ਨਿਊਜ਼ੀਲੈਂਡ ਨੇ ਆਪਣੀਆਂ ਬਾਕੀ ਬਚੀਆਂ ਕੋਵਿਡ-19 ਪਾਬੰਦੀਆਂ ਨੂੰ ਹਟਾ ਦਿੱਤਾ। ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਕਿਹਾ ਕਿ ਹਸਪਤਾਲਾਂ ਅਤੇ ਹੋਰ ਸਿਹਤ ਸੰਭਾਲ ਸਹੂਲਤਾਂ ਵਿੱਚ ਮਾਸਕ ਪਹਿਨਣ ਦੀ ਜ਼ਰੂਰਤ ਅੱਧੀ ਰਾਤ ਨੂੰ ਖ਼ਤਮ ਹੋ ਜਾਵੇਗੀ। ਫਿਰ ਵੀ ਵਾਇਰਸ ਨਾਲ ਪੀੜਤ ਲੋਕਾਂ ਨੂੰ ਸੱਤ ਦਿਨਾਂ ਲਈ ਆਪਣੇ ਆਪ ਨੂੰ ਅਲੱਗ ਰੱਖਣ ਦੀ ਲੋੜ ਹੋਵੇਗੀ। ਜ਼ਿਕਰਯੋਗ ਹੈ ਕਿ ਦੇਸ਼ ਵਿਆਪੀ ਤਾਲਾਬੰਦੀ ਅਤੇ ਸਖ਼ਤ ਸਰਹੱਦੀ ਨਿਯੰਤਰਣ ਲਗਾਉਣ ਤੋਂ ਬਾਅਦ ਵਾਇਰਸ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਸ਼ੁਰੂ ਵਿੱਚ ਨਿਊਜ਼ੀਲੈਂਡ ਦੀ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸ਼ੰਸਾ ਕੀਤੀ ਗਈ ਸੀ।
ਹਿਪਕਿਨਜ਼ ਨੇ ਕਿਹਾ ਕਿ ਅਸੀਂ ਇਕੱਠੇ ਮਿਲ ਕੇ ਜੋ ਹਾਸਲ ਕੀਤਾ ਹੈ ਉਸ ‘ਤੇ ਨਿਊਜ਼ੀਲੈਂਡ ਦੇ ਲੋਕ ਮਾਣ ਮਹਿਸੂਸ ਕਰ ਸਕਦੇ ਹਨ। ਪ੍ਰਧਾਨ ਮੰਤਰੀ ਦਾ ਇਹ ਐਲਾਨ ਆਮ ਚੋਣਾਂ ਤੋਂ ਦੋ ਮਹੀਨੇ ਪਹਿਲਾਂ ਆਇਆ ਹੈ। ਇਸ ‘ਤੇ ਵਿਰੋਧੀ ਧਿਰ ਨੇ ਆਪਣੀ ਸਖਤ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਉੱਧਰ ਸਿਹਤ ਮੰਤਰੀ ਆਇਸ਼ਾ ਵੇਰਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਕੇਸਾਂ ਦੀ ਸੰਖਿਆ ਅਤੇ ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਘੱਟ ਸੀ। ਉਸਨੇ ਕਿਹਾ ਕਿ “ਅਸੀਂ ਪਿਛਲੇ ਸਾਲ ਨਾਲੋਂ 16,000 ਵੱਧ ਓਪਰੇਸ਼ਨਾਂ ਨੂੰ ਪੂਰਾ ਕਰਨ ਦੇ ਯੋਗ ਹੋਏ ਹਾਂ ਅਤੇ ਇਸ ਲਈ ਇਹ ਇੱਕ ਬਹੁਤ ਵਧੀਆ ਸੰਕੇਤ ਹੈ ਕਿ ਸਾਡੀ ਸਿਹਤ ਪ੍ਰਣਾਲੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੈ,”।