟਿਲ, ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਅਤੇ ਸਪੀਕਰ ਦਾ ਅਹੁਦਾ ਸ੍ਰੀਮਤੀ ਮੀਰਾ ਕੁਮਾਰੀ ਨੰੂ ਦਿੱਤਾ। ਇਸੇ ਤਰਾਂ ਭਾਜਪਾ ਨੇ ਵੀ ਰਾਸਟਰਪਤੀ ਬਣਨ ਦਾ ਮਾਣ ਸ੍ਰੀਮਤੀ ਦਰੋਪਤੀ ਮੁਰਮੂ ਨੂੰ, ਮੰਤਰੀ ਦਾ ਅਹੁਦਾ ਸ੍ਰੀਮਤੀ ਸੁਸਮਾ ਸਵਰਾਜ, ਸ੍ਰੀਮਤੀ ਨਿਰਮਲਾ ਸੀਤਾਰਮਨ, ਸ੍ਰੀਮਤੀ ਸਿਮਰਤੀ ਇਰਾਨੀ ਨੂੰ ਸੰਭਾਲਿਆ, ਬਹੁਜਨ ਸਮਾਜ ਪਾਰਟੀ ਤੇ ਤਿ੍ਰਮੂਲ ਕਾਂਗਰਸ ਦੀਆਂ ਤਾਂ ਮੁਖੀ ਹੀ ਔਰਤਾਂ ਹਨ। ਖੱਬੀਆਂ ਪਾਰਟੀਆਂ ਨੇ ਵੀ ਲਕਸਮੀ ਸਹਿਗਲ ਅਤੇ ਬਰਿੰਦਾ ਕਰਤ ਨੂੰ ਸੰਸਦ ਮੈਂਬਰ ਤੇ ਪੋਲਿਟ ਬਿਓਰੋ ਮੈਂਬਰ ਬਣਾ ਕੇ ਮਾਣ ਦਿੱਤਾ।

ਆਮ ਆਦਮੀ ਪਾਰਟੀ ਔਰਤਾਂ ਨੂੰ ਮਾਣ ਸਨਮਾਨ ਦੇਣ ਵਿੱਚ ਪਿੱਛੇ ਦਿਖਾਈ ਦਿੰਦੀ ਹੈ, ਇਸ ਪਾਰਟੀ ਦਾ ਔਰਤਾਂ ਪ੍ਰਤੀ ਰਵੱਈਆ ਨਾਕਰਾਤਮਕ ਰਿਹਾ ਹੈ। ਭਾਵੇਂ ਜੇਲ ਤੋਂ ਬਾਹਰ ਆਉਣ ਤੇ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦਾ ਅਹੁਦਾ ਛੱਡ ਕੇ ਆਪਣੀ ਅਤੀ ਵਿਸਵਾਸਪਾਤਰ ਬੀਬੀ ਆਤਿਸ਼ੀ ਨੂੰ ਇਸ ਕੁਰਸੀ ਤੇ ਬਿਠਾ ਦਿੱਤਾ ਹੈ, ਪਰ ਇਹ ਕੰਮ ਉਦੋਂ ਕੀਤਾ ਗਿਆ ਜਦੋਂ ਵਿਧਾਨ ਸਭਾ ਦੇ ਪੰਜ ਚਾਰ ਮਹੀਨੇ ਹੀ ਬਾਕੀ ਬਚੇ ਹਨ। ਬੀਬੀ ਆਤਿਸ਼ੀ ਨੇ ਵੀ ਭਾਵੇਂ ਇਹ ਅਹੁਦਾ ਤਾਂ ਸੰਭਾਲ ਲਿਆ ਹੈ, ਪਰ ਉਸਨੇ ਮੁੱਖ ਮੰਤਰੀ ਵਾਲੀ ਸ੍ਰੀ ਕੇਜਰੀਵਾਲ ਦੀ ਕੁਰਸੀ ਖਾਲੀ ਛੱਡ ਕੇ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਕਿ ਮੁੱਖ ਮੰਤਰੀ ਤਾਂ ਸ੍ਰੀ ਕੇਜਰੀਵਾਲ ਹੀ ਹਨ, ਉਹ ਤਾਂ ਸਿਰਫ਼ ਮੋਹਰ ਵਜੋਂ ਹੀ ਸੇਵਾ ਨਿਭਾਉਣਗੇ। ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਦੇਸ਼ ਵਿੱਚ ਇਸਤੋਂ ਪਹਿਲਾਂ 16 ਔਰਤਾਂ ਮੁੱਖ ਮੰਤਰੀ ਰਹਿ ਚੁੱਕੀਆਂ ਹਨ, ਦੇਸ਼ ਦੀ ਰਾਜਧਾਨੀ ਦਿੱਲੀ ਦੀ ਕਾਂਗਰਸ ਸਰਕਾਰ ਸਮੇਂ ਸ੍ਰੀਮਤੀ ਸ਼ੀਲਾ ਦੀਕਸ਼ਿਤ ਮੁੱਖ ਮੰਤਰੀ ਦੇ ਅਹੁਦੇ ਤੇ ਰਹੀ ਹੈ।

ਜੇਕਰ ਪੰਜਾਬ ਤੇ ਨਿਗਾਹ ਮਾਰੀਏ ਤਾਂ ਇਸ ਪਾਰਟੀ ਦੀ ਸਥਿਤੀ ਅਤੀ ਨਿਰਾਸ਼ਾਜਨਕ ਹੈ। ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ 92 ਮੈਂਬਰ ਜਿੱਤੇ ਸਨ ਤੇ ਸ਼ਾਨ ਨਾਲ ਸਰਕਾਰ ਬਣਾਈ ਸੀ। ਇਹਨਾਂ ਵਿੱਚ ਖਰੜ ਤੋਂ ਅਨਮੋਲ ਗਗਨਮਾਨ, ਨਕੋਦਰ ਤੋਂ ਇੰਦਰਜੀਤ ਕੌਰ, ਬਲਾਚੌਰ ਤੋਂ ਸੰਤੋਸ ਕਟਾਰੀਆ, ਜਗਰਾਉਂ ਤੋ ਸਰਬਜੀਤ ਕੌਰ ਮਾਣੂਕੇ, ਲੁਧਿਆਣਾ ਸਾਊਥ ਤੋਂ ਰਜਿੰਦਰਪਾਲ ਕੌਰ ਛੀਨਾ, ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ, ਮੋਗਾ ਤੋਂ ਅਮਨਦੀਪ ਕੌਰ, ਮਲੋਟ ਤੋਂ ਬਲਜੀਤ ਕੌਰ, ਸੰਗਰੂਰ ਤੋਂ ਵਰਿੰਦਰ ਕੌਰ ਭਰਾਜ, ਰਾਜਪਰਾ ਤੋਂ ਨੀਨਾ ਮਿੱਤਲ ਤੇ ਅੰਮਿ੍ਰਤਸਰ ਈਸਟ ਤੋਂ ਜੀਵਨਜੋਤ ਕੌਰ ਵਿਧਾਇਕ ਬਣੀਆਂ ਸਨ। ਵਿਧਾਇਕਾਂ ਚੋਂ 20 ਫੀਸਦੀ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ, ਆਮ ਆਦਮੀ ਪਾਰਟੀ 18 ਮੰਤਰੀ ਬਣਾ ਸਕਦੀ ਹੈ, ਪਰ ਹੁਣ ਉਸਦੇ 16 ਮੰਤਰੀ ਹਨ। ਜਿੱਥੋਂ ਤੱਕ ਔਰਤਾਂ ਦਾ ਸੁਆਲ ਹੈ ਜੇ ਪੰਜਾਹ ਫੀਸਦੀ ਨਹੀਂ 25 ਫੀਸਦੀ ਹੀ ਬਣਾਉਂਦੇ ਤਾਂ ਚਾਰ ਔਰਤਾਂ ਮੰਤਰੀ ਬਣਦੀਆਂ ਸਨ। ਮੁੱਖ ਮੰਤਰੀ ਨੇ ਸਿਰਫ ਦੋ ਹੀ ਔਰਤ ਮੰਤਰੀ ਬਣਾਈਆਂ ਅਨਮੋਲ ਗਗਨ ਮਾਨ ਤੇ ਡਾ: ਬਲਜੀਤ ਕੌਰ। ਬੀਤੇ 23 ਸਤੰਬਰ ਨੂੰ ਕੈਬਨਿਟ ਵਿੱਚ ਅਦਲਾ ਬਦਲੀ ਕਰਦਿਆਂ ਇੱਕ ਮੰਤਰੀ ਅਨਮੋਲ ਗਗਨ ਮਾਨ ਤੋਂ ਵੀ ਇਹ ਅਹੁਦਾ ਖੋਹ ਲਿਆ, ਇਸ ਸਮੇਂ ਕੇਵਲ ਇੱਕੋ ਹੀ ਡਾ: ਬਲਜੀਤ ਕੌਰ ਮੰਤਰੀ ਹਨ। ਇਹ 1.82 ਫੀਸਦੀ ਹਿੱਸਾ ਬਣਦਾ ਹੈ, ਭਾਵ ਕੈਬਨਿਟ ਵਿੱਚ ਔਰਤਾਂ ਦੋ ਫੀਸਦੀ ਤੋਂ ਵੀ ਘੱਟ ਹਨ। ਕੁੱਝ ਦਿਨ ਪਹਿਲਾਂ ਪੰਜ ਨਵੇਂ ਮੰਤਰੀ ਬਣਾਏ ਗਏ, ਜਿਹਨਾਂ ਵਿੱਚ ਦੋ ਜਨਰਲ ਵਰਗ ਚੋਂ, ਦੋ ਅਨੁਸੂਚਿਤ ਜਾਤੀਆਂ ਚੋਂ ਅਤੇ ਇੱਕ ਹਿੰਦੂ ਨੂੰ ਸ਼ਾਮਲ ਕੀਤਾ ਗਿਆ। ਇਸ ਮੌਕੇ ਵੱਡੀ ਉਮੀਦ ਸੀ ਕਿ ਔਰਤਾਂ ਨੂੰ ਸ਼ਾਮਲ ਕੀਤਾ ਜਾਵੇਗਾ, ਪਰ ਉਹਨਾਂ ਨੂੰ ਨਜ਼ਰ ਅੰਦਾਜ ਕਰ ਦਿੱਤਾ ਗਿਆ। ਜੇ ਮੈਰਿਟ ਦੇ ਆਧਾਰ ਤੇ ਨਿਗਾਹ ਮਾਰੀਏ ਤਾਂ ਵਿਧਾਇਕਾ ਬਲਜਿੰਦਰ ਕੌਰ ਪਾਰਟੀ ਦੇ ਗਠਨ ਸਮੇਂ ਤੋਂ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ, ਉਹ ਪੜੀ ਲਿਖੀ ਤੇ ਚੰਗੀ ਰਾਜਸੀ ਸਮਝ ਰਖਦੀ ਹੈ। ਸਰਬਜੀਤ ਕੌਰ ਮਾਣੂਕੇ ਦਾ ਵੀ ਸਿਆਸੀ ਪਿੜ ’ਚ ਕਾਫ਼ੀ ਤਜਰਬਾ ਹੈ, ਅਨਮੋਲ ਗਗਨ ਮਾਨ ਨੇ ਵੀ ਤਜਰਬਾ ਹਾਸਲ ਕਰ ਲਿਆ ਹੈ, ਨੀਨਾ ਮਿੱਤਲ ਦਾ ਵਪਾਰੀ ਵਰਗ ਵਿੱਚ ਚੰਗਾ ਆਧਾਰ ਹੈ। ਇਹ ਤਾਂ ਪਾਰਟੀ ਹੀ ਦੱਸ ਸਕਦੀ ਹੈ ਕਿ ਉਹਨਾਂ ਨੂੰ ਮੰਤਰੀ ਦੀ ਜੁਮੇਵਾਰੀ ਸੰਭਾਲਣ ਤੋਂ ਕਿਉਂ ਪਾਸੇ ਰੱਖਿਆ ਗਿਆ ਹੈ। ਕੀ ਪਾਰਟੀ ਪੰਜਾਬ ਵਿਧਾਨ ਸਭਾ ਵਿੱਚ ਸ਼ਾਮਲ ਔਰਤ ਵਿਧਾਇਕਾਂ ਚੋਂ ਕਿਸੇ ਨੂੰ ਵੀ ਮੰਤਰੀ ਬਣਾਉਣ ਦੇ ਕਾਬਲ ਨਹੀਂ ਸਮਝਦੀ? ਕੀ ਪਾਰਟੀ ਸੁਪਰੀਮੋ ਜਾਂ ਮੁੱਖ ਮੰਤਰੀ ਨੂੰ ਆਪਣੀ ਪਾਰਟੀ ਦੀਆਂ ਵਿਧਾਇਕ ਔਰਤਾਂ ਤੇ ਭਰੋਸਾ ਹੀ ਨਹੀਂ ਹੈ? ਕੀ ਪੰਜਾਬ ਵਾਸੀਆਂ ਨੇ ਔਰਤਾਂ ਨੂੰ ਜਿਤਾ ਕੇ ਕੋਈ ਵੱਡੀ ਗਲਤੀ ਕਰ ਲਈ ਹੈ। ਇਹ ਸੁਆਲ ਅੱਜ ਹਰ ਚੇਤੰਨ ਤੇ ਬੁੱਧੀਜੀਵੀ ਦੇ ਜ਼ਿਹਨ ਵਿੱਚ ਘੁੰਮ ਰਹੇ ਹਨ।

ਆਮ ਆਦਮੀ ਪਾਰਟੀ ਨੇ ਕੇਵਲ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਤੋਂ ਹੀ ਔਰਤਾਂ ਨੂੰ ਨਜ਼ਰ ਅੰਦਾਜ ਨਹੀਂ ਕੀਤਾ, ਬਲਕਿ ਚੋਣਾਂ ਸਮੇਂ ਵੀ ਔਰਤਾਂ ਨਾਲ ਕੀਤੇ ਵਾਅਦੇ ਤੋਂ ਮੁਨਕਰ ਹੋਈ ਹੈ। ਚੋਣਾਂ ਸਮੇਂ ਔਰਤਾਂ ਦੇ ਖਾਤਿਆਂ ਵਿੱਚ ਇੱਕ ਇੱਕ ਹਜ਼ਾਰ ਰੁਪਏ ਪਾਉਣ ਦਾ ਵਾਅਦਾ ਕੀਤਾ ਸੀ ਉਹ ਨਹੀਂ ਨਿਭਾਇਆ ਗਿਆ। ਮੁਫ਼ਤ ਬੱਸ ਸਫ਼ਰ ਦੀ ਸਹੂਲਤ ਵੀ ਵਾਪਸ ਲੈਣ ਦੀਆਂ ਕਨਸੋਆਂ ਆ ਰਹੀਆਂ ਹਨ। ਇਸ ਸਾਰੀ ਚਰਚਾ ਚੋਂ ਇਹ ਹੀ ਸਪਸ਼ਟ ਹੁੰਦਾ ਹੈ ਆਮ ਆਦਮੀ ਪਾਰਟੀ ਦਾ ਔਰਤਾਂ ਪ੍ਰਤੀ ਰਵੱਈਆਂ ਨਾਕਾਰਾਤਮਕ ਹੈ।

ਮੋਬਾ: 098882 75913