ਨਿਊਯਾਰਕ , 9 ਅਗਸਤ ( ਰਾਜ ਗੋਗਨਾ) ਬੀਤੇਂ ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਸੁਸਾਇਟੀ ਆਫ ਹੈਰੇਸਬਰਗ , ਪੈਨਸਿਲਵੀਨੀਆ ਦੀ ਸਮੂੰਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਉੱਦਮ ਸਦਕਾ ਸਾਵਣ ਦੇ ਮਹੀਨੇ ਨੂੰ ਮੁੱਖ ਰੱਖਦਿਆਂ ਮਲਾਰ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਗੁਰੂ ਕੇ ਕੀਰਤਨੀਏਂ ਨੂਰ-ਏ-ਖਾਲਸਾ , ਜੱਥਾ ਅਤੇ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਗ੍ਰੰਥੀ ਭਾਈ ਅਸ਼ਵਿੰਦਰ ਸਿੰਘ ਜੀ ਅਤੇ ਭਾਈ ਅਸ਼ਵੀਰ ਸਿੰਘ ਜੀ ਨੇ ਕੀਰਤਨ ਰਾਹੀਂ ਹਾਜ਼ਰੀ ਭਰ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸ੍ਰੀ ਸੁਖਮਨੀਂ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਅਸ਼ਵਿੰਦਰ ਸਿੰਘ ਜੀ ਨੇ ਰਾਗ ਮਲਾਰ ਵਿੱਚ ਗੁਰਬਾਣੀ ਸ਼ਬਦਾਂ ਦਾ ਗਾਇਨ ਕੀਤਾ ਅਤੇ ਉਹਨਾਂ ਤੋਂ ਬਾਅਦ ਲਗਭੱਗ ਡੇਢ ਘੰਟਾ ਨੂਰ-ਏ-ਖਾਲਸਾ , ਜੱਥੇ ਨੇ ਸਾਵਣ ਮਹੀਨੇ ਵਿੱਚ ਗਾਏ ਜਾਂਦੇ ਪ੍ਰਚਲਤ ਰਾਗ ਮਲਾਰ , ਰਾਗ ਮਾਝ , ਰਾਗ ਵਡਹੰਸ , ਰਾਗ ਤੁਖਾਰੀ , ਵਿੱਚ ਗੁਰਬਾਣੀ ਸ਼ਬਦਾਂ ਦਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ , ਅਖੀਰ ਵਿੱਚ ਗੁਰਦੁਆਰਾ ਸਾਹਿਬ ਜੀ ਦੇ ਜਨਰਲ ਸਕੱਤਰ ਭਾਈ ਕੁਲਦੀਪ ਸਿੰਘ ਜੀ ਨੇ ਆਈਆਂ ਸੰਗਤਾਂ ਦਾ ਅਤੇ ਵਿਸ਼ੇਸ ਕਰਕੇ ਨੂਰ -ਏ-ਖਾਲਸਾ ਜੱਥੇ ਦਾ ਵਿਸ਼ੇਸ ਧੰਨਵਾਦ ਕੀਤਾ ਅਤੇ ਆਉਣ ਵਾਲੇ ਹਫ਼ਤੇ ਦੇ ਪ੍ਰੋਗਰਾਮਾਂ ਦਾ ਵੇਰਵਾ ਦਿੱਤਾ , ਉਹਨਾਂ ਤੋਂ ਬਾਅਦ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਭਾਈ ਨਵਤੇਜ ਸਿੰਘ ਜੀ ਗਰੇਵਾਲ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਗੁਰਦੁਆਰਾ ਸਾਹਿਬ ਜੀ ਵੱਲੋਂ ਚੱਲ ਰਹੀਆਂ ਵੱਖ-ਵੱਖ ਸੇਵਾਵਾਂ ਬਾਰੇ ਵੇਰਵਾ ਦਿੱਤਾ ਅਤੇ ਨੂਰ-ਏ-ਖਾਲਸਾ ਜੱਥੇ ਦੀ ਚੜਦੀ ਕਲਾ ਲਈ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ।