ਪਾਕਿਸਤਾਨ ਦੀ ਸਾਬਕਾ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਜ਼ਾਰੀ ਦੀ ਧੀ ਇਮਾਨ ਮਜ਼ਾਰੀ ਨੂੰ ਐਤਵਾਰ ਸਵੇਰੇ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਤਰਨੂਲ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਮਾਨ ਮਜ਼ਾਰੀ ਖਿਲਾਫ ਸਰਕਾਰੀ ਕੰਮਾਂ ਵਿੱਚ ਦਖ਼ਲਅੰਦਾਜ਼ੀ ਕਰਨ ਅਤੇ ਪ੍ਰਦਰਸ਼ਨ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਮਾਨ ਮਜ਼ਾਰੀ ਦੀ ਮਾਂ ਸ਼ਿਰੀਨ ਮਜ਼ਾਰੀ ਨੇ ਇਸ ਗ੍ਰਿਫਤਾਰੀ ਨੂੰ ‘ਅਗਵਾ’ ਕਰਾਰ ਦਿੰਦਿਆਂ ਕਿਹਾ ਕਿ ਸਾਦੇ ਕੱਪੜਿਆਂ ਵਿੱਚ ਆਏ ਲੋਕ ਸਾਡੇ ਘਰ ਦਾ ਮੁੱਖ ਦਰਵਾਜ਼ਾ ਤੋੜ ਕੇ ਮੇਰੀ ਧੀ ਨੂੰ ਚੁੱਕ ਕੇ ਲੈ ਗਏ। ਅਸੀਂ ਪੁੱਛਿਆ ਕਿ ਉਹ ਕਿਸ ਲਈ ਆਏ ਹਨ ਤਾਂ ਉਨ੍ਹਾਂ ਨੇ ਇਮਾਨ ਨੂੰ ਬਾਹਰ ਖਿੱਚ ਲਿਆ। ਉਨ੍ਹਾਂ ਨੇ ਪੂਰੇ ਘਰ ਦੀ ਤਲਾਸ਼ੀ ਲਈ। ਮੇਰੀ ਧੀ ਰਾਤ ਦੇ ਪਹਿਰਾਵੇ ਵਿੱਚ ਸੀ ਅਤੇ ਉਸ ਨੇ ਕਿਹਾ ਕਿ ਮੈਨੂੰ ਕੱਪੜੇ ਬਦਲਣ ਦਿਓ ਪਰ ਉਹ ਉਸ ਨੂੰ ਖਿੱਚ ਕੇ ਬਾਹਰ ਲੈ ਗਏ। ਜ਼ਾਹਿਰ ਹੈ ਕਿ ਕੋਈ ਵਾਰੰਟ ਜਾਂ ਕਿਸੇ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਗਈ ਸੀ। 9 ਮਈ ਦੇ ਦੰਗਿਆਂ ਤੋਂ ਬਾਅਦ ਸ਼ਿਰੀਨ ਮਜ਼ਾਰੀ ਨੂੰ ਪੁਲਸ ਹਿਰਾਸਤ ਵਿੱਚ ਲਿਆ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ।