ਕੈਨੇਡਾ ਵਿੱਚ ਸੈਂਕੜੇ ਭਾਰਤੀ ਵਿਦਿਆਰਥੀਆਂ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਉਨ੍ਹਾਂ ਨੂੰ ਸਤੰਬਰ ਵਿੱਚ ਸ਼ੁਰੂ ਹੋਏ ਸੈਸ਼ਨ ਵਿੱਚ ਸ਼ਾਮਲ ਹੋਣ ਤੋਂ ਅਚਾਨਕ ਰੋਕ ਦਿੱਤਾ ਗਿਆ ਹੈ। ਇਸ ਕਾਰਨ ਅਗਸਤ ਤੇ ਸਤੰਬਰ ਵਿੱਚ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ ਹੈ।
ਹਾਸਲ ਜਾਣਕਾਰੀ ਮੁਤਾਬਕ ਮੁੱਖ ਤੌਰ ‘ਤੇ ਓਂਟਾਰੀਓ ਦੇ ਨਾਰਦਨ ਕਾਲਜ ਨੇ ਸਤੰਬਰ ਸੈਸ਼ਨ ਲਈ ਵਿਦਿਆਰਥੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪਤਾ ਲੱਗਾ ਹੈ ਕਿ ਇਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਪੰਜਾਬ ਤੋਂ ਹੀ ਹਨ। ਕਰੀਬ ਤਿੰਨ ਹਜ਼ਾਰ ਵਿਦਿਆਰਥੀਆਂ ਨੇ ਕੈਨੇਡਾ ਜਾਣ ਲਈ ਪੂਰੀ ਤਿਆਰੀ ਕਰ ਲਈ ਸੀ। ਇਸ ਲਈ ਕੈਨੇਡਾ ਜਾਣ ਲਈ ਇੱਕ ਪਾਸੇ ਦੀਆਂ ਹਵਾਈ ਟਿਕਟਾਂ ਵੀ ਖਰੀਦ ਲਈਆਂ ਸਨ। ਹੁਣ ਨਵੀਂ ਮੁਸੀਬਤ ਖੜ੍ਹੀ ਹੋਣ ਮਗਰੋਂ ਇਹ ਹਵਾਈ ਕਿਰਾਇਆ ਰਿਫੰਡ ਵੀ ਨਹੀਂ ਹੋ ਸਕਦਾ।
ਉਧਰ, ਇਹ ਮਾਮਲਾ ਕੈਨੇਡਾ ਦੀਆਂ ਕੁਝ ਸਿੱਖ ਜਥੇਬੰਦੀਆਂ ਵੱਲੋਂ ਵੀ ਉਠਾਇਆ ਗਿਆ ਹੈ। ਵਿਦਿਆਰਥੀਆਂ ਦੇ ਮਾਪੇ ਵੀ ਕਾਲਜ ਨੂੰ ਈਮੇਲ ਕਰਕੇ ਸਤੰਬਰ ਵਿੱਚ ਹੀ ਪੜ੍ਹਾਈ ਸ਼ੁਰੂ ਕਰਨ ਲਈ ਕਹਿ ਰਹੇ ਹਨ। ਇਸ ਮਾਮਲੇ ਵਿੱਚ ਓਣਟਾਰੀਓ ਦੇ ਕਾਲਜ ਤੇ ਯੂਨੀਵਰਸਿਟੀਜ਼ ਮੰਤਰੀ ਜੇਨ ਡਨਲੈਪ ਨੂੰ ਵੀ ਪੱਤਰ ਲਿਖਿਆ ਗਿਆ ਹੈ। ਵਿਦਿਆਰਥੀਆਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਕੈਨੇਡਾ ਦੀ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਨਾਰਦਰਨ ਕਾਲਜ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਅਚਾਨਕ ਸੈਂਕੜੇ ਵਿਦਿਆਰਥੀਆਂ ਦੇ ਦਾਖਲੇ ਵਾਪਸ ਲੈਣ ਦਾ ਫੈਸਲਾ ਸਹੀ ਨਹੀਂ।
ਹਾਸਲ ਜਾਣਕਾਰੀ ਮੁਤਾਬਕ ਵਿਦਿਆਰਥੀਆਂ ਨੂੰ ਅਗਸਤ ਦੇ ਸ਼ੁਰੂ ਵਿੱਚ ਦਾਖਲਾ ਰੱਦ ਕਰਨ ਬਾਰੇ ਈ-ਮੇਲ ਮਿਲਣੇ ਸ਼ੁਰੂ ਹੋ ਗਏ ਸਨ। ਇਸ ਦੌਰਾਨ ਉਹ ਅਗਸਤ ਦੀਆਂ ਤਰੀਕਾਂ ਲਈ ਮਹਿੰਗੀਆਂ ਹਵਾਈ ਟਿਕਟਾਂ ਖਰੀਦ ਚੁੱਕੇ ਸਨ। ਇੱਕ ਤਰਫਾ ਨੌਨ-ਰਿਫੰਡੇਬਲ ਟਿਕਟਾਂ ਹੋਣ ਕਰਕੇ, ਉਹ ਉਨ੍ਹਾਂ ਨੂੰ ਰਿਫੰਡ ਜਾਂ ਰੱਦ ਨਹੀਂ ਕਰਵਾ ਸਕਦੇ।
ਇਸ ਤੋਂ ਇਲਾਵਾ ਇਨ੍ਹਾਂ ਵਿਦਿਆਰਥੀਆਂ ਨੇ ਕੈਨੇਡਾ ਵਿੱਚ ਰਹਿਣ ਦਾ ਕਿਰਾਇਆ ਵੀ ਅਦਾ ਕੀਤਾ ਹੋਇਆ ਹੈ। ਕਾਲਜ ਤੋਂ ਰਿਫੰਡ ਵੀ ਕੁਝ ਕਟੌਤੀ ਤੋਂ ਬਾਅਦ ਹੀ ਮਿਲੇਗਾ। ਅਗਲੇ ਸੈਸ਼ਨ ਲਈ ਜਨਵਰੀ ਵਿੱਚ ਮੈਡੀਕਲ ਜਾਂਚ ਤੇ ਆਈਲੈਟਸ ਦੁਬਾਰਾ ਕਰਵਾਉਣੀ ਪੈ ਸਕਦੀ ਹੈ। ਇਸ ‘ਤੇ ਫਿਰ ਹਜ਼ਾਰਾਂ ਦਾ ਖਰਚਾ ਆਵੇਗਾ।