ਆਸਟ੍ਰੇਲੀਆ : ਜਹਾਜ਼ ਹਾਦਸੇ ‘ਚ 3 US ਸੈਨਿਕਾਂ ਦੀ ਮੌਤ, PM ਅਲਬਾਨੀਜ਼ ਨੇ ਘਟਨਾ ‘ਤੇ ਪ੍ਰਗਟਾਇਆ ਦੁੱਖ

ਆਸਟ੍ਰੇਲੀਆ ਦੇ ਪੂਰਬੀ ਖੇਤਰ ਦੇ ਟਿਵੀ ਟਾਪੂ ‘ਤੇ ਇਕ ਜਹਾਜ਼ ਹਾਦਸੇ ‘ਚ ਤਿੰਨ ਅਮਰੀਕੀ ਸੈਨਿਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 20 ਹੋਰ ਜ਼ਖਮੀ ਹੋ ਗਏ। ਦੱਸਿਆ ਗਿਆ ਕਿ ਇਹ ਸੈਨਿਕ ਇੱਕ ਟਰੇਨਿੰਗ ਡ੍ਰਿਲ ਵਿੱਚ ਹਿੱਸਾ ਲੈ ਰਹੇ ਸਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ।

ਯੂ.ਐੱਸ ਮਰੀਨ ਕੋਰ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ ਜਿਹੜੇ ਜਹਾਜ਼ ਹਾਦਸੇ ਵਿਚ ਸੈਨਿਕਾਂ ਦੀ ਮੌਤ ਹੋਈ ਹੈ, ਉਹ ਬੋਇੰਗ ਐਮਵੀ-22ਬੀ ਓਸਪ੍ਰੇ ਟਿਲਟ-ਰੋਟਰ ਏਅਰਕ੍ਰਾਫਟ ਹੈ। ਇਸ ਵਿਚ 23 ਅਮਰੀਕੀ ਫ਼ੌਜੀ ਸਵਾਰ ਸਨ, ਜੋ ਡਾਰਵਿਨ ਵਿਚ ਤਾਇਨਾਤ ਹਨ ਅਤੇ ਆਸਟ੍ਰੇਲੀਆ ਅਤੇ ਫਿਲੀਪੀਨਜ਼ ਦੀਆਂ ਫ਼ੌਜਾਂ ਨਾਲ ਅਭਿਆਸ ਵਿਚ ਹਿੱਸਾ ਲੈ ਰਹੇ ਸਨ। ਅੱਜ ਸਵੇਰੇ ਅਭਿਆਸ ਦੌਰਾਨ ਉਹਨਾਂ ਦਾ ਜਹਾਜ਼ ਕਰੈਸ਼ ਹੋ ਗਿਆ। ਮਰੀਨ ਕੋਰ ਦੇ ਬੁਲਾਰੇ ਅਨੁਸਾਰ ਤਿੰਨ ਸੈਨਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ, ਜਦਕਿ ਪੰਜ ਹੋਰ ਗੰਭੀਰ ਰੂਪ ਨਾਲ ਜ਼ਖਮੀ ਹਨ, ਜਿਨ੍ਹਾਂ ਨੂੰ ਰਾਇਲ ਡਾਰਵਿਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਘਟਨਾ ‘ਤੇ ਪ੍ਰਗਟਾਇਆ ਦੁੱਖ

ਆਸਟ੍ਰੇਲੀਅਨ ਪੁਲਸ ਨੇ ਕਿਹਾ ਕਿ ਇਸ ਘਟਨਾ ਵਿੱਚ ਸਿਰਫ ਅਮਰੀਕੀ ਫ਼ੌਜੀ ਹੀ ਸ਼ਾਮਲ ਸਨ ਅਤੇ ਅਭਿਆਸ ਵਿੱਚ ਕੋਈ ਵੀ ਆਸਟ੍ਰੇਲੀਆਈ ਫ਼ੌਜੀ ਜਾਂ ਸੁਰੱਖਿਆ ਅਧਿਕਾਰੀ ਜ਼ਖਮੀ ਨਹੀਂ ਹੋਇਆ। ਉੱਧਰ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਰੱਖਿਆ ਵਿਭਾਗ ਘਟਨਾ ‘ਤੇ ਤੁਰੰਤ ਜਵਾਬ ਦੇਣ ਲਈ ਕੰਮ ਕਰ ਰਿਹਾ ਹੈ। ਇਹ ਇੱਕ ਦੁਖਦ ਹਾਦਸਾ ਹੈ ਅਤੇ ਅਸੀਂ ਹਰ ਤਰ੍ਹਾਂ ਦੀ ਮਦਦ ਕਰ ਰਹੇ ਹਾਂ।