ਨੌਕਰੀ ਦੇ ਦੌਰਾਨ ਕਈ ਅਜੀਬੋ ਗਰੀਬ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਸਦਾ ਲਈ ਯਾਦ ਰਹਿ ਜਾਂਦੀਆਂ ਹਨ। 26 ਜਨਵਰੀ ਨੂੰ ਗਣਤੰਤਰ ਦਿਵਸ ਆ ਰਿਹਾ ਹੈ ਤੇ ਮੈਨੂੰ ਕਈ ਸਾਲ ਪਹਿਲਾਂ26 ਜਨਵਰੀ ਵਾਲੇ ਦਿਨ ਵਾਪਰੀ ਇੱਕ ਦਿਲਚਸਪ ਘਟਨਾ ਅੱਜ ਵੀ ਯਾਦ ਹੈ। ਮੈਂ ਉਸ ਸਮੇਂ ਜਿਲ੍ਹਾ ਬਰਨਾਲਾ ਵਿੱਚ ਬਤੌਰ ਐਸ.ਪੀ. ਹੈੱਡਕਵਾਟਰ ਤਾਇਨਾਤ ਸੀ। 26 ਜਨਵਰੀ ਨੂੰ ਵੈਸੇ ਵੀ ਬਹੁਤ ਠੰਡ ਹੁੰਦੀ ਹੈ ਤੇ ਪਰੇਡ ਕਰਨ ਵਾਲੇ ਪੁਲਿਸ, ਹੋਮਗਾਰਡ ਅਤੇ ਐਨ.ਸੀ.ਸੀ. ਆਦਿ ਦੇ ਜਵਾਨਾਂ ਦੇ ਹੱਥ ਪੈਰ ਸੁੰਨ ਹੋ ਜਾਂਦੇ ਹਨ।ਹਰੇਕ ਜਿਲ੍ਹੇ ਵਿੱਚ ਪਰੇਡ ਤੋਂ ਸਲਾਮੀ ਲੈਣ ਲਈ ਇੱਕ ਮੰਤਰੀ ਦੀ ਡਿਊਟੀ ਲੱਗਦੀ ਹੈ ਜੋ 25 ਜਨਵਰੀ ਨੂੰ ਹੀ ਉਸ ਜਿਲ੍ਹੇ ਵਿੱਚ ਪਹੁੰਚ ਜਾਂਦਾ ਹੈ। ਉਸ ਸਾਲ ਵੀ ਅੱਜ ਵਾਂਗ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਪੈ ਰਹੀ ਸੀ ਜਿਸ ਕਾਰਨ ਮੰਤਰੀ ਸ਼ਾਮ 6 ਕੁ ਵਜੇ ਪੀ.ਡਬਲਿਊ.ਡੀ. ਰੈਸਟ ਹਾਊਸ ਪਹੁੰਚ ਗਿਆ ਜਿੱਥੇ ਡੀ.ਸੀ., ਐਸ.ਐਸ.ਪੀ. ਅਤੇ ਉਸ ਦੀ ਪਾਰਟੀ ਦੇ ਅਹੁਦੇਦਾਰਾਂ ਨੇ ਉਸ ਦਾ ਸਵਾਗਤ ਕੀਤਾ। ਰੈਸਟ ਹਾਊਸ ਦੀ ਸੁਰੱਖਿਆ ਦੀ ਨਿਗਰਾਨੀ ਮੇਰੇ ਕੋਲ ਸੀ ਪਰ ਅਸਲ ਵਿੱਚ ਡਿਊਟੀ ਡੀ.ਐਸ.ਪੀ. ਬਰਨਾਲਾ ਅਤੇ ਐਸ.ਐਚ.ਉ. ਕੋਤਵਾਲੀ ਨਿਭਾਅ ਰਹੇ ਸਨ।
ਮੰਤਰੀ ਦੇ ਸਵਾਗਤ ਸਤਿਕਾਰ ਅਤੇ ਚਾਹ ਪਾਣੀ ਪੀਣ ਤੋਂ ਬਾਅਦ ਸਾਰੇ ਅਫਸਰ ਚਲੇ ਗਏ ਤੇ ਮੰਤਰੀ ਨੇ ਆਪਣੀ ਪਾਰਟੀ ਦੇ ਕੁਝ ਚੋਣਵੇਂ ਅਹੁਦੇਦਾਰਾਂ ਨਾਲ ਸ਼ਰਾਬ ਅਤੇ ਕਬਾਬ ਦਾ ਦੌਰ ਸ਼ੁਰੂ ਕਰ ਦਿੱਤਾ। ਲੱਗਦਾ ਸੀ ਕਿ ਸ਼ਰਾਬ ਖਿੱਚਣ ਦੇ ਮਾਮਲੇ ਵਿੱਚ ਮੰਤਰੀ ਕੋਈ ਤਕੜਾ ਡਰੰਮ ਸੀਤੇ ਮਾਲੇ ਮੁਫਤ, ਦਿਲੇ ਬੇਰਹਿਮ ਦੇ ਅਸੂਲਾਂ ‘ਤੇ ਚੱਲਣ ਵਾਲਾ ਸੀ। ਉਸ ਨੇ ਵਿਸਕੀ ਅਤੇ ਮੁਰਗੇ ਮੱਛੀ ਦੀਆਂ ਧੱਜੀਆਂ ਉਡਾ ਦਿੱਤੀਆਂ। ਦਸ ਕੁ ਵਜੇ ਮੈਂ ਵੀ ਘਰ ਜਾ ਕੇ ਸੌਂ ਗਿਆ ਕਿਉਂਕਿ ਸਵੇਰੇ ਸੁਵੱਖਤੇ ਡਿਊਟੀ ਵਾਸਤੇ ਪਰੇਡ ਗਰਾਊਂਡ ਪਹੁੰਚਣਾ ਸੀ। 26 ਜਨਵਰੀ ਅਤੇ 15 ਅਗਸਤ ਸਮੇਂ ਝੰਡਾ ਝੁਲਾਉਣ ਦਾ ਸਾਰੇ ਭਾਰਤ ਵਿੱਚ ਇੱਕ ਨਿਸ਼ਚਿਤ ਟਾਈਮ ਹੁੰਦਾ ਹੈ,26 ਜਨਵਰੀ ਨੂੰ ਸਾਢੇ ਨੌ ਵਜੇ ਤੇ 15 ਅਗਸਤ ਨੂੰ ਨੌ ਵਜੇ। ਪਰ ਮੰਤਰੀ ਸਾਹਿਬ ਨਸ਼ੇ ਦੀ ਲੋਰ ਵਿੱਚ ਸ਼ਾਇਦ ਭੁੱਲ ਹੀ ਗਏ ਕਿ ਉਹ ਬਰਨਾਲੇ ਕਿਸ ਕੰਮ ਆਏ ਹਨ। ਰਾਤ ਡੇਢ ਕੁ ਵਜੇ ਮੈਨੂੰ ਐਸ.ਐਚ.ਉ. ਦਾ ਫੋਨ ਆਇਆ ਕਿ ਜ਼ਨਾਬ ਇਹ ਤਾਂ ਸੌਂ ਹੀ ਨਹੀਂ ਰਿਹਾ, ਪੈੱਗ ‘ਤੇ ਪੈੱਗ ਠੋਕੀ ਜਾ ਰਿਹਾ ਹੈ। ਜੇ ਇਹੋ ਹਾਲ ਰਿਹਾ ਤਾਂ ਸਵੇਰੇ ਪਰੇਡ ਤੋਂ ਸਲਾਮੀ ਤੁਹਾਨੂੰ ਲੈਣੀ ਪਵੇਗੀ।ਐਸ.ਐਚ.ਉ. ਨੇ ਸਲਾਮੀ ਵਾਲੀ ਗੱਲ ਭਾਵੇਂ ਮਜ਼ਾਕ ਨਾਲ ਕਹੀ ਸੀ ਪਰ ਮੈਨੂੰ ਖੁੜਕ ਗਈ। ਮੈਂ ਉਸ ਨੂੰ ਕਿਹਾ ਕਿ ਮੇਰੀ ਜ਼ਿਲ੍ਹਾ ਪ੍ਰਧਾਨ ਨਾਲ ਗੱਲ ਕਰਵਾ। ਜਦੋਂ ਉਸ ਨੇ ਗੱਲਕਰਵਾਈ ਤਾਂ ਅੱਗੋਂ ਪ੍ਰਧਾਨ ਵੀ ਰੰਗ ਬਿਰੰਗਾ ਹੋਇਆ ਪਿਆ ਸੀ। ਮੈਂ ਉਸ ਨੂੰ ਥੋੜ੍ਹੀ ਸਖਤੀ ਜਿਹੀਨਾਲ ਸਮਝਾਇਆ ਕਿ ਮੰਤਰੀ ਨੂੰ ਰੋਟੀ ਖਵਾ ਕੇ ਸਵਾਂ ਦਿਉ। ਜੇ ਇਹ ਸਵੇਰੇ ਟਾਈਮ ਸਿਰ ਨਾ ਉੱਠਿਆ ਤਾਂ ਪਰਸੋਂ ਸਾਰੀਆਂ ਅਖਬਾਰਾਂ ਦੇ ਫਰੰਟ ਪੇਜ਼ ‘ਤੇ ਇਹ ਖਬਰ ਲੱਗਣੀ ਹੈ ਕਿ ਮੰਤਰੀ ਸ਼ਰਾਬ ਨਾਲ ਲੇਹੜ ਕੇ ਸੁੱਤਾ ਰਿਹਾ। ਮੇਰੀ ਗੱਲ ਸੁਣਦੇ ਸਾਰ ਪ੍ਰਧਾਨ ਦਾ ਸਾਰਾ ਨਸ਼ਾ ਹਿਰਨ ਹੋ ਗਿਆ ਤੇ ਉਸ ਨੂੰ ਆਪਣੀ ਪ੍ਰਧਾਨਗੀ ਜਾਂਦੀ ਲੱਗੀ। ਦਸ ਪੰਦਰਾਂ ਮਿੰਟਾਂ ਵਿੱਚ ਹੀ ਮੰਤਰੀ ਨੂੰ ਦੋ ਚਾਰ ਬੁਰਕੀਆਂ ਖਵਾ ਕੇ ਤੇ ਬਿਸਤਰੇ ‘ਤੇ ਸੁੱਟ ਕੇ ਸਾਰੇ ਚਿਮਚੇ ਚਪਾਟੇ ਪੱਤਰਾ ਵਾਚ ਗਏ।
ਅਸਲ ਪਵਾੜਾਤਾਂ ਅਗਲੇ ਦਿਨ ਸ਼ੁਰੂ ਹੋਇਆ। ਸਵੇਰੇ ਸੱਤ ਵਜੇ ਤੱਕ ਮੰਤਰੀ ਦੇ ਕਮਰੇ ਵਿੱਚੋਂਕੁੰਭਕਰਨਵਰਗੇ ਘੁਰਾੜਿਆਂ ਦੀ ਅਵਾਜ਼ ਆਈ ਜਾਵੇ,ਨਾ ਉਹ ਮੋਬਾਇਲ ਫੋਨ ਚੁੱਕੇ ਤੇ ਨਾ ਇੰਟਰਕਾਮ। ਮੌਤ ਨਾਲ ਸ਼ਰਤ ਲਗਾ ਕੇ ਪਿਆ ਹੋਇਆ ਸੀ। ਜਦੋਂ ਡੀ.ਐਸ.ਪੀ. ਤੇ ਐਸ.ਐਚ.ਉ. ਦੇ ਹੱਥ ਖੜੇ ਹੋ ਗਏ ਤਾਂ ਆਖਰ ਮੈਨੂੰ ਹੀ ਰੈਸਟ ਹਾਊਸ ਪਹੁੰਚਣਾ ਪਿਆ। ਮੁੱਕੀਆਂ ਠੁੱਡ ਮਾਰ ਮਾਰ ਕੇ ਜਦੋਂ ਦਰਵਾਜ਼ਾ ਟੁੱਟਣ ਦੀ ਨੌਬਤ ਆ ਗਈ ਤਾਂ ਕਿਤੇ ਜਾ ਕੇ ਮੰਤਰੀ ਨੇ ਆਪਣੇ ਚਸ਼ਮ ਚਿਰਾਗ ਖੋਲ੍ਹੇ। ਜਦੋਂ ਉਸ ਨੂੰ ਦੱਸਿਆ ਗਿਆ ਕਿ ਕੌਮੀ ਝੰਡਾ ਲਹਿਰਾਉਣ ਦਾ ਟਾਈਮ ਐਨੇ ਵਜੇ ਹੈ ਤਾਂਉਸ ਨੂੰ ਚੇਤਾ ਆਇਆ ਕਿ ਅੱਜ ਤਾਂ 26 ਜਨਵਰੀ ਹੈ। ਲੂਣ ਵਾਲੇ ਪਾਣੀ ਵਿੱਚ ਪੰਜ ਸੱਤ ਨਿੰਬੂ ਨਿਚੋੜ ਕੇ ਉਸ ਦੇ ਅੰਦਰ ਸੁੱਟੇ ਤਾਂ ਉਹ ਬਾਥਰੂਮ ਜਾਣ ਜੋਗਾ ਹੋਇਆ। ਗੱਲ ਮੁੱਕਦੀ ਕਿ ਉਹ ਰੋ ਪਿੱਟ ਕੇ ਬਹੁਤ ਮੁਸ਼ਕਿਲ ਸਹੀ ਟਾਈਮ ‘ਤੇ ਸਟੇਡੀਅਮ ਪਹੁੰਚ ਹੀ ਗਿਆ ਤੇ ਸਾਰਿਆਂ ਨੇ ਸੁੱਖ ਦਾ ਸਾਹ ਲਿਆ।ਉਸ ਨੇ ਕੰਬਦੇ ਹੱਥਾਂ ਨਾਲ ਕੌਮੀ ਝੰਡਾ ਲਹਿਰਾਇਆ,ਪਰੇਡ ਦਾ ਮੁਆਇਨਾ ਕੀਤਾ ਤੇ ਸਲਾਮੀ ਲੈਣ ਲਈ ਮੰਚ ‘ਤੇ ਖੜਾ ਹੋ ਗਿਆ। ਉਸ ਦੀ ਹਾਲਤ ਵੇਖਣਯੋਗ ਸੀ। ਸ਼ਰਾਬ ਤੇ ਮੀਟ ਮੱਛੀ ਦੇ ਦੁਆਰਾ ਪੈਦਾ ਹੋ ਰਹੀ ਅੰਦਰੂਨੀਗਰਮੀ ਕਾਰਨ ਜਨਵਰੀ ਦੀ ਠੰਡ ਵਿੱਚ ਵੀ ਉਸ ਨੂੰ ਤਰੇਲੀਆਂ ਆ ਰਹੀਆਂ ਸਨ। ਸਭ ਦੀਆਂ ਨਜ਼ਰਾਂ ਉਸ ਵੱਲਲੱਗੀਆਂ ਹੋਈਆਂ ਸਨ ਕਿ ਇਹ ਹੁਣ ਡਿੱਗਾ ਤੇ ਹੁਣ ਡਿੱਗਾ। ਪਰ ਉਸ ਨੇ ਕਿਸੇ ਤਰਾਂ ਸਲਾਮੀ ਲੈ ਲਈ ਤੇ ਨਾਲ ਹੀ ਸੋਫੇ ‘ਤੇ ਢਹਿ ਢੇਰੀ ਹੋ ਗਿਆ। ਦਸਾਂ ਪੰਦਰਾਂ ਮਿੰਟਾਂ ਵਿੱਚ ਹੀ ਉਹ ਪੰਜ ਛੇ ਗਲਾਸ ਨਿੰਬੂ ਪਾਣੀ ਦੇ ਸੁੜਕ ਗਿਆ।
ਉਸ ਦੇ ਸੱਜੇ ਤੇ ਖੱਬੇ ਪਾਸੇ ਡੀ.ਸੀ. ਅਤੇ ਐਸ.ਐਸ.ਪੀ. ਬੈਠੇ ਹੋਏਸਨ ਜੋ ਉਸ ਦੇ ਸਾਹ ਦੀ ਬਦਬੂ ਕਾਰਨ ਮਰਨ ਵਾਲੇ ਹੋਏ ਪਏ ਸਨ। ਪਰ ਕੌਣ ਆਖੇ ਰਾਣੀ ਅੱਗਾ ਢੱਕ? ਸਾਨੂੰ ਨਹੀਂ ਪਤਾ ਕਿ ਉਸ ਨੇ ਪਰੇਡ ਤੋਂ ਬਾਅਦ ਹੋਣ ਵਾਲਾ ਇਨਾਮ ਵੰਡ ਅਤੇ ਸਭਿਆਚਾਰਕ ਪ੍ਰੋਗਰਾਮ ਕਿਵੇਂ ਅਟੈਂਡ ਕੀਤਾ। ਪ੍ਰੋਗਰਾਮ ਖਤਮ ਹੁੰਦੇ ਸਾਰ ਉਹ ਆਪਣੀ ਕਾਰ ਦੀ ਪਿਛਲੀ ਸੀਟ ‘ਤੇ ਆਲੂਆਂ ਦੀ ਬੋਰੀ ਵਾਂਗ ਢਹਿ ਢੇਰੀ ਹੋ ਗਿਆ। ਮੰਤਰੀ ਦੀਆਂ ਨਿੱਤ ਦੀਆਂ ਅਜਿਹੀਆਂ ਕਰਤੂਤਾਂ ਕਾਰਨ ਤਜ਼ਰਬੇਕਾਰ ਹੋ ਚੁੱਕਾ ਉਸ ਦਾ ਨਿੱਜੀ ਸਟਾਫ ਉਸ ਨੂੰ ਲੈ ਕੇ ਫੁੱਰਰ ਹੋ ਗਿਆ।
ਬਲਰਾਜ ਸਿੰਘ ਸਿੱਧੂ
ਪੰਡੋਰੀ ਸਿੱਧਵਾਂ 9501100062