ਬਿਨਾਕਾ ਗੀਤ ਮਾਲਾ ਦਾ ਸ਼ਹਿਨਸ਼ਾਹ ਸੀ ਅਮੀਨ ਸਯਾਨੀ

ਕੋਈ ਜ਼ਮਾਨਾ ਸੀ ਜਦੋਂ ਲੋਕ ਬਿਨਾਕਾ ਗੀਤਮਾਲਾ ਸੁਣਨ ਲਈ ਹਰ ਬੁੱਧਵਾਰ ਰਾਤ ਨੂੰ ਰੇਡੀਉ ਨਾਲ ਚਿਪਕ ਜਾਂਦੇ ਸਨ। ਭਾਰਤ ਦੇ ਸੁਪਰ ਸਟਾਰ ਅਨਾਊਂਸਰ ਅਮੀਨ ਸਯਾਨੀ ਦੀ ਅਵਾਜ਼ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਸੀ। ਅੱਜ ਕਲ੍ਹ ਲੋਕ ਹਰ ਸਮੇਂ ਸੋਸ਼ਲ ਮੀਡੀਆ ਨੂੰ ਚਿਪਕੇ ਰਹਿੰਦੇ ਹਨ ਤੇ ਸਭ ਦੀ ਇੱਛਾ ਫੇਸਬੁੱਕ, ਟਵਿੱਟਰ ਅਤੇ ਇੰਸਟਾਗਰਾਮ ਆਦਿ ‘ਤੇ ਵੱਧ ਤੋਂ ਵੱਧ ਲਾਈਕ ਬਟੋਰਨ ਦੀ ਹੈ। ਭਾਰਤ ਵਿੱਚ 13 ਜੂਨ 1923 ਤੋਂ ਰੇਡੀਉ ਪ੍ਰਸਾਰਣ ਦੇ ਸ਼ੁਰੂ ਹੋਣ ਤੋਂ ਲੈ ਕੇ ਕੇਬਲ, ਡਿੱਸ਼ ਅਤੇ ਇੰਟਰਨੈੱਟ ਟੀਵੀ ਤੇ ਮੋਬਾਇਲ ਆਦਿ ਦੇ ਸ਼ੁਰੂ ਹੋਣ ਤੋਂ ਪਹਿਲਾਂ ਲੋਕਾਂ ਦੇ ਮੰਨੋਰੰਜਨ ਦਾ ਸਾਧਨ ਸਿਰਫ ਰੇਡੀਉ ਤੇ ਟਰਾਂਜਿਸਟਰ ਹੀ ਹੁੰਦੇ ਸਨ। ਪ੍ਰੰਤੂ ਭਾਰਤੀ ਰੇਡੀਉ ਦੇ ਇਤਿਹਾਸ ਵਿੱਚ ਅਮੀਨ ਸਯਾਨੀ ਦੁਆਰਾ ਪੇਸ਼ ਕੀਤਾ ਜਾਣ ਵਾਲਾ ਸੁੱਪਰ ਹਿੱਟ ਪ੍ਰੋਗਰਾਮ ਬਿਨਾਕਾ ਗੀਤ ਮਾਲਾ ਪੁਰਾਣੇ ਲੋਕਾਂ ਦੇ ਚੇਤਿਆਂ ਵਿੱਚ ਅੱਜ ਵੀ ਤਾਜ਼ਾ ਹੈ ਜੋ ਪਹਿਲੇ ਦਿਨ ਤੋਂ ਹੀ ਲਗਾਤਾਰ ਸਫਲਤਾ ਦੀਆਂ ਪੌੜੀਆਂ ਚੜ੍ਹਦਾ ਗਿਆ। ਇੱਕ ਵੇਲੇ ਇਸ ਦੇ ਸਰੋਤਿਆਂ ਦੀ ਗਿਣਤੀ ਦੋ ਕਰੋੜ ਤੋਂ ਵੀ ਵਧ ਗਈ ਸੀ।

ਬਿਨਾਕਾ ਗੀਤ ਮਾਲਾ ਭਾਰਤ ਵਿੱਚ ਹਿੰਦੀ ਫਿਲਮੀ ਗਾਣਿਆਂ ਦਾ ਪਹਿਲਾ ਕਾਊਂਟ ਡਾਊਨ ਪ੍ਰੋਗਰਾਮ ਸੀ। ਹਰ ਬੁੱਧਵਾਰ ਜਦੋਂ ਅਮੀਨ ਸਯਾਨੀ ਆਪਣੀ ਦਿਲਕਸ਼ ਅਵਾਜ਼ ਵਿੱਚ ਬੋਲਦਾ, “ਬਹਨੋਂ ਔਰ ਭਾਈਉ, ਯਹ ਰੇਡੀਉ ਸੀਲੋਨ ਹੈ। ਮੈਂ ਅਮੀਨ ਸਯਾਨੀ ਹਾਜ਼ਰ ਹੂੰ ਆਪਕਾ ਮਨਪਸੰਦ ਪ੍ਰੋਗਰਾਮ ਬਿਨਾਕਾ ਗੀਤ ਮਾਲਾ ਲੇਕਰ” ਤਾਂ ਲੋਕ ਖੁਸ਼ੀ ਨਾਲ ਝੂਮ ਉੱਠਦੇ ਸਨ। ਅਮੀਨ ਸਯਾਨੀ ਉਹ ਪਹਿਲਾ ਅਨਾਊਂਸਰ ਸੀ ਜਿਸ ਨੇ ਬਾਕੀ ਅਨਾਊਸਰਾਂ ਵੱਲੋਂ ਬੋਲਿਆ ਜਾਣਾ ਵਾਲਾ ਵਾਕ ਭਾਈਉ ਔਰ ਬਹਿਨੋਂ ਦੀ ਜਗ੍ਹਾ ਬਹਿਨੋਂ ਔਰ ਭਾਈਉ ਕਹਿਣਾ ਸ਼ੁਰੂ ਕੀਤਾ ਸੀ। ਬਿਨਾਕਾ ਗੀਤ ਮਾਲਾ ਵਿੱਚ ਪੇਸ਼ ਕੀਤੀਆਂ ਜਾਂਦੀਆਂ ਮਿੱਠੀਆਂ ਧੁੰਨਾ ਵਾਲੇ ਗੀਤ ਸਰੋਤਿਆਂ ਨੂੰ ਪੂਰੇ ਇੱਕ ਘੰਟੇ ਲਈ ਕਿਸੇ ਹੋਰ ਹੀ ਦੁਨੀਆਂ ਵਿੱਚ ਲੈ ਜਾਂਦੇ ਸਨ। ਬਿਨਾਕਾ ਗੀਤ ਮਾਲਾ ਦਾ ਪਹਿਲਾ ਪ੍ਰੋਗਰਾਮ 12 ਦਸੰਬਰ ਸੰਨ 1952 ਨੂੰ ਪ੍ਰਸਾਰਿਤ ਹੋਇਆ ਸੀ। ਪਹਿਲੇ ਹੀ ਦਿਨ ਪ੍ਰਸਾਰਿਤ ਕੀਤੇ ਗਏ ਮਹਿਲ, ਨਾਗਿਨ ਅਤੇ ਉੜਨ ਖਟੋਲਾ ਵਰਗੀਆਂ ਫਿਲਮਾਂ ਦੇ ਸੁਪਰ ਹਿੱਟ ਗੀਤਾਂ ਅਤੇ ਅਮੀਨ ਸਯਾਨੀ ਦੇ ਦਿਲਕਸ਼ ਅਤੇ ਅਨੂਠੇ ਅੰਦਾਜ਼ ਨੇ ਲੋਕਾਂ ਨੂੰ ਸਦਾ ਲਈ ਇਸ ਪ੍ਰੋਗਰਾਮ ਦਾ ਦੀਵਾਨਾ ਬਣਾ ਦਿੱਤਾ ਤੇ ਦਿਨਾਂ ਵਿੱਚ ਹੀ ਇਹ ਰੇਡੀਉ ਦਾ ਸਭ ਤੋਂ ਵੱਧ ਪਸੰਦੀਦਾ ਪ੍ਰੋਗਰਾਮ ਬਣ ਗਿਆ।
ਸ਼ੁਰੂ ਸ਼ੁਰੂ ਵਿੱਚ ਇਸ ਪ੍ਰੋਗਰਾਮ ਦੌਰਾਨ ਸਿਰਫ 7 ਗਾਣੇ ਸੁਣਾਏ ਜਾਂਦੇ ਸਨ ਤੇ ਗੀਤਾਂ ਦੀ ਦਰਜ਼ਾਬੰਦੀ ਨਹੀਂ ਸੀ ਕੀਤੀ ਜਾਂਦੀ।

ਸੰਨ 1954 ਤੋਂ ਬਿਨਾਕਾ ਗੀਤ ਮਾਲਾ ਕਾਊਂਟ ਡਾਊਨ ਪ੍ਰੋਗਰਾਮ ਬਣ ਗਿਆ ਤੇ ਗਾਣਿਆਂ ਨੂੰ ਹਫਤਾਵਰੀ ਰੇਟਿੰਗ ਦਿੱਤੀ ਜਾਣ ਲੱਗੀ। ਪਹਿਲੇ ਸਲਾਨਾ ਕਾਊਂਟ ਡਾਊਨ (1953) ਵਿੱਚ ਫਿਲਮ ਅਨਾਰਕਲੀ ਦਾ ਲਤਾ ਮੰਗੇਸ਼ਕਰ ਦੁਆਰਾ ਗਾਇਆ ਗਿਆ ਗੀਤ, ਜੇ ਜ਼ਿੰਦਗੀ ਉਸੀ ਕੀ ਹੈ, ਜੋ ਕਿਸੀ ਕਾ ਹੋ ਗਯਾ, ਤੇ ਆਖਰੀ ਸਲਾਨਾ ਕਾਊਂਟ ਡਾਊਨ (1994) ਵਿੱਚ ਵੀ ਲਤਾ ਮੰਗੇਸ਼ਕਰ ਦਾ ਹੀ ਫਿਲਮ ਹਮ ਆਪਕੇ ਹੈਂ ਕੌਨ ਵਿੱਚ ਗਾਇਆ ਗਾਣਾ, ਦੀਦੀ ਤੇਰਾ ਦੇਵਰ ਦੀਵਾਨਾ, ਪਹਿਲੇ ਨੰਬਰ ‘ਤੇ ਆਏ ਸਨ। ਹੌਲੀ ਹੌਲੀ ਗਾਣਿਆਂ ਦੀ ਰੇਟਿੰਗ ਹੀ ਇਸ ਪ੍ਰੋਗਰਾਮ ਦੀ ਲੋਕਪ੍ਰਿਯਤਾ ਦਾ ਮੁੱਖ ਕਾਰਨ ਬਣ ਗਈ। ਗੀਤਾਂ ਦੀ ਰੇਟਿੰਗ ਕਰਨ ਲਈ ਕਈ ਨੁਕਤਿਆਂ ‘ਤੇ ਧਿਆਨ ਦਿੱਤਾ ਜਾਂਦਾ ਸੀ ਜਿਵੇਂ ਰਿਕਾਰਡਾਂ ਦੀ ਵਿਕਰੀ, ਬਾਕੀ ਰੇਡੀਉ ਸਟੇਸ਼ਨਾਂ ‘ਤੇ ਗਾਣੇ ਦੀ ਕਿੰਨੀ ਫਰਮਾਇਸ਼ ਆ ਰਹੀ ਹੈ ਤੇ ਸਰੋਤਿਆਂ ਵੱਲੋਂ ਬਿਨਾਕਾ ਗੀਤ ਮਾਲਾ ਨੂੰ ਕਿਸੇ ਗਾਣੇ ਦੇ ਹੱਕ ਲਿਖੀਆਂ ਗਈਆਂ ਚਿੱਠੀਆਂ ਦੀ ਗਿਣਤੀ। ਪ੍ਰੰਤੂ ਬਾਅਦ ਵਿੱਚ ਸਰੋਤਿਆਂ ਤੋਂ ਵੋਟਾਂ ਲੈਣੀਆਂ ਬੰਦ ਕਰ ਦਿੱਤੀਆਂ ਗਈਆਂ ਕਿਉਂਕਿ ਪਤਾ ਲੱਗਾ ਕਿ ਕਈ ਸਰੋਤੇ ਆਪਣੇ ਮਨਪਸੰਦ ਗਾਣੇ ਨੂੰ ਰੇਟਿੰਗ ਵਿੱਚ ਉੱਪਰ ਲਿਆਉਣ ਲਈ ਵਿੱਚ ਵੱਖ ਵੱਖ ਨਾਵਾਂ ‘ਤੇ ਦਰਜ਼ਨਾਂ ਚਿੱਠੀਆਂ ਲਿਖਣ ਲੱਗ ਪਏ ਸਨ।

ਬਿਨਾਕਾ ਗੀਤ ਮਾਲਾ ਦਾ ਨਾਮ ਦੋ ਵਾਰ ਬਦਲਿਆ ਗਿਆ ਸੀ। ਸ਼ੁਰੂ ਵਿੱਚ ਇਸ ਪ੍ਰੋਗਰਾਮ ਦੀ ਸਪਾਂਸਰ ਕੌਲਗੇਟ ਟੁੱਥ ਪੇਸਟ ਬਣਾਉਣ ਵਾਲੀ ਕੰਪਨੀ ਸੀਬਾ ਗਾਈਗੀ ਸੀ। 1980 ਵਿੱਚ ਸੀਬਾ ਗਾਈਗੀ ਨੇ ਕੌਲਗੇਟ ਬਰਾਂਡ ਰੈਕਿਟ ਐਂਡ ਕੋਲਮੈਨ ਕੰਪਨੀ ਨੂੰ ਵੇਚ ਦਿੱਤਾ ਤਾਂ ਉਸ ਨੇ ਬਿਨਾਕਾ ਦਾ ਨਾਮ ਬਦਲ ਕੇ ਸਿਬਾਕਾ ਰੱਖ ਲਿਆ ਤਾਂ ਪ੍ਰੋਗਰਾਮ ਦਾ ਨਾਮ ਸਿਬਾਕਾ ਗੀਤ ਮਾਲਾ ਹੋ ਗਿਆ। 1994 ਵਿੱਚ ਕੌਲਗੇਟ ਪਾਮੋਲਿਵ ਕੰਪਨੀ ਨੇ ਸਿਬਾਕਾ ਬਰਾਂਡ ਖਰੀਦ ਲਿਆ ਤਾਂ ਇਸ ਦਾ ਨਾਮ ਕੌਲਗੇਟ ਸਿਬਾਕਾ ਗੀਤ ਮਾਲਾ ਰੱਖ ਦਿੱਤਾ ਗਿਆ। ਪਹਿਲਾਂ ਇਹ ਰੇਡੀਉ ਸੀਲੋਨ (ਸ੍ਰੀ ਲੰਕਾ) ਤੋਂ ਪ੍ਰਸਾਰਿਤ ਕੀਤਾ ਜਾਂਦਾ ਸੀ ਪਰ ਸੰਨ 1988 ਤੋਂ ਬਾਅਦ ਇਹ ਵਿਵਿਧ ਭਾਰਤੀ (ਆਲ ਇੰਡੀਆ ਰੇਡੀਉ, ਨਵੀਂ ਦਿੱਲੀ) ਤੋਂ ਪ੍ਰਸਾਰਿਤ ਕੀਤਾ ਜਾਣ ਲੱਗ ਪਿਆ। ਬਿਨਾਕਾ ਗੀਤ ਮਾਲਾ ਵਿੱਚ 25 ਵਾਰ ਵੱਜਣ ਤੋਂ ਬਾਅਦ ਗਾਣੇ ਨੂੰ ਰਿਟਾਇਰ ਕਰ ਦਿੱਤਾ ਜਾਂਦਾ ਸੀ। ਹਫਤਾਵਰੀ ਕਾਊਂਟ ਡਾਊਨਾਂ ਦੇ ਅਧਾਰ ‘ਤੇ ਇੱਕ ਨੰਬਰ ‘ਤੇ ਆਇਆ ਗੀਤ, ਹਰ ਸਾਲ ਦਸੰਬਰ ਦੇ ਆਖਰੀ ਬੁੱਧਵਾਰ ਨੂੰ ਬਿਨਾਕਾ ਗੀਤ ਮਾਲਾ ਸਰਤਾਜ ਗੀਤ ਘੋਸ਼ਿਤ ਕਰ ਕੇ ਪ੍ਰਸਾਰਿਤ ਕੀਤਾ ਜਾਂਦਾ ਸੀ। ਪਰ ਹੌਲੀ ਹੌਲੀ ਲੋਕਾਂ ਦਾ ਧਿਆਨ ਪ੍ਰਾਈਵੇਟ ਟੀਵੀ ਚੈਨਲਾਂ ‘ਤੇ ਪ੍ਰਸਾਰਿਤ ਹੋਣ ਵਾਲੇ ਸੰਗੀਤਕ ਸੁਪਰ ਹਿੱਟ ਮੁਕਾਬਲਿਆਂ ਵੱਲ ਹੋ ਗਿਆ ਜਿਸ ਕਾਰਨ ਸੰਨ 1994 ਵਿੱਚ ਇਸ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਗਿਆ। 1998 ਵਿੱਚ ਆਲ ਇੰਡੀਆ ਰੇਡੀਉ ਨੇ ਇਸ ਨੂੰ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ। ਇਸ ਦਾ ਟਾਈਮ ਘਟਾ ਕੇ ਅੱਧਾ ਘੰਟਾ ਤੇ ਦਿਨ ਬੁੱਧਵਾਰ ਦੀ ਜਗ੍ਹਾ ਸੋਮਵਾਰ ਕਰ ਦਿੱਤਾ ਗਿਆ। ਪਰ ਸਰੋਤਿਆਂ ਵੱਲੋਂ ਕੋਈ ਖਾਸ ਹੁੰਗਾਰਾ ਨਾ ਮਿਲਣ ਕਾਰਨ ਸੰਨ 2000 ਵਿੱਚ ਬਿਨਾਕਾ ਗੀਤ ਮਾਲਾ ਨੂੰ ਪੱਕੇ ਤੌਰ ‘ਤੇ ਬੰਦ ਕਰ ਦਿੱਤਾ ਗਿਆ। ਇਸ ਪ੍ਰੋਗਰਾਮ ਦੀ ਖਾਸ ਗੱਲ ਇਹ ਹੈ ਕਿ 1954 ਤੋਂ ਲੈ ਕੇ 2000 ਤੱਕ ਇਸ ਦਾ ਪੇਸ਼ਕਰਤਾ ਅਮੀਨ ਸਯਾਨੀ ਹੀ ਰਿਹਾ ਹੈ।

ਇਸ ਪ੍ਰੋਗਰਾਮ ਵਿੱਚ ਹਫਤਾਵਰੀ ਅਤੇ ਸਲਾਨਾ ਰੇਟਿੰਗ ਵਿੱਚ ਇੱਕ ਨੰਬਰ ‘ਤੇ ਸਭ ਤੋਂ ਵੱਧ ਗਾਣੇ ਲਤਾ ਮੰਗੇਸ਼ਕਰ ਦੇ ਆਏ ਸਨ। ਉਸ ਤੋਂ ਬਾਅਦ ਮੁਹੰਮਦ ਰਫੀ ਅਤੇ ਕਿਸ਼ੋਰ ਕੁਮਾਰ ਦਾ ਨੰਬਰ ਆਉਂਦਾ ਹੈ। 12 ਦਸੰਬਰ 1977 ਨੂੰ ਇਸ ਪ੍ਰੋਗਰਾਮ ਦੇ 25 ਸਾਲ ਪੂਰੇ ਹੋਣ ‘ਤੇ ਮੁੰਬਈ ਵਿਖੇ ਇਸ ਦੀ ਸਿਲਵਰ ਜੁਬਲੀ ਮਨਾਈ ਗਈ ਜਿਸ ਵਿੱਚ ਭਾਰਤ ਦੇ ਚੋਟੀ ਦੇ ਸੰਗੀਤਕਾਰਾਂ, ਕਵੀਆਂ, ਗਾਇਕਾਂ ਅਤੇ ਫਿਲਮ ਸਟਾਰਾਂ ਨੇ ਹਿੱਸਾ ਲਿਆ ਸੀ। ਇਸ ਮੌਕੇ ‘ਤੇ ਅਮੀਨ ਸਯਾਨੀ ਦੀ ਕਮੈਂਟਰੀ ਵਾਲੇ ਦੋ ਗੋਲਡਨ ਰਿਕਾਰਡ ਜਾਰੀ ਕੀਤੇ ਗਏ ਜਿਨ੍ਹਾਂ ਨੇ ਵਿਕਰੀ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਪਹਿਲੇ ਰਿਕਾਰਡ ਵਿੱਚ 1953 ਤੋਂ 1964 ਤੱਕ ਦੇ ਤੇ ਦੂਸਰੇ ਰਿਕਾਰਡ ਵਿੱਚ 1965 ਤੋਂ 1977 ਤੱਕ ਦੇ ਸਲਾਨਾ ਰੇਟਿੰਗ ਵਿੱਚ ਪਹਿਲੇ ਨੰਬਰ ‘ਤੇ ਆਉਣ ਵਾਲੇ ਗਾਣੇ ਸ਼ਾਮਲ ਕੀਤੇ ਗਏ ਸਨ।

ਬਿਨਾਕਾ ਗੀਤ ਮਾਲਾ ਦਾ ਵੇਰਵਾ ਇਸ ਦੇ ਪੇਸ਼ਕਰਤਾ ਅਮੀਨ ਸਯਾਨੀ ਦੇ ਵਰਨਣ ਤੋਂ ਬਗੈਰ ਅਧੂਰਾ ਹੈ। ਉਸ ਦਾ ਜਨਮ 21 ਦਸੰਬਰ 1932 ਨੂੰ ਮੁੰਬਈ ਵਿਖੇ ਹੋਇਆ ਸੀ ਤੇ ਉਸ ਦੇ ਪਿਤਾ ਦਾ ਨਾਮ ਜਾਨ ਮੁਹੰਮਦ ਸਯਾਨੀ, ਮਾਤਾ ਦਾ ਨਾਮ ਕੁਲਸਮ ਸਯਾਨੀ ਤੇ ਪਤਨੀ ਦਾ ਨਾਮ ਰਾਮਾ ਮੱਟੂ ਹੈ ਤੇ ਇੱਕ ਪੁੱਤਰ ਰਾਜਿਲ ਸਯਾਨੀ ਹੈ। ਉਸ ਨੇ ਸਿੰਧੀਆ ਸਕੂਲ ਗਵਾਲੀਅਰ ਅਤੇ ਸੇਂਟ ਜ਼ੈਵੀਅਰ ਕਾਲਜ ਮੁੰਬਈ ਤੋਂ ਵਿਦਿਆ ਹਾਸਲ ਕੀਤੀ ਹੈ। ਅਮੀਨ ਸਯਾਨੀ ਨੇ 1951 ਵਿੱਚ ਆਲ ਇੰਡੀਆ ਰੇਡੀਉ ਮੁੰਬਈ ਵਿਖੇ ਨੌਕਰੀ ਸ਼ੁਰੂ ਕੀਤੀ ਤੇ ਸ਼ੁਰੂਆਤੀ ਦੋ ਸਾਲ ਉਸ ਨੇ ਇੰਗਲਿਸ਼ ਪ੍ਰੋਗਰਾਮ ਪੇਸ਼ ਕੀਤੇ। ਪਰ ਉਸ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਬਿਨਾਕਾ ਗੀਤ ਮਾਲਾ ਤੋਂ ਮਿਲੀ। ਇਸ ਪ੍ਰੋਗਰਾਮ ਤੋਂ ਇਲਾਵਾ ਉਸ ਨੇ ਆਲ ਇੰਡੀਆ ਰੇਡੀਉ ‘ਤੇ ਐਸ ਕੁਮਾਰ ਕਾ ਫਿਲਮੀ ਮੁਕਾਬਲਾ, ਸੈਰੀਡਾਨ ਕੇ ਸਾਥੀ, ਬੌਰਨਵੀਟਾ ਕੁਵਿਜ਼ ਮੁਕਾਬਲਾ, ਸਿਤਾਰੋਂ ਕੀ ਪਸੰਦ, ਮਹਿਕਤੀ ਬਾਤੇਂ ਅਤੇ ਸੰਗੀਤ ਕੇ ਸਿਤਾਰੋਂ ਕੀ ਮਹਿਫਲ ਆਦਿ ਅਨੇਕਾਂ ਸਫਲ ਪ੍ਰੋਗਰਾਮ ਪੇਸ਼ ਕੀਤੇ। ਭਾਰਤ ਤੋਂ ਇਲਾਵਾ ਉਸ ਨੇ ਅਮਰੀਕਾ, ਕੈਨੇਡਾ, ਮਾਰੀਸ਼ੀਅਸ, ਦੱਖਣੀ ਅਫਰੀਕਾ, ਡੁਬਈ, ਫਿਜ਼ੀ ਅਤੇ ਨਿਊਜ਼ੀਲੈਂਡ ਆਦਿ ਕਈ ਦੇਸ਼ਾਂ ਦੇ ਰੇਡੀਉ ਸਟੇਸ਼ਨਾਂ ‘ਤੇ ਵੀ ਪ੍ਰੋਗਰਾਮ ਪੇਸ਼ ਕੀਤੇ ਹਨ। ਰੇਡੀਉ ਤੋਂ ਇਲਾਵਾ ਉਹ ਸਟੇਜ਼ ਪ੍ਰੋਗਰਾਮ ਪੇਸ਼ ਕਰਨ ਦਾ ਵੀ ਮਾਹਰ ਸੀ ਤੇ ਉਸ ਨੇ 2100 ਦੇ ਕਰੀਬ ਸੁੰਦਰਤਾ ਮੁਕਾਬਲੇ, ਫੈਸ਼ਨ ਸ਼ੋਅ, ਇਨਾਮ ਵੰਡ ਸਮਾਰੋਹ, ਫਿਲਮ ਸਿਲਵਰ ਗੋਲਡਨ ਜ਼ੁਬਲੀ ਸ਼ੋਅ ਤੇ ਸੈਮੀਨਾਰ ਆਦਿ ਪੇਸ਼ ਕੀਤੇ। ਉਹ ਹੁਣ ਤੱਕ ਰੇਡੀਉ ‘ਤੇ ਕਰੀਬ 54000 ਵਾਰ ਪ੍ਰੋਗਰਾਮ ਪੇਸ਼ ਕਰ ਚੁੱਕਾ ਹੈ ਜਿਸ ਕਾਰਨ ਉਸ ਦਾ ਨਾਮ ਲਿਮਕਾ ਬੁੱਕ ਆਫ ਰਿਕਾਰਡਜ਼ ਵਿੱਚ ਦਰਜ਼ ਹੈ। ਉਹ ਭਾਰਤ ਦਾ ਵਾਹਿਦ ਰੇਡੀਉ ਪੇਸ਼ਕਰਤਾ ਹੈ ਜਿਸ ਦੇ ਬੋਲਣ ਦੇ ਅੰਦਾਜ਼ ਦੀ ਸਭ ਤੋਂ ਵੱਧ ਨਕਲ ਕੀਤੀ ਜਾਂਦੀ ਹੈ। ਉਸ ਨੂੰ 2007 ਵਿੱਚ ਹਿੰਦੀ ਰਤਨ ਪੁਰਸਕਾਰ ਅਤੇ 2009 ਵਿੱਚ ਪਦਮ ਸ਼੍ਰੀ ਅਵਾਰਡ ਸਮੇਤ ਸੈਂਕੜੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਵਾਰਡ ਤੇ ਇਨਾਮ ਇਕਰਾਮ ਹਾਸਲ ਹੋ ਚੁੱਕੇ ਹਨ। ਅਖੀਰ ਉਹ ਕੁਦਰਤ ਦੇ ਅਟੱਲ ਨਿਯਮ ਮੁਤਾਬਕ 20 ਫਰਵਰੀ 2024 ਵਾਲੇ ਦਿਨ 92 ਸਾਲ ਦੀ ਉਮਰ ਭੋਗ ਕੇ ਪ੍ਰਲੋਕ ਸਿਧਾਰ ਗਿਆ।

ਬਲਰਾਜ ਸਿੰਘ ਸਿੱਧੂ ਏ.ਆਈ.ਜੀ
ਪੰਡੋਰੀ ਸਿੱਧਵਾਂ 9501100062